ਲੁਧਿਆਣਾ

ਵੀਰਵਾਰ ਸਵੇਰੇ 10.02 ਵਜੇ ਦੁੱਗਰੀ ਫੇਸ-1 ਵਿਚ ਨਵੀਂ ਬਣ ਰਹੀ ਇਮਾਰਤ ਦਾ ਕੰਮ ਦੇਖਣ ਤੋਂ ਬਾਅਦ ਆਪਣੀ ਇੰਡੀਕਾ ਕਾਰ ਵਿਚ ਬੈਠ ਕੇ ਜਾਣ ਲੱਗੇ ਸਿਵਲ ਇੰਜੀਨੀਅਰ ਮਨਦੀਪ ਬਾਂਸਲ (32) ਨਿਵਾਸੀ ਖੰਨਾ ਕਾਲੋਨੀ, ਦੁੱਗਰੀ ਦਾ ਮੋਟਰਸਾਈਕਲ ‘ਤੇ ਬੈਠ ਕੇ ਮੌਕਾ ਤੱਕ ਰਹੇ ਨੌਜਵਾਨ ਨੇ ਰਿਵਾਲਵਰ ਨਾਲ 4 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਦੀ ਪ੍ਰੇਮਿਕਾ ਦੇ ਪਤੀ ਵਲੋਂ ਪਹਿਲਾਂ 4 ਵਾਰ ਫੋਨ ‘ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਉਸੇ ਨੇ ਭਾੜੇ ‘ਤੇ ਸ਼ੂਟਰ ਲੈ ਕੇ ਕਤਲ ਕਰਵਾਇਆ ਹੈ। ਪੁਲਸ ਮੁਤਾਬਕ ਕਾਤਲਾਂ ਦੀ ਪਛਾਣ ਸ਼ਿਮਲਾਪੁਰੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਹਾਲ ਦੀ ਘੜੀ ਮ੍ਰਿਤਕ ਦੇ ਭਰਾ ਸੁਰਮੀਤ ਸਿੰਘ ਦੇ ਬਿਆਨ ‘ਤੇ ਬਲਵਿੰਦਰ ਸਿੰਘ ਨਿਵਾਸੀ ਨਿਊ ਅਮਨ ਨਗਰ, ਏ. ਟੀ. ਆਈ. ਰੋਡ, ਲੁਧਿਅਾਣਾ ਖਿਲਾਫ ਧਾਰਾ 302 ਦਾ ਪਰਚਾ ਦਰਜ ਕੀਤਾ ਗਿਆ ਹੈ ਪਰ ਦੋਸ਼ੀ ਦੇ ਫੜੇ ਜਾਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ ਕਿ ਮਾਮਲਾ ਕੰਟ੍ਰੈਕਟ ਕਿਲਿੰਗ ਦਾ ਹੈ ਜਾਂ ਕੋਈ ਹੋਰ।ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਮੁਤਾਬਕ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਨਦੀਪ ਸਿਵਲ ਇੰਜੀਨੀਅਰ ਸੀ ਅਤੇ ਸ਼ਿਮਲਾਪੁਰੀ ਵਿਚ ਕਿਸੇ ਕੰਪਨੀ ਵਿਚ ਆਰਕੀਟੈਕਟ ਦੀ ਨੌਕਰੀ ਕਰਦਾ ਸੀ। ਉਸ ਦਾ ਵੱਡਾ ਭਰਾ ਵਿਆਹਿਆ ਹੋਇਆ ਹੈ। ਲਗਭਗ 2 ਸਾਲ ਪਹਿਲਾਂ ਉਸ ਦੇ ਸ਼ਿਮਲਾਪੁਰੀ ਇਲਾਕੇ ‘ਚ ਘਰ ਦੇ ਕੋਲ ਰਹਿਣ ਵਾਲੀ ਇਕ ਵਿਆਹੁਤਾ ਨਾਲ ਪ੍ਰੇਮ ਸਬੰਧ ਬਣ ਗਏ। ਇਸ ਗੱਲ ਦਾ ਘਰ ਵਿਚ ਪਤਾ ਲੱਗਣ ‘ਤੇ ਪਰਿਵਾਰ ਨੇ ਮਕਾਨ ਵੇਚ ਦਿੱਤਾ ਅਤੇ ਖੰਨਾ ਇਨਕਲੇਵ, ਧਾਂਦਰਾਂ ਰੋਡ ‘ਤੇ ਕਿਰਾਏ ਦੇ ਮਕਾਨ ਵਿਚ ਆ ਕੇ ਰਹਿਣ ਲੱਗ ਪਏ, ਜਦੋਂਕਿ ਗੁਰੂ ਅੰਗਦ ਦੇਵ ਨਗਰ ‘ਚ ਉਸ ਦਾ ਨਵਾਂ ਮਕਾਨ ਬਣ ਰਿਹਾ ਸੀ। ਰੋਜ਼ਾਨਾ ਵਾਂਗ ਸਵੇਰੇ 9 ਵਜੇ ਘਰੋਂ ਨਿਕਲਣ ਤੋਂ ਬਾਅਦ ਮਨਦੀਪ ਦੁੱਗਰੀ ਫੇਸ-1 ਵਿਚ ਸੁਖਦੇਵ ਸਿੰਘ ਦੀ ਨਵੀਂ ਬਣ ਰਹੀ ਇਮਾਰਤ ਦੇਖਣ ਲਈ ਆਇਆ, ਉਥੋਂ ਜਾਣ ਲਈ ਜਦੋਂ ਉਹ ਕਾਰ ਵਿਚ ਆ ਕੇ ਬੈਠਣ ਲਈ ਡਰਾਈਵਰ ਸੀਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਹਿਲਾਂ ਤੋਂ ਮੋਟਰਸਾਈਕਲ ‘ਤੇ ਬੈਠ ਕੇ ਉਸ ਦੀ ਉਡੀਕ ਕਰ ਰਹੇ ਉਕਤ ਦੋਸ਼ੀ ਨੇ 4 ਗੋਲੀਆਂ ਦਾਗੀਆਂ, ਜਿਨ੍ਹਾਂ ਵਿਚੋਂ 3 ਉਸ ਦੀ ਪਿੱਠ ਅਤੇ ਇਕ ਬਾਂਹ ‘ਤੇ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਰਿਵਾਲਵਰ ‘ਚੋਂ ਗੋਲੀਆਂ ਚਲਾਉਣ ਕਾਰਨ ਮੌਕੇ ਤੋਂ ਕੋਈ ਖੋਲ ਬਰਾਮਦ ਨਹੀਂ ਹੋਇਆ। ਕਤਲ ਤੋਂ ਬਾਅਦ ਉਹ ਮੋਟਰਸਾਈਕਲ ‘ਤੇ ਬੈਠ ਕੇ ਦੁੱਗਰੀ ਫੇਸ-1 ਦੀ ਮਾਰਕੀਟ ‘ਚ ਗਿਅਾ ਅਤੇ ਉੱਥੇ ਮੋਟਰਸਾਈਕਲ ਖੜ੍ਹਾ ਕਰ ਕੇ ਪੈਦਲ ਫਰਾਰ ਹੋ ਗਿਆ। ਪੁਲਸ ਨੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਨਾਲ ਹੀ ਸਮਾਰਟ ਸਿਟੀ ਦੇ ਕੈਮਰੇ ਚੈੱਕ ਕਰਨ ‘ਤੇ ਪੁਲਸ ਨੂੰ ਪਤਾ ਲੱਗਾ ਕਿ ਮੋਟਰਸਾਈਕਲ ਤੋਂ ਉਤਰਨ ਤੋਂ ਬਾਅਦ ਉਹ ਪੈਦਲ ਦੁੱਗਰੀ ਪੁਲ ਵੱਲ ਫੋਨ ‘ਤੇ ਗੱਲ ਕਰਦਾ ਹੋਇਆ ਫਰਾਰ ਹੋ ਗਿਆ ਅਤੇ ਉਥੋਂ ਸਰਾਭਾ ਨਗਰ ਵੱਲ ਚਲਾ ਗਿਆ।
30 ਮਿੰਟ ਤੱਕ ਕੀਤੀ ਬਾਹਰ ਆਉਣ ਦੀ ਉਡੀਕ, 8 ਮਿੰਟ ਤੱਕ ਰਿਹਾ ਤੜਫਦਾ  
ਫੁਟੇਜ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਾਤਲ ਸਵੇੇਰੇ 9.31 ਵਜੇ ਸੜਕ ਕੰਢੇ ਮੋਟਰਸਾਈਕਲ ਰੋਕ ਕੇ ਕੋਲ ਖੜ੍ਹਾ ਹੋ ਜਾਂਦਾ ਹੈ, ਜਿਸ ਤੋਂ ਕੁਝ ਸਮੇਂ ਬਾਅਦ ਆਪਣੀ ਰਿਵਾਲਵਰ ‘ਚ ਜੇਬ ‘ਚੋਂ ਗੋਲੀਆਂ ਕੱਢ ਕੇ ਭਰਦਾ ਹੈ ਅਤੇ ਮਨਦੀਪ ਦੇ ਬਾਹਰ ਆਉਂਦੇ ਹੀ ਉਸ ‘ਤੇ ਗੋਲੀਆਂ ਦਾਗ ਦਿੰਦਾ ਹੈ। ਮਨਦੀਪ ਉੱਥੇ ਹੀ ਡਿੱਗ ਪੈਂਦਾ ਹੈ। 10.02 ਵਜੇ ਸਾਹਮਣੇ ਘਰ ਵਿਚ ਰਹਿਣ ਵਾਲੀ ਇਕ ਔਰਤ ਜਦੋਂ ਗੇਟ ‘ਤੇ ਆਉਂਦੀ ਹੈ ਤਾਂ ਮਨਦੀਪ ਨੂੰ ਥੱਲੇ ਡਿੱਗਿਆ ਦੇਖ ਕੇ ਰੌਲਾ ਪਾਉਂਦੀ ਹੈ। ਉਸੇ ਸਮੇਂ ਨਵੀਂ ਬਣ ਰਹੀ ਇਮਾਰਤ ਦਾ ਮਾਲਕ ਸੁਖਦੇਵ ਸਿੰਘ ਉੱਥੇ ਪਹੁੰਚਦਾ ਹੈ, ਜਿਸ ਨੂੰ ਮਨਦੀਪ ਪਹਿਲਾਂ ਪਾਣੀ ਪਿਆਉਣ ਅਤੇ ਫਿਰ ਕੁਰਸੀ ‘ਤੇ ਬਿਠਾਉਣ ਦੀ ਗੱਲ ਕਹਿੰਦਾ ਹੈ। ਇਸ ਦੌਰਾਨ ਸਿਹਤ ਖਰਾਬ ਹੋਣ ‘ਤੇ ਹਸਪਤਾਲ ਲਿਜਾਣ ਦੀ ਗੱਲ ਕਹੀ। ਸੁਖਦੇਵ ਸਿੰਘ ਉਸ ਨੂੰ ਆਪਣੀ ਕਾਰ ਵਿਚ ਪਹਿਲਾਂ ਨੇੜੇ ਦੇ ਹਸਪਤਾਲ ਤੇ ਫਿਰ ਡੀ. ਐੱਮ. ਸੀ. ਹਸਪਤਾਲ ਲੈ ਕੇ ਜਾਂਦਾ ਹੈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
PunjabKesariਘਰੋਂ ਲੈ ਕੇ ਭੱਜ ਗਿਆ ਸੀ ਭਰਾ, 2 ਦਿਨਾਂ ਬਾਅਦ ਪਰਤੇ
ਭਰਾ ਸੁਰਮੀਤ ਸਿੰਘ ਨੇ ਕਿਹਾ ਕਿ ਗੁਆਂਢ ਵਿਚ ਰਹਿਣ ਕਾਰਨ ਭਰਾ ਦੇ ਬਲਵਿੰਦਰ ਦੀ ਪਤਨੀ ਦੇ ਨਾਲ ਸਬੰਧ ਬਣਨ ’ਤੇ ਉਹ ਉਸ ਨੂੰ ਘਰੋਂ ਲੈ ਕੇ ਭੱਜ ਗਿਆ ਸੀ ਪਰ 2 ਦਿਨਾਂ ਬਾਅਦ ਦੋਵੇਂ ਵਾਪਸ ਆ ਗਏ ਸਨ। ਜਿਸ ਤੋਂ ਬਾਅਦ ਤੋਂ ਹੀ ਉਸ ਨੇ ਰੰਜਿਸ਼ ਰੱਖੀ ਹੋਈ ਸੀ। ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਚੋਰੀ ਦਾ ਹੈ, ਜਿਸ ਦੀ ਥਾਣਾ ਡੇਹਲੋਂ ਵਿਚ 5 ਅਕਤੂਬਰ ਨੂੰ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਸੀ, ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਸ ਦਾ ਕਤਲ ਕਰਨ ਦੀ ਯੋਜਨਾ ਕਾਫੀ ਦਿਨਾਂ ਤੋਂ ਬਣਾਈ ਜਾ ਰਹੀ ਸੀ ਅਤੇ ਰੇਕੀ ਕੀਤੀ ਜਾ ਰਹੀ ਸੀ।
PunjabKesariਟਾਈਮ ਲਾਈਨ
9.15 ਵਜੇ ਦੁੱਗਰੀ ਫੇਸ-1 ਨਵੀਂ ਬਣੀ ਇਮਾਰਤ ‘ਚ ਪੁੱਜਾ।
9.31 ਵਜੇ ਮੋਟਰਸਾਈਕਲ ਸਵਾਰ ਕਾਤਲ ਕਾਰ ਕੋਲ ਆ ਕੇ ਰੁਕਿਆ।
10.02  ਵਜੇ ਕਾਰ ਵਿਚ ਬੈਠਦੇ ਸਮੇਂ ਚਲਾਈਆਂ ਗੋਲੀਆਂ।
10.08  ਵਜੇ ਘਰੋਂ ਬਾਹਰ ਨਿਕਲੀ ਔਰਤ ਨੇ ਥੱਲੇ ਡਿੱਗਿਆ ਦੇਖ ਪਾਇਆ ਰੌਲਾ।
10.15  ਵਜੇ ਪਾਣੀ ਪਿਆਉਣ ਤੋਂ ਬਾਅਦ ਇਮਾਰਤ ਦਾ ਮਾਲਕ ਕਾਰ ‘ਚ ਲੈ ਕੇ ਗਿਆ ਹਸਪਤਾਲ।
ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਥਾਣਾ ਦੁੱਗਰੀ ਵਿਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਕਾਤਲ ਦੀ ਪਛਾਣ ਹੋ ਗਈ ਹੈ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਕਤਲ ਦੀ ਵਜ੍ਹਾ ਬਾਰੇ ਜਲਦਬਾਜ਼ੀ ‘ਚ ਕੁਝ ਕਹਿਣਾ ਗਲਤ ਹੋਵੇਗਾ।
-ਡਾ. ਸੁਖਚੈਨ ਸਿੰਘ ਗਿੱਲ, ਪੁਲਸ ਕਮਿਸ਼ਨਰ

LEAVE A REPLY

Please enter your comment!
Please enter your name here