ਲੇਖਕ: ਹਰਵਿੰਦਰ ਸ਼ਰਮਾ
ਪੰਨੇ-112, ਮੁੱਲ 150/-
ਸਾਹਿਬਦੀਪ ਪ੍ਰਕਾਸ਼ਨ, ਭੀਖੀ
‘ਰੱਬ ਵਰਗੇ ਲੋਕ’ ਪਰਵਾਸੀ ਲੇਖਕ ਹਰਵਿੰਦਰ ਸ਼ਰਮਾਂ ਦੀ ਅਜਿਹੀ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਆਪਣੇ ਬਚਪਨ ਕਾਲ ਦੇ ਭਲੇ ਵੇਲਿਆਂ ਦੇ ਭਲੇ ਲੋਕਾਂ ਨਾਲ ਸਬੰਧਤ ਯਾਦਾਂ ਨੂੰ ਦਸਤਾਵੇਜ਼ੀ ਰੂਪ ਵਿਚ ਸੰਭਾਲਿਆ ਹੈ। ਲੇਖਕ ਦੀਆਂ ਸਿਮਰਤੀਆਂ ਦਾ ਹਿੱਸਾ ਬਣੇ ਉਸਦੇ ਦਾਦਕੇ ਤੇ ਨਾਨਕੇ ਪਿੰਡ ਨਾਲ ਸਬੰਧਤ ਪਾਤਰ ਬਦਾਮੋਂ, ਭਗਵਾਨ ਕੌਰ, ਦੇਵਦਾਸ, ਗਿਆਨੀ ਚੰਨਣ ਸਿੰਘ ਹਲਵਾਈ ਗੋਪੀ ਰਾਮ, ਰੰਗੀ ਰਾਮ, ਜਗਣਾ ਬਾਣੀਆਂ, ਨਾਨਾ ਲਾਲ ਚੰਦ ਸ਼ਰਮਾ, ਮੋਟਾ ਫੌਜੀ ਤੇ ਸ਼ਾਮ ਕੌਰ ਆਦਿ ਆਪਣੇ ਮੋਹ ਪਿਆਰ, ਹਮਦਰਦੀ ਸਮਰਪਣ, ਕੁਰਬਾਨੀ, ਸਾਦਗੀ, ਨਿਮਰਤਾ, ਦਿਆ ਤੇ ਸ਼ਹਿਣ ਸੀਲਤਾ ਵਰਗੇ ਮਾਨਵੀ ਗੁਣਾਂ ਕਾਰਨ ਸੱਚ ਮੁੱਚ ਉਸ ਲਈ ਰੱਬੀ ਦਰਜ਼ਾ ਹੀ ਰੱਖਦੇ ਹਨ। ਵਿਦੇਸ਼ ਵਿੱਚ ਭੱਜ ਨੱਠ ਵਾਲੀ ਮਸ਼ੀਨੀ ਤਰਜ਼ ਦੀ ਜ਼ਿੰਦਗੀ ਜਿਉਂਦਿਆਂ ਉਸਨੂੰ ਇਸ ਗੱਲ ਦਾ ਤੀਬਰ ਅਹਿਸਾਸ ਹੁੰਦਾ ਹੈ ਕਿ ਹੁਣ ਮਨੁੱਖੀ ਕਦਰਾਂ-ਕੀਮਤਾਂ ਦੇ ਉਪਾਸ਼ਕ ਅਜਿਹੇ ਪਾਤਰ ਲੱਭਿਆ ਵੀ ਨਹੀਂ ਲੱਭਦੇ। ਆਪਣੇ ਹਿੱਸੇ ਦੀ ਰੁੱਖੀ ਰੋਟੀ ਦੂਜਿਆਂ ਨੂੰ ਵੰਡਣ ਵਾਲੀ ਬਦਾਮੋ, ਆਪਣੇ ਨਿੱਜੀ ਖਰਚੇ ਵਿੱਚ ਪੂਰੀ ਕਟੌਤੀ ਕਰਕੇ ਦਾਨ ਪੁੰਨ ਕਰਨ ਵਾਲੀ ਭਗਵਾਨ ਕੌਰ ਅਤੇ ਆਪਣੀ ਕੀਤੀ ਮਿਹਨਤ ਦਾ ਮੁੱਲ ਵੀ ਨਾ ਵਸੂਲਣ ਵਾਲੇ ਰੱਜੀ ਰੂੁਹ ਵਾਲੇ ਗੋਪੀ ਰਾਮ ਤੇ ਰੰਗੀ ਰਾਮ ਹਲਵਾਈ ਉਸਦੇ ਨਾਨਕੇ ਪਿੰਡ ਦਾ ਅਜਿਹਾ ਵਿਰਸਾ ਹਨ ਜਿਸ ਤੇ ਉਸਨੂੰ ਅੱਜ ਵੀ ਪੂਰਾ ਮਾਣ ਹੈ।
ਉਸਦੇ ਨਾਨਕੇ ਪਿੰਡ ਫਫੜੇ ਭਾਈ ਕੇ ਦਾ ਹਰ ਵਸਨੀਕ ਸ਼੍ਰੀ ਗੁਰੁ ਅਰਜਣ ਦੇਵ ਜੀ ਦੇ ਪਰਮ ਸੇਵਕ ਭਾਈ ਬਹਿਲੋ ਪ੍ਰਤੀ ਅਥਾਹ ਸ਼ਰਧਾ ਭਾਵਨਾ ਰੱਖਦਾ ਹੈ। ਬਚਪਨ ਦਾ ਵਧੇਰੇ ਸਮਾ ਨਾਨਕੇ ਪਿੰਡ ਬਿਤਿਆ ਹੋਣ ਕਾਰਨ ਲੇਖਕ ਵੀ ਭਾਈ ਸਾਹਿਬ ਦੀ ਦੀ ਗੁਰੂ ਭਗਤੀ ਤੇ ਸੇਵਾ ਭਾਵਨਾ ਤੋਂ ਬੇ -ਹੱਦ ਪ੍ਰਭਾਵਿਤ ਰਿਹਾ ਹੈ। ਪੁਸਤਕ ਦਾ ਪਹਿਲੇ ਲੇਖ ‘ਭਾਈ ਬਹਿਲੋ ਸਭ ਤੋਂ ਪਹਿਲੋ’ ਵਿਚਲੀ ਖੋਜ ਦਿ੍ਰਸ਼ਟੀ ਭਾਵੇਂ ਸ਼ਰਧਾਮੂਲਕ ਹੈ ਪਰ ਇਹ ਪਿੰਡ ਫਫੜੇ ਭਾਈਕੇ ਦੇ ਇਤਿਹਾਸਕ ਪਿਛੋਕੜ ਨਾਲ ਵੀ ਪੂੁਰਾ ਇਨਸਾਫ ਕਰਨ ਵਾਲੀ ਹੈ। ਪੁਸਤਕ ਦਾ ਅਗਲਾ ਲੇਖ ਵੀ ਉਸ ਅੰਦਰਲੀ ਭਾਈ ਬਹਿਲੋ ਪ੍ਰਤੀ ਸ਼ਰਧਾ ਭਾਵਨਾ ਦੀ ਹੀ ਤਰਜ਼ਮਾਨੀ ਕਰਦਾ ਹੈ। ਪਿੰਡ ਵਾਸੀਅਂਾ ਵੱਲੋਂ ਉਸਦੀ ਜਿੰਮੇਵਾਰੀ ਇਤਿਹਾਸਕਾਰ ਡਾ. ਗੰਡਾ ਸਿੰਘ ਪਾਸੋਂ ਭਾਈ ਬਹਿਲੋ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਵਹੀ ਲਿਆ ਕੇ ਇਸ ਬਾਰੇ ਖੋਜ ਕਰਨ ਦੀ ਲਾਈ ਜਾਂਦੀ ਹੈ ਤਾਂ ਲੇਖਕ ਤੰਗੀ ਤੁਰਸੀ ਦੇ ਦਿਨਾਂ ਵਿਚ ਬਹੁਤ ਕਠਿਨ ਹਲਾਤ ਦਾ ਸਾਹਮਣਾ ਕਰਦਿਆਂ ਵੀ ਇਸ ਵਹੀ ਦੀ ਫੋਟੋ ਸਟੇਟ ਕਾਪੀ ਯੂਨੀਵਰਸਟੀ ਤੋਂ ਹਾਸਿਲ ਕਰਦਾ ਹੈ। ਭਾਵੇਂ ਇਸ ਭਲੇ ਕਾਰਜ਼ ਲਈ ਉਸਨੂੰ ਯੁੂਨੀਵਰਸਟੀ ਦੇ ਕਰਮਚਾਰੀਆਂ ਰਿਸ਼ਵਤ ਵੀ ਦੇਣੀ ਪੈਂਦੀ ਹੈ ।
ਇਸ ਪੁਸਤਕ ਪ੍ਰਕਾਸ਼ਿਤ ਕਰਵਾਉਣ ਦਾ ਮਕਸਦ ਪੂੰੁਜੀਵਾਦੀ ਯੁਗ ਦੀ ਤੇਜ਼ ਰਫ਼ਤਾਰ ਆਮਦ ਤੋਂ ਪਹਿਲਾਂ ਦੇ ਪੰਜਾਬ ਦੀ ਮਾਨਵੀ ਤਰਜ਼ ਦੀ ਸਭਿਆਚਾਰਕ ਸਥਿਤੀ ਨੂੰ ਰੂਪਮਾਨ ਕਰਨਾ ਹੈ। ਲੇਖਕ ਜਿੱਥੇ ਉਸ ਸਮੇਂ ਦੀਆਂ ਮਨੁੱਖ ਤੇ ਮਨੁੱਖਤਾ ਦੇ ਹੱਕ ਵਿੱਚ ਭੁਗਤਦੀਆਂ ਸਮਾਜਿਕ ਕਦਰਾਂ-ਕੀਮਤਾਂ ਦੀ ਤਹਿ ਦਿਲੋਂ ਪ੍ਰੰਸ਼ਸ਼ਾ ਕਰਦਾ ਹੈ। ਉੱਥੇ ਜਗੀਰਦਾਰੀ ਯੁਗ ਦੇ ਅੰਤਲੇ ਪੜਾਅ ਦੀਆਂ ਕੁਝ ਪਿਛਾਂਹ ਖਿੱਚੂ ਤੇ ਲੋਕ ਵਿਰੋਧੀ ਕੀਮਤਾਂ ਦੀ ਅਲੋਚਨਾ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ। ਇਹ ਪੁਸਤਕ ਧੀਆਂ ਨੂੰ ਕੁੱਖ ਹੀ ਮਾਰਨ ਦੇ ਅਣਮਨੁੱਖੀ ਰੁਝਾਣ, ਪੇਂਡੂ ਧਨਾਡ ਕਿਸਾਨੀ ਵੱਲੋਂ ਮਿਹਨਤਕਸ਼ ਲੋਕਾਂ ’ਤੇ ਕੀਤੇ ਜਾਂਦੇ ਜ਼ਬਰ ਜ਼ੁਲਮ ਤੇ ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲੀਆਂ ਜਾਗੀਰਦਾਰੀ ਕੀਮਤਾਂ ਨੂੰ ਵੀ ਪੂਰੀ ਤਰਾਂ ਉਭਾਰ ਕੇ ਪੇਸ਼ ਕਰਦੀ ਹੈ। ਭਾਵੇਂ ਇਹ ਅਲਾਮਤਾਂ ਅੱਜ ਵੀ ਮੌਜ਼ੂਦ ਹਨ ਪਰ ਉਹਨਾਂ ਸਮਿਆਂ ਵਿੱਚ ਇਹ ਸਮਾਜਿਕ ਵਰਤਾਰੇ ਦਾ ਮਾਨਤਾ ਪ੍ਰਾਪਤ ਹਿੱਸਾ ਰਹੀਆਂ ਹਨ।
ਲੇਖਕ ਨੂੰ ਆਪਣੀਆ ਯਾਦਾਂ ਤੇ ਸਿਮਰਤੀਆਂ ਨੂੰ ਕਹਾਣੀ ਵਾਂਗ ਪੇਸ਼ ਕਰਨ ਵਿਚ ਵਿਸ਼ੇਸ਼ ਮੁਹਾਰਤ ਹਾਸਿਲ ਹੈ। ਇਸ ਲਈ ਪੁਸਤਕ ਦੇ ਲੇਖ ਆਪਣੇ ਵਿਚਲੇ ਕਹਾਣੀ ਰਸ ਰਾਹੀਂ ਪਾਠਕੀ ਬਿਰਤੀਆਂ ਨੂੂੰ ਆਪਣੇ ਨਾਲ ਜੋੜੀ ਰੱਖਣ ਵਿਚ ਪੂੁਰੀ ਤਰ੍ਹਾਂ ਤਰਾਂ ਸਫ਼ਲ ਹਨ।
89682-82700

LEAVE A REPLY

Please enter your comment!
Please enter your name here