ਵਿਸ਼ਵ-ਪ੍ਰਸਿੱਧ ਕਹਾਣੀਆਂ ਦਾ ਪੰਜਾਬੀ ਕਾਵਿ-ਰੂਪ ਕਰਮਜੀਤ ਸਿੰਘ ਗਠਵਾਲਾ

ਇਹ ਰਚਨਾ ਗਰਿਗੋਰੀਓ ਲੋਪੇਜ਼ ਵਾਇ ਫ਼ਯੂਐਂਟਸ ਦੀ ਸਪੇਨੀ ਕਹਾਣੀ

‘A Letter To God’ ਤੇ ਆਧਾਰਿਤ ਹੈ)

ਸਾਰੀ ਵਾਦੀ ਵਿਚ ਦਿਸਦਾ ਘਰ ਇੱਕੋ,
ਨੀਵੀਂ ਪਹਾੜੀ ਦੇ ਸਿਖਰ ਜੋ ਵੱਸਦਾ ਸੀ ।
ਉਸ ਥਾਂ ਤੋਂ ਜਿਧਰ ਵੀ ਨਜ਼ਰ ਮਾਰੋ,
ਦੂਰ ਦੂਰ ਤੋੜੀ ਸਾਫ਼ ਦਿੱਸਦਾ ਸੀ ।
ਇਕ ਨਦੀ ਵਹਿੰਦੀ, ਅੱਗੇ ਪਸ਼ੂ-ਵਾੜਾ,
ਜਿਦ੍ਹੇ ਨੇੜੇ ਦੇ ਖੇਤ ਸੀ ਫਸਲ ਭਾਰੀ ।
ਟਾਂਡੇ ਮੱਕੀ ਦੇ ਛੱਲੀਆਂ ਨਾਲ ਝੂਮਣ,
ਫੁੱਲ ਰਾਜਮਾਂਹ ਦੇ ਵਿੱਚ ਗੁਲਕਾਰੀ ।
ਫਸਲ ਵਿਚ ਕੋਈ ਘਾਟ ਨਾ ਦਿਸਦੀ ਸੀ,
ਇਕੋ ਚਿੰਤਾ ਪਰ ਲੈਂਕੋ ਨੂੰ ਖਾ ਰਹੀ ਸੀ ।
ਫਸਲ ਪਾਣੀ ਮੰਗੇ ਸਾਫ਼ ਦਿਸਦਾ ਸੀ,
ਕੋਈ ਬਦਲੀ ਨਾ ਕਿਧਰੋਂ ਆ ਰਹੀ ਸੀ ।
ਸਾਰੀ ਸਵੇਰ ਹੀ ਲੈਂਕੋ ਸੀ ਰਿਹਾ ਵਿੰਹਦਾ,
ਉੱਤਰ-ਪੂਰਬ ਵੱਲ ਜਿੱਧਰੋਂ ਆਉਣ ਬੱਦਲ ।
ਉਹਦਾ ਦਿਲ ਲੋਚੇ ਉਹਦੀ ਫਸਲ ਉੱਤੇ,
ਆਕੇ ਰਹਿਮਤ ਦਾ ਮੀਂਹ ਬਰਸਾਉਣ ਬੱਦਲ ।
ਉੱਚੀ ਆਵਾਜ਼ ਦੇ ਪਤਨੀ ਨੂੰ ਕਹਿਣ ਲੱਗਾ,
‘ਇੰਞ ਜਾਪਦੈ ਮੀਂਹ ਅੱਜ ਆਵਣਾ ਏਂ ।’
ਖਾਣਾ ਬਣਾ ਰਹੀ ਪਤਨੀ ਕਿਹਾ ਅੱਗੋਂ,
‘ਹੋਣਾ ਸੋਈ ਜੋ ਰੱਬ ਨੂੰ ਭਾਵਣਾ ਏਂ ।’
ਵੱਡੇ ਲੜਕੇ ਸੀ ਖੇਤ ਵਿਚ ਕੰਮ ਕਰਦੇ,
ਛੋਟੇ ਖੇਡ ਰੁੱਧੇ ਨਾ ਸੀ ਫ਼ਿਕਰ ਕਾਈ ।
ਘਰ ਵੱਲ ਨੂੰ ਸਾਰੇ ਹੀ ਚੱਲ ਪਏ,
‘ਖਾਣਾ ਤਿਆਰ ਏ,’ ਮਾਂ ਦੀ ‘ਵਾਜ਼ ਆਈ ।
ਖਾਣਾ ਖਾਣ ਵੇਲੇ ਕਣੇ ਪੈਣ ਲੱਗੇ,
ਸੱਚ ਲੈਂਕੋ ਦੀ ਹੋ ਗਈ ਭਵਿਖਬਾਣੀ ।
ਉਤਰ-ਪੂਰਬ ਵੱਲੋਂ ਪਰਬਤ ਬੱਦਲਾਂ ਦੇ,
ਉਨ੍ਹਾਂ ਵੱਲ ਆ ਰਹੇ ਬੰਨ੍ਹ ਢਾਣੀ ।
ਤਾਜ਼ੀ-ਮਿੱਠੀ ਹਵਾ ਦੇ ਆਏ ਬੁੱਲੇ,
ਲੈਂਕੋ ਆਪਣੇ ਵਾੜੇ ਵੱਲ ਉੱਠ ਤੁਰਿਆ ।
ਕਿਉਂ ਨਾ ਮੀਂਹ ਦਾ ਕੁਝ ਅਨੰਦ ਲਵਾਂ,
ਉਹਦੇ ਮਨ ਵਿਚ ਇਹ ਖ਼ਿਆਲ ਫੁਰਿਆ ।
ਭਿੱਜ ਮੀਂਹ ਵਿਚ ਘਰ ਆ ਕਹਿਣ ਲੱਗਾ,
‘ਬੱਦਲ ਸਿੱਕਿਆਂ ਦੀ ਬਾਰਿਸ਼ ਕਰ ਰਹੇ ਨੇ ।
ਕੋਈ ਦਸ ਕੋਈ ਪੰਜ ਸੈਂਟੋਵ ਦਾ ਏ,
ਨਵੇਂ ਸਿੱਕੇ ਸਾਡੀ ਝੋਲੀ ਭਰ ਰਹੇ ਨੇ ।’

ਮੂੰਹ ਤੇ ਖੁਸ਼ੀ ਤਸੱਲੀ ਦੀ ਝਲਕ ਰਹੀ ਸੀ,
ਬਾਹਰ ਵਲ ਉਸ ਆਪਣੇ ਖੇਤ ਤੱਕੇ ।
ਉਹਦੇ ਮੱਕੀ, ਰਾਜਮਾਂਹ ਇਉਂ ਲੱਗਦੇ ਸਨ,
ਚਾਦਰ ਮੀਂਹ ਦੀ ਨੇ ਜਿਵੇਂ ਹੋਣ ਢੱਕੇ ।
ਅਚਣਚੇਤ ਝੱਖੜ ਆ ਕੇ ਲੱਗਾ ਝੁੱਲਣ,
ਗੜੇ ਚਾਂਦੀ ਰੰਗੇ ਕਿਧਰੋਂ ਆਣ ਢੱਠੇ ।
ਛੋਟੇ ਬੱਚੇ ਮੀਂਹ ਵਿਚ ਜਾਣ ਭੱਜੇ,
ਜੰਮੇ ਮੋਤੀਆਂ ਨੂੰ ਲੱਗੇ ਕਰਨ ਕੱਠੇ ।
ਜੱਟ ਡਰ ਗਿਆ ਕਹੇ, ‘ਬਹੁ ਬੁਰਾ ਹੋਇਆ,
ਰੱਬ ਕਰੇ ! ਛੇਤੀ ਗੜੇ ਰੁਕ ਜਾਵਣ ।’
ਜਿਵੇਂ ਚਾਹੁੰਦਾ ਸੀ ਉਹ ਨਾ ਹੋਇਆ,
ਘੰਟਾ ਭਰ ਗੜਿਆਂ ਕੀਤੀ ਮਨ ਆਵਣ ।
ਘਰ, ਬਾਗ਼, ਵਾਦੀ, ਪਹਾੜੀਆਂ ਖੇਤ ਸੱਭੇ,
ਤਹਿਸ-ਨਹਿਸ ਗੜਿਆਂ ਕਰ ਝੱਟ ਦਿੱਤੇ ।
ਉਹਦੇ ਮੱਕੀ ਰਾਜਮਾਂਹ ਦੇ ਖੇਤ ਸੁਹਣੇ,
ਚਾਦਰ ਲੂਣ ਰੰਗੀ ਸਾਰੇ ਢੱਕ ਦਿੱਤੇ ।
ਪੱਤੇ ਝੜੇ ਰੁੱਖ ਰੁੰਡ-ਮਰੁੰਡ ਹੋਏ,
ਖੇਤ ਮੱਕੀ ਦਾ ਸਾਰਾ ਤਬਾਹ ਕਰ ਗਏ ।
ਗੜੇ ਫੁੱਲ ਰਾਜਮਾਹਾਂ ਦੇ ਝਾੜ ਗਏ,
ਰੂਹ ਲੈਂਕੋ ਦੀ ਦਰਦ ਦੇ ਨਾਲ ਭਰ ਗਏ ।
ਤੂਫ਼ਾਨ ਲੰਘਿਆ ਲੈਂਕੋ ਵਿੱਚ ਖੇਤ ਗਿਆ,
ਪੁੱਤਾਂ ਅਪਣਿਆਂ ਨੂੰ ਇੰਞ ਕਹਿਣ ਲੱਗਾ,
‘ਟਿੱਡੀ-ਦਲ ਵੀ ਹਮਲਾ ਜੇ ਕਰ ਦਿੰਦਾ,
ਇੰਨਾਂ ਕਹਿਰ ਤਾਂ ਵੀ ਨਹੀਂ ਸੀ ਢਹਿਣ ਲੱਗਾ ।
ਸਾਡਾ ਗੜਿਆਂ ਨੇ ਕੁਝ ਛੱਡਿਆ ਨਹੀਂ,
ਦਾਣਾ ਇੱਕ ਵੀ ਹੱਥ ਹੁਣ ਆਵਣਾ ਨਹੀਂ ।
ਜਿੰਨੀ ਅੱਜ ਦੀ ਰਾਤ ਡਰਾਵਣੀ ਏਂ,
ਹੋਣਾ ਕੋਈ ਵੀ ਸਮਾਂ ਡਰਾਵਣਾ ਨਹੀਂ ।
ਐਨੀ ਮਿਹਨਤ ਅਜਾਈਂ ਹੀ ਗਈ ਸਾਰੀ,
ਮੱਦਦਗਾਰ ਕੋਈ ਬਾਂਹ ਨਹੀਂ ਫੜਣ ਵਾਲਾ ।’
ਮਨ ਵਿੱਚ ਘਰ ਦੇ ਜੀਆਂ ਸਾਰਿਆਂ ਦੇ,
ਇਕੋ ਰੱਬ ਜਾਪੇ ਕੁਝ ਕਰਨ ਵਾਲਾ ।
ਪਤਨੀ ਕਹਿਣ ਲੱਗੀ, ‘ਐਨੇ ਨਾ ਦੁਖੀ ਹੋਵੋ,
ਭਾਵੇਂ ਸਾਰੀ ਹੈ ਫਸਲ ਤਬਾਹ ਹੋਈ ।
ਸਾਰੇ ਆਖਦੇ ਨੇ, ਇਹ ਯਾਦ ਰੱਖੋ,
ਮਰਿਆ ਭੁੱਖ ਦੇ ਨਾਲ ਨਹੀਂ ਕਦੇ ਕੋਈ ।’
ਲੈਂਕੋ ਰਾਤ ਸਾਰੀ ਸੋਚੀਂ ਰਿਹਾ ਡੁੱਬਾ,
ਇੱਕੋ ਆਸ ਬੱਸ ਰੱਬ ਦੀ ਲਾਈ ਉਸਨੇ ।
ਨਜ਼ਰ ਰੱਬ ਦੀ ਸਭ ਕੁਝ ਵੇਖਦੀ ਏ,
ਗੱਲ ਮਨ ਦੇ ਵਿਚ ਵਸਾਈ ਉਸਨੇ ।
ਇਹ ਬਚਪਨ ਤੋਂ ਦੱਸਿਆ ਗਿਆ ਉਸਨੂੰ,
ਰੱਬ ਮਨ ਦੀਆਂ ਗੱਲਾਂ ਵੀ ਜਾਣਦਾ ਏ ।
ਕਿਸ ਤਰ੍ਹਾਂ ਦੀ ਕੋਈ ਉਮੀਦ ਰੱਖੇ,
ਉਹ ਸਭਦੀ ਨਬਜ਼ ਪਛਾਣਦਾ ਏ ।

ਲੈਂਕੋ ਖੇਤ ਵਿਚ ਬੈਲ ਜਿਉਂ ਕੰਮ ਕਰਦਾ,
ਪੜ੍ਹਨਾ ਲਿਖਣਾ ਉਹਨੂੰ ਪਰ ਆਂਵਦਾ ਸੀ ।
ਐਤਵਾਰ ਆਇਆ, ਜਦੋਂ ਦਿਨ ਚੜ੍ਹਿਆ,
ਚਿੱਠੀ ਲਿਖਾਂ ਮੈਂ ਮਤਾ ਪਕਾਂਵਦਾ ਸੀ ।
ਚਿੱਠੀ ਲਿਖਣ ਲੱਗਾ ਨਿਸ਼ਚਾ ਕਰ ਪੱਕਾ,
‘ਸਾਡੀ ਮਦਦ ਜੇ ਤੂੰ ਨਾ ਕਰੀ ਰੱਬਾ !
ਸੁਣ ਲੈ ਮੈਂ ਤੇ ਮੇਰਾ ਪਰਿਵਾਰ ਸਾਰਾ,
ਦੁੱਖ ਭੁੱਖ ਦਾ ਜਾਵਾਂਗੇ ਭਰੀ ਰੱਬਾ !
ਫਸਲ ਬੀਜਣੀ, ਸਮਾਂ ਲੰਘਾਵਣਾ ਏਂ,
ਸੌ ਪੀਸੋ ਦੀ ਸਾਨੂੰ ਹੈ ਲੋੜ ਭਾਰੀ ।
ਵੇਖ ਗੜਿਆਂ ਨੇ ਹੈ ਬਰਬਾਦ ਕੀਤੀ,
ਸਾਡੀ ਲਹਿਲਹਾਉਂਦੀ ਫਸਲ ਸਾਰੀ ।’
ਉਪਰ ਲਿਫਾਫੇ ਦੇ ‘ਰੱਬ ਨੂੰ’ ਲਿਖ ਕੇ,
ਚਿੱਠੀ ਵਿਚ ਪਾ, ਸ਼ਹਿਰ ਨੂੰ ਆ ਗਿਆ ਉਹ ।
ਸ਼ਹਿਰ ਆ ਲਿਫਾਫੇ ਤੇ ਟਿਕਟ ਲਾ ਕੇ,
ਚਿੱਠੀ ਡਾਕਖ਼ਾਨੇ ਵਿਚ ਪਾ ਗਿਆ ਉਹ ।

ਇਕ ਕਰਮਚਾਰੀ ਜੋ ਡਾਕੀਆ ਸੀ,
ਪੋਸਟਅਫ਼ਸਰ ਦੇ ਨਾਲ ਵੀ ਕੰਮ ਕਰਦਾ ।
ਉੱਚੀ ਹੱਸਦਾ, ਹੱਥ ਜੋ ਫੜੀ ਚਿੱਠੀ,
ਲਿਆ ਕੇ ਅਫ਼ਸਰ ਦੇ ਸਾਮ੍ਹਣੇ ਉਹ ਕਰਦਾ ।
ਅਫ਼ਸਰ ਮੋਟਾ ਹਸਮੁਖ ਸੁਭਾਅ ਵਾਲਾ,
ਪਤਾ ਵਿੰਹਦਿਆਂ ਸਾਰ ਹੀ ਹੱਸ ਪਇਆ ।
ਪਰ ਤੁਰਤ ਹੀ ਫੇਰ ਗੰਭੀਰ ਹੋਇਆ,
ਖਤ ਆਪਣੇ ਡੈਸਕ ਤੇ ਓਸ ਧਰਿਆ ।
ਕਹਿੰਦਾ, ‘ਬੰਦੇ ਦਾ ਕਿੰਨਾਂ ਵਿਸ਼ਵਾਸ ਪੱਕਾ,
ਚਿੱਠੀ ਲਿਖ ਜਿਸ ਰੱਬ ਦੇ ਵੱਲ ਪਾਈ ।
ਕਾਸ਼ ਮੈਨੂੰ ਵੀ ਐਨਾ ਵਿਸ਼ਵਾਸ ਹੁੰਦਾ,
ਜਿੰਨੇ ਨਾਲ ਯਕੀਨ ਉਸ ਆਸ ਲਾਈ ।’
ਡਾਕ ਬਾਬੂ ਦੇ ਮਨ ਵਿਚਾਰ ਆਇਆ,
ਭਰਮ ਬਣਿਆ ਹੋਇਆ ਕਾਹਨੂੰ ਤੋੜਨਾ ਏਂ ।
ਉਹਨੂੰ ਚਿੱਠੀ ਦਾ ਮੋੜ ਜਵਾਬ ਲਿਖੀਏ,
ਉਹਦਾ ਮੂੰਹ ਕਿਉਂ ਰੱਬ ਤੋਂ ਮੋੜਨਾ ਏਂ ।
ਜਦੋਂ ਪੜ੍ਹਨ ਲਈ ਉਹਨੇ ਖੋਲ੍ਹੀ ਚਿੱਠੀ,
ਉਹਨੇ ਵੇਖਿਆ ਚਿੱਠੀ ਕਿਸ ਢੰਗ ਦੀ ਏ ।
ਸਦਭਾਵਨਾ, ਸਿਆਹੀ ਤੇ ਕਾਗ਼ਜ਼ਾਂ ਤੋਂ,
ਚਿੱਠੀ ਹੋਰ ਬਹੁਤਾ ਕੁਝ ਮੰਗਦੀ ਏ ।
ਉਹ ਆਪਣੀ ਸੋਚ ਤੇ ਰਿਹਾ ਪੱਕਾ,
ਪੈਸੇ ਭੇਜਣ ਦੀ ਉਸ ਨੇ ਨੀਤ ਧਾਰੀ ।
ਕੁਝ ਆਪ ਦਿੱਤੇ, ਕੁਝ ਲਏ ਦੋਸਤਾਂ ਤੋਂ,
ਕੱਠੀ ਕਰ ਨਾ ਸਕਿਆ ਰਕਮ ਸਾਰੀ ।
ਲਿਫਾਫੇ ਵਿਚ ਸਭ ਉਸਨੇ ਪਾਏ ਪੈਸੇ,
ਪਤਾ ਲੈਂਕੋ ਦਾ ਉਸ ਤੇ ਆਪ ਲਿਖਿਆ ।
ਚਿੱਠੀ ਲਿਖ ਜੋ ਉਸ ਨੇ ਨਾਲ ਪਾਈ,
ਉੱਤੇ ਓਸਦੇ ਬੱਸ ਇਕ ‘ਰੱਬ’ ਲਿਖਿਆ ।

ਐਤਵਾਰ ਨੂੰ ਲੈਂਕੋ ਕੁਝ ਆਇਆ ਜਲਦੀ,
ਆਉਂਦੇ ਸਾਰ ਆ ਚਿੱਠੀ ਦਾ ਪਤਾ ਕਰਿਆ ।
ਖੁਦ ਡਾਕੀਏ ਨੇ ਛੇਤੀ ਨਾਲ ਜਾ ਕੇ,
ਲਿਫਾਫਾ ਲੈਂਕੋ ਦੇ ਹੱਥ ‘ਤੇ ਜਾ ਧਰਿਆ ।
ਡਾਕ ਬਾਬੂ ਦੇ ਮਨ ਸੀ ਖੁਸ਼ੀ ਪੂਰੀ,
ਬਾਹਰ ਵੱਲ ਉਸ ਨਿਗਾਹ ਟਿਕਾਈ ਹੋਈ ਸੀ ।
ਜਿਹੜਾ ਉਹਨੇ ਸੀ ਨੇਕੀ ਦਾ ਕੰਮ ਕੀਤਾ,
ਲਾਲੀ ਓਸਦੀ ਮੂੰਹ ਤੇ ਛਾਈ ਹੋਈ ਸੀ ।
ਲੈਂਕੋ ਮਨ ਸੀ ਐਨਾ ਵਿਸ਼ਵਾਸ ਪੱਕਾ,
ਚਿੱਠੀ ਫੜ ਨਾ ਜ਼ਰਾ ਹੈਰਾਨ ਹੋਇਆ ।
ਲਿਫਾਫਾ ਖੋਲ੍ਹ ਉਸਨੇ ਜਦੋਂ ਗਿਣੇ ਪੈਸੇ,
ਉਸੇ ਵੇਲੇ ਡਾਢਾ ਕ੍ਰੋਧਵਾਨ ਹੋਇਆ ।
‘ਰੱਬ ਵੱਲੋਂ ਤਾਂ ਗਲਤੀ ਨਹੀਂ ਹੋ ਸਕਦੀ,
ਮੇਰੀ ਅਰਦਾਸ ਹੋਊ ਉਸ ਮਨਜ਼ੂਰ ਕੀਤੀ ।
ਜਿਹੜਾ ਪੈਸਿਆਂ ਦਾ ਐਨਾ ਫ਼ਰਕ ਪਿਆ,
ਲੱਗੇ ਗੜਬੜ ਹੋਊ ਕਿਸੇ ਜ਼ਰੂਰ ਕੀਤੀ ।’
ਛੇਤੀ ਨਾਲ ਲੈਂਕੋ ਗਿਆ ਵੱਲ ਖਿੜਕੀ,
ਕਾਗ਼ਜ਼, ਸਿਆਹੀ ਉਹ ਉਥੋਂ ਲੈ ਆਇਆ ।
ਮੱਥੇ ਤਿਉੜੀਆਂ ਲਿਖੀ ਉਸ ਫੇਰ ਚਿੱਠੀ,
ਲੈ ਕੇ ਟਿਕਟ ਲਿਫਾਫੇ ਤੇ ਚਿਪਕਾਇਆ ।
ਜਦੋਂ ਡਾਕ ਵਿਚ ਲੈਂਕੋ ਨੇ ਪਾਈ ਚਿੱਠੀ,
ਡਾਕ ਬਾਬੂ ਚਿੱਠੀ ਪੜ੍ਹਨ ਉੱਠਿਆ ਸੀ ।
ਚਿੱਠੀ ਖੋਲ੍ਹ ਕੇ ਫੇਰ ਉਹ ਪੜ੍ਹਨ ਲੱਗਾ,
ਸਾਫ਼ ਸਾਫ਼ ਜਿਸ ਦੇ ਵਿਚ ਲਿਖਿਆ ਸੀ-
‘ਰੱਬਾ, ਮੰਗੇ ਮੈਂ ਸੌ ਪਰ ਮਿਲੇ ਸੱਤਰ,
ਬਾਕੀ ਭੇਜ ਪੀਸੋ ਕੀ ਹੈ ਥੋੜ੍ਹ ਤੈਨੂੰ ।
ਛੇਤੀ ਕਰੀਂ ਤੇ ਦੇਰ ਨਾ ਮੂਲ ਲਾਈਂ,
ਇਨ੍ਹਾਂ ਪੈਸਿਆਂ ਦੀ ਬੜੀ ਲੋੜ ਮੈਨੂੰ ।
ਇਕ ਗੱਲ ਦਾ ਹੁਣ ਪਰ ਖ਼ਿਆਲ ਰੱਖੀਂ,
ਪੈਸੇ ਡਾਕ ਦੇ ਵਿਚ ਨਾ ਮੂਲ ਪਾਈਂ ।
ਡਾਕਖ਼ਾਨੇ ਵਾਲੇ ਹੈਣ ‘ਬਦਮਾਸ਼ ਟੋਲਾ’,
ਇਨ੍ਹਾਂ ਹੱਥ ਕੋਈ ਪੈਸਾ ਨਾ ਭਿਜਵਾਈਂ ।’
ਸਾਰੀ ਚਿੱਠੀ ਉਸ ਸਿਦਕ ਦੇ ਨਾਲ ਲਿਖੀ,
ਜਿਹੜੀ ਪੂਰੇ ਵਿਸ਼ਵਾਸ ਨਾਲ ਭਰੀ ਹੋਈ ਸੀ ।
ਪੂਰੀ ਚਿੱਠੀ ਲਿਖ ਉਹਦੇ ਅਖੀਰ ਉੱਤੇ,
ਸਹੀ ‘ਲੈਂਕੋ’ ਨੇ ਆਪਣੀ ਕਰੀ ਹੋਈ ਸੀ ।

LEAVE A REPLY

Please enter your comment!
Please enter your name here