ਕੋਈ ਪ੍ਰਮਾਤਮਾਂ ਨੂੰ ਬਲਵਾਨ ਸਮਝ, ਕੋਈ ਉਸ ਦੀਆਂ ਦਾਤਾਂ ਨੂੰ ਦੇਖ, ਕੋਈ ਸ਼ੁਭ ਗੁਣਾਂ ਤੇ ਸੁੰਦਰ ਵਡਿਆਈਆਂ, ਕੋਈ ਵਿਦਿਆ ਦੇ ਕਠਨ ਵਿਚਾਰਾਂ, ਕੋਈ ਸਰੀਰ ਸਾਜਨਾ ਤੇ ਨਾਸ਼ ਕਰਨ। ਕੋਈ ਨੇੜੇ, ਦੂਰ ਤੇ ਕੋਈ ਹਜੂਰ ਦਿਸਣ ਕਰਕੇ ਉਸ ਨੂੰ ਗਾ ਰਿਹਾ ਹੈ। ਕਥਨ ਵਾਲਿਆਂ ਨੇ ਲੱਖਾਂ ਕਰੋੜਾਂ ਵਾਰ ਉਸ ਬਾਰੇ ਕਥਾ ਕਰਕੇ, ਉਸ ਦੀ ਸਿਫਤ ਸਾਲਾਹ ਕੀਤੀ ਫਿਰ ਵੀ ਉਸ ਦੀ ਵਿਚਾਰ ਦੀ ਤੋਟ ਨਹੀਂ ਆਉਂਦੀ। ਕੋਈ ਉਸ ਨੂੰ ਇਸ ਕਰਕੇ ਗਾਉਂਦਾ ਹੈ ਕਿ ਉਹ ਦਾਤਾ ਹਰ ਵੇਲੇ ਦੇਈ ਜਾਂਦਾ, ਜੀਵ ਜੁੱਗਾਂ ਤੋਂ ਖਾ ਰਹੇ ਤੇ ਲੈਣ ਵਾਲੇ ਥੱਕ ਜਾਂਦੇ ਹਨ। ਹੁਕਮ ਵਾਲੇ ਰੱਬ ਦਾ ਹੁਕਮ ਹੀ ਸੰਸਾਰ ਦੀ ਕਾਰ ਵਾਲਾ ਰਸਤਾ ਚਲਾਉਂਦਾ ਅਤੇ ਰੱਬ ਆਪ ਸਦਾ ਵੇਪ੍ਰਵਾਹ ਹੈ। ਭਾਵ ਕਰਣਹਾਰ ਕਰਤਾਰ ਦੇ ਵੱਖੋ ਵੱਖਰੇ ਕੰਮ ਵੇਖ ਕੇ, ਮਨੁੱਖ ਆਪੋ ਆਪਣੀ ਸਮਝ ਅਨੁਸਾਰ ਉਸ ਦੀ ਹੁਕਮ ਰੂਪ ਤਾਕਤ ਦਾ ਅੰਦਾਜਾ ਲਾਉਂਦੇ ਆ ਰਹੇ ਹਨ ਪਰ ਕੋਈ ਸੰਪੂਰਨ ਤੌਰ ਤੇ ਦੱਸ ਨਹੀਂ ਸੱਕਿਆ।

ਕੋਈ ਉਸ ਦੀਆਂ ਦਾਤਾਂ ਅਤੇ ਕੁਦਰਤ ਨਜਾਰਿਆਂ ਨੂੰ ਤੱਕ ਕੇ ਗਾਉਂਦਾ ਅਤੇ ਕੋਈ ਮਾਇਆ ਖਾਤਰ ਗਾ ਰਿਹਾ ਹੈ। ਗੁਰ ਪੁਰਬਾਂ ਅਤੇ ਨੱਗਰ ਕੀਰਤਨਾਂ ਵਿੱਚ ਉੱਚੀ ਉੱਚੀ ਗਾਉਣਾ ਵਜਾਉਣਾ ਕੀ ਅਰਥ ਰੱਖਦਾ? ਭਾਵ ਲੋਕ ਦਿਖਾਵਾ ਹੀ ਹੈ ਜੇ ਗੁਰਬਾਣੀ ਸਮਝ ਕੇ ਜੀਵਨ ਨਾ ਬਦਲਿਆ। ਹਾਂ ਗਾਉਣਾ ਉਸ ਦਾ ਹੀ ਸਫਲਾ ਜੋ ਉਸ ਦੀ ਹੁਕਮ ਰਜ਼ਾਈ ਵਿੱਚ ਜੀਵਨ ਬਸਰ ਕਰਦਾ ਹੈ-ਗਾਵਿਆ ਸੁਣਿਆ ਤਿਨ ਕਾ ਹਰਿ ਥਾਂਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥੧॥ (੬੬੯) ਗੁਰਬਾਣੀ ਤਾਂ ਇਹ ਵੀ ਚਿਤਾਵਨੀ ਦਿੰਦੀ ਹੈ ਕਿ ਜੇ ਮਨ ਵਿੱਚ ਰੱਬੀ ਪਿਆਰ, ਗੁਰੂ ਗਿਆਨ ਅਤੇ ਜੀਵਨ ਗੁਰੂ-ਸਮਰਪਿਤ ਨਹੀਂ ਤਾਂ ਗਾਉਣਾ ਵਜਾਉਣਾ ਰੋਣਾ ਹੀ ਹੈ-ਕੋਈ ਗਾਵੈ ਰਾਗੀ ਨਾਦੀਂ ਬੇਦੀਂ ਬਹੁ ਭਾਂਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥…ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ॥(੪੫੦) ਭਾਈ ਗੁਰਦਾਸ ਜੀ ਵੀ ਦਰਸਾਉਂਦੇ ਹਨ ਕਿ-ਗਾਂਇ ਸੁਨੈ ਆਂਖੇਂ ਮੀਚੈ ਪਾਈਐ ਨ ਪਰਮ ਪਦ ਗੁਰ ਉਪਦੇਸ਼ ਗਹਿ ਜੌ ਲੌ ਨ ਕਮਾਈਐ॥ ਸੋ ਕਪਟੀ ਗਾਉਣਾ ਕੂੜ ਦੀ ਪਾਲ ਅਤੇ ਪ੍ਰਭੂ ਪਿਆਰ ਵਿੱਚ ਗਾਉਂਦੇ ਜੀਵਨ ਹੁਕਮ ਰਜਾਈ ਚਲਦੇ, ਕੂੜ ਦੀ ਕੰਧ ਤੋੜ, ਉਸ ਨੂੰ ਮਿਲਣਾ, ਇਹ ਹੀ ਗਾਉਣਾ ਸਫਲ ਹੈ।

LEAVE A REPLY

Please enter your comment!
Please enter your name here