ਕਿਰਤ ਸੰਸਕ੍ਰਿਤ ਦਾ ਲਫਜ ਹੈ, ਦੇ ਅਰਥ ਹਨ-ਕੰਮ, ਕਰਮ, ਕਮਾਈ, ਕਰਣੀ, ਕਰਤੂਤ। ਮਜਦੂਰ ਮਜਦੂਰੀ (ਕਿਰਤ ਕਰਨ ਵਾਲਾ) ਰੱਬੀ ਭਗਤ ਤੇ ਸਿੱਖ ਗੁਰੂ ਸਹਿਬਾਨ ਸਾਰੇ ਕਿਰਤੀ ਸਨ। ਬਾਬੇ ਨਾਨਕ ਨੇ ਕਿਰਤੀ ਭਾਈ ਲਾਲੋ ਕਮਾਈ ਨੂੰ ਧਰਮ ਕਿਰਤ ਖੂਨ ਪਸੀਨੇ ਦੀ ਕਮਾਈ ਤੇ ਹੰਕਾਰੀ ਮਲਕ ਭਾਗੋ ਦੀ ਧੱਕੇਸ਼ਾਹੀ ਨੂੰ ਹਰਾਮ ਦੀ ਕਮਾਈ ਕਿਹਾ ਸੀ। ਅੱਜ ਵੀ ਵਿਹਲੜ ਰਜਵਾੜੇ ਅਮੀਰ ਲੋਕ, ਮਜਦੂਰਾਂ ਦਾ ਸ਼ੋਸ਼ਣ ਕਰਦੇ ਉਨ੍ਹਾਂ ਨੂੰ ਪੂਰੀ ਮਜਦੂਰੀ ਨਹੀਂ ਦਿੰਦੇ ਹਨ। ਇਹ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਕਿਰਤੀ ਮਜਦੂਰਾਂ ਦੀ ਕੁਰਬਾਨੀ ਨਾਲ ਮਜਦੂਰ ਕਿਰਤੀ ਸਭਾਵਾਂ ਬਣੀਆਂ ਤੇ ਮਜਦੂਰਾਂ ਹੱਕ ਅੱਠ ਘੰਟੇ ਕੰਮ ਤੇ ਵੱਧ ਤਾਂ ਓਵਰ ਟੀਮ ਅਤੇ ਹੋਰ ਭੈਨੀਫਿਟ ਮੈਡੀਕਲ ਵਗੈਰਾ ਦਿੱਤੇ ਜਾਣ ਲੱਗੇ। ਭਾਰਤ ਪਾਕਿਸਤਾਨ ਆਦਿਕ ਏਸ਼ੀਆ ਦੇਸ਼ਾਂ ਵਿੱਚ ਅੱਜ ਵੀ ਕਿਰਤੀਆਂ ਦਾ ਪੂਰਾ ਸ਼ੋਸ਼ਣ ਹੋ ਰਿਹਾ ਹੈ।

ਗੁਰਮਤਿ ਵਿੱਚ ਧਰਮ ਕਿਰਤ ਦੀ ਭਾਰੀ ਮਹਿਮਾ ਅਤੇ ਕਿਰਤੀ ਮੰਗਣ ਦੇ ਵੱਡੇ ਪਾਪ ਤੋਂ ਬਚ ਜਾਂਦਾ ਹੈ। ਗੁਰੂ ਨਾਨਕ ਸਾਹਿਬ ਫੁਰਮਾਂਦੇ ਹਨ ਕਿ-ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥(੧੨੪੫) ਭਾਵ ਜੋ ਕਿਰਤ ਕਮਾਈ ਕਰਕੇ, ਵੰਡ ਛਕਦੇ ਨੇ, ਪ੍ਰਮਾਰਥ ਦਾ ਰਾਹ ਉਹ ਹੀ ਪਛਾਣਿ ਸਕਦੇ ਹਨ। ਗੁਰੂ ਅਰਜਨ ਸਾਹਿਬ-ਉਦਮੁ ਕਰੇਂਦਿਆਂ ਜੀਉ ਤੂੰ ਕਮਾਵਦਿਆਂ ਸੁਖ ਭੁੰਚੁ॥(੫੨੨) ਭਾਵ ਉਦਮੀ ਬੰਦਾ ਹੀ ਕਿਰਤ ਕਰਕੇ ਸਰੀਰਕ ਤੇ ਮਾਨਸਿਕ ਸੁਖ ਮਾਣ ਸਕਦਾ ਹੈ। ਭਗਤ ਤ੍ਰਲੋਚਨ ਨੂੰ ਭਗਤ ਨਾਮਦੇਵ ਕਿਰਤ ਕਰਦੇ ਕਰਤੇ ਨੂੰ ਯਾਦ ਰੱਖਣ ਦਾ ਉਪਦੇਸ਼ ਇਉਂ ਦੇਂਦੇ ਹਨ-ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ॥ਹਾਥ ਪਾਉਂ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥੨੧੩॥ (੧੩੭੫) ਬਾਬਾ ਰਵਿਦਾਸ ਜੀ ਖੁਦ ਕਿਰਤ ਕਰਦੇ ਜਨਤਾ ਨੂੰ ਰੱਬੀ ਉਪਦੇਸ਼ ਦਿੰਦੇ ਸਨ।

ਭਾਈ ਗੁਰਦਾਸ ਜੀ ਵੀ ਫੁਰਮਾਂਦੇ ਹਨ ਕਿ-ਕਿਰਤਿ ਵਿਰਤਿ ਕਰਿ ਧਰਮ ਦੀ, ਖਟਿ ਖਵਾਲਣੁ ਕਾਰਿ ਕਰੇਹੀਂ॥੩॥
ਭਾਈ ਨੰਦ ਲਾਲ ਜੀ ਵੀ ਰਹਿਤ ਨਾਮੇ ਚ ਫੁਰਮਾਂਦੇ ਹਨ-ਦਸ ਨਖ ਕਰ ਜੋ ਕਾਰ ਕਮਾਵੈ। ਤਾਂ ਕਰ ਜੋ ਧਨ ਘਰ ਮਹਿ ਆਵੈ। ਤਿਸ ਤੇ ਗੁਰ ਦਸੌਂਦ ਜੋ ਦੇਈ। ਸਿੰਘ ਸਜਸ ਬਹੁ ਜਗ ਮਹਿ ਲੇਈ।

ਕਿਰਤੀ ਦਾ ਅਰਥ ਹੈ ਹੱਥੀਂ ਮਿਹਨਤ ਕਰਕੇ, ਘਰ ਬਾਰ ਅਤੇ ਸੰਸਾਰ ਚਲਾਉਣ ਵਾਲਾ। ਫਿਰਤੀ ਦਾ ਮਤਲਵ ਹੈ ਫਿਰਤੂ ਭਾਵ ਵਿਹਲੜ ਅਤੇ ਦੂਜਿਆਂ ਦੇ ਟੁਕੜਿਆਂ ਤੇ ਪਲਣ ਵਾਲਾ। ਕਿਰਤ ਦੀ, ਦੁਨੀਆਂ ਵਿੱਚ ਬੜੀ ਮਹਿਮਾਂ ਹੈ ਅਤੇ ਕਿਰਤ ਕਰਕੇ ਹੀ ਵੱਡੇ ਵੱਡੇ ਕਾਰੋਬਾਰ ਚੱਲ ਰਹੇ ਹਨ। ਦੁਨੀਆਂ ਨੂੰ ਪੈਦਾ ਕਰਨ ਵਾਲੇ ਦਾ ਨਾਮ ਵੀ ਕਰਤਾ ਹੈ ਭਾਵ ਕਰਨ ਵਾਲਾ। ਉਸ ਨੇ ਕੁਦਰਤ ਪੈਦਾ ਕਰਕੇ, ਪੌਣ, ਪਾਣੀ, ਅੱਗ, ਹਵਾ, ਧਰਤੀ, ਅਕਾਸ਼, ਬਨਸਪਤੀ, ਅਤੇ ਜੀਵ ਜੰਤੂ ਪੈਦਾ ਕੀਤੇ ਹਨ ਅਤੇ ਸਭ ਨੂੰ ਪੈਦਾ ਕਰ, ਪਾਲ-ਸੰਭਾਲ ਅਤੇ ਬਿਲੇ ਲਾਉਣ ਦੀ ਕਾਰ ਕਰ ਰਿਹਾ ਹੈ, ਸੋ ਦੁਨੀਆਂ ਦਾ ਕਰਤਾ ਵੀ ਕਿਰਤੀ ਹੈ।

ਦੇਖੋ ਜਿਤਨੇ ਵੀ ਭਗਤ ਅਤੇ ਗੁਰੂ ਸਭ ਕਿਰਤੀ ਅਤੇ ਗ੍ਰਿਹਸਤੀ ਹੋਏ ਹਨ। ਕੁਝ ਕੁ ਉਦਾਹਰਣਾਂ ਜਿਵੇਂ ਭਗਤ ਰਵਿਦਾਸ ਜੀ ਜੁੱਤੀਆਂ ਗੰਢਦੇ, ਭਗਤ ਕਬੀਰ ਜੀ ਤਾਣੀ ਬੁਣਦੇ ਅਤੇ ਭਗਤ ਧੰਨਾ ਜੀ ਖੇਤੀ ਕਰਦੇ ਸਨ। ਜਗਤ ਰਹਿਬਰ ਬਾਬਾ ਨਾਨਕ ਜੀ ਨੇ ਵੀ ਬਚਪਨ ਵਿੱਚ ਮੱਝਾਂ ਚਾਰੀਆਂ, ਵਾਪਾਰ ਅਤੇ ਖੇਤੀ-ਬਾੜੀ ਵੀ ਕੀਤੀ, ਬਾਕੀ ਗੁਰੂ ਵੀ ਕਿਰਤੀ ਸਨ। ਉੱਘੇ ਸਿੱਖ ਅਤੇ ਵਿਦਵਾਂਨ ਵੀ ਕਿਰਤ ਕਰਦੇ ਸਨ, ਜਿਵੇਂ ਬੇਬੇ ਨਾਨਕੀ, ਬਾਬਾ ਬੁੱਢਾ, ਭਾਈ ਭਗੀਰਥ, ਭਾਈ ਪੈੜਾ ਮੋਖਾ, ਮਾਤਾ ਖੀਵੀ, ਭਾਈ ਜੇਠਾ, ਮਾਤਾ ਗੰਗਾ, ਭਾਈ ਬਿਧੀ ਚੰਦ, ਬਾਬਾ ਮੱਖਣਸ਼ਾਹ ਲੁਬਾਣਾ, ਭਾਈ ਦਿਆਲਾ, ਭਾਈ ਮਤੀ ਦਾਸ, ਮਾਤਾ ਗੁਜਰੀ, ਮਾਈ ਭਾਗੋ, ਭਾਈ ਦਇਆ ਸਿੰਘ, ਧਰਮ ਸਿੰਘ, ਹਿਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਭਾਈ ਘਨੀਆ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਸ੍ਰ. ਜੱਸਾ ਸਿੰਘ ਆਹਲੂਵਾਲੀਆ, ਸ੍ਰ. ਜੱਸਾ ਸਿੰਘ ਰਾਮਗੜ੍ਹੀਆ, ਨਵਾਬ ਕਪੂਰ ਸਿੰਘ, ਬੀਬੀ ਸ਼ਰਨ ਕੌਰ, ਸ੍ਰ. ਹਰੀ ਸਿੰਘ ਨਲੂਆ, ਸ੍ਰ. ਸ਼ਾਮ ਸਿੰਘ ਅਟਾਰੀਵਾਲਾ, ਬਾਬਾ ਬੀਰ ਸਿੰਘ ਨੌਰੰਗਾਬਾਦ, ਭਾਈ ਮਹਿਰਾਜ ਸਿੰਘ, ਅਕਾਲੀ ਫੂਲਾ ਸਿੰਘ, ਭਾਈ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ, ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਪ੍ਰੋ. ਸਾਹਿਬ ਸਿੰਘ, ਸ੍ਰ. ਗੰਡਾ ਸਿੰਘ, ਸਿਰਦਾਰ ਕਪੂਰ ਸਿੰਘ, ਬਾਬਾ ਖੜਕ ਸਿੰਘ, ਸ੍ਰ. ਕਰਤਾਰ ਸਿੰਘ ਝੱਬਰ, ਜਨਰਲ ਸ਼ੁਬੇਗ ਸਿੰਘ, ਬਾਬਾ ਕਰਤਾਰ ਸਿੰਘ, ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਅਤੇ ਹੋਰ ਵੀ ਅਨੇਕਾਂ ਹੀ ਸਿੰਘ ਸਿੰਘਣੀਆਂ ਕਿਰਤੀ ਅਤੇ ਗ੍ਰਿਹਸਤੀ ਹੋਏ ਹਨ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਸਿੰਘ ਸਿੰਘਣੀਆਂ ਕਿਰਤੀ ਅਤੇ ਗ੍ਰਿਹਸਤੀ ਸਨ। ਜਗਤ ਰਹਿਬਰ ਬਾਬਾ ਗੁਰੂ ਨਾਨਕ ਸਾਹਿਬ ਨੇ ਤਾਂ ਉਪਦੇਸ਼ ਹੀ ਸੰਸਾਰ ਨੁੰ ਇਹ ਦਿੱਤਾ ਸੀ ਕਿ ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ।
ਵਿਹਲੜ ਰਹਿਣ ਨਾਲ ਅਨੇਕਾਂ ਬੀਮਾਰੀਆਂ ਅਤੇ ਵਿਕਾਰ ਪੈਦਾ ਹੋ ਜਾਂਦੇ ਹਨ। ਸਦਾ ਦੂਜੇ ਦਾ ਆਸਰਾ ਤੱਕਣਾ, ਦੂਸਰਿਆਂ ਲੋੜਵੰਦਾਂ ਨੂੰ ਵੰਡਣ ਦੀ ਬਜਾਏ ਹੋਰਨਾਂ ਕੋਲੋਂ ਮੰਗਣਾਂ ਪੈਂਦਾ ਹੈ ਅਤੇ ਵਿਹਲੜ ਕਿਰਤੀਆਂ ਤੇ ਬੋਝ ਬਣ ਜਾਂਦੇ ਹਨ। ਦੇਖੋ! ਪੁਰਾਤਨ ਬਾਬਿਆਂ ਨੂੰ ਛੱਡ ਕੇ ਅਜੋਕੇ ਨਵੀਨ ਬਾਬੇ (ਭਾਂਤ-ਸੁਭਾਂਤੇ ਡੇਰੇਦਾਰ) ਸਭ ਵਿਹਲੜ ਹਨ। ਕੋਈ ਕਿਰਤ ਕਮਾਈ ਨਹੀਂ ਕਰਦਾ, ਕੋਈ ਡੱਕਾ ਨਹੀਂ ਤੋੜਦਾ, ਕਾਰ ਸੇਵਾ ਵਾਲੇ ਬਾਬਿਆਂ ਪਹਿਲਾਂ ਪਹਿਲ ਜਰੂਰ ਧਰਮ ਅਸਥਾਨਾਂ ਦੀ ਸੇਵਾ ਕੀਤੀ ਪਰ ਬਹੁਤਿਆਂ ਨੇ ਤਾਂ ਸਾਡੀਆਂ ਇਤਿਹਾਸਕ ਇਮਾਰਤਾਂ-ਯਾਦਗਾਰਾਂ ਨੂੰ ਹੀ ਮਲੀਆਮੇਟ ਕੀਤਾ। ਗ੍ਰਾਹੀਆਂ ਅਤੇ ਦੁੱਧ ਇਕੱਠਾ ਕਰਕੇ ਦੁੱਧ ਘਿਉ ਦਾ ਵਾਪਾਰ ਕਰਨ ਲੱਗ ਪਏ। ਮਸੰਦਾਂ ਵਾਂਗ ਗਰੀਬ ਜਿਮੀਦਾਰਾਂ ਦੇ ਖੇਤਾਂ ਅਤੇ ਘਰਾਂ ਚੋਂ ਵੀ ਜਬਰੀ ਕਣਕ ਦੀਆਂ ਬੋਰੀਆਂ ਚੁੱਕਣ ਲੱਗ ਪਏ। ਸੋ ਜਿਤਨੇ ਵੀ ਫਿਰਤੂ ਡੇਰੇਦਾਰ ਹਨ ਸਭ ਗ੍ਰਿਹਸਤੀਆਂ ਦੇ ਦਾਨ ਤੇ ਪਲਦੇ ਹਨ। ਇਨ੍ਹਾਂ ਵਿਹਲੜਾਂ ਨੇ ਹਰਾਮ ਦੀ ਕਮਾਈ ਨਾਲ ਆਪੋ ਆਪਣੇ ਆਲੀਸ਼ਾਨ ਡੇਰੇ ਬਣਾ ਲਏ ਅਤੇ ਜਮੀਨਾਂ ਖਰੀਦ ਲਈਆਂ ਹਨ। ਡੇਰਿਆਂ ਵਿੱਚ ਹਿੰਦੂ ਮਿਥਿਹਾਸ ਦੀਆਂ ਕਹਾਣੀਆਂ ਸੁਣਾ-ਸੁਣਾਂ ਕੇ ਸਿੱਖੀ ਦਾ ਭਗਵਾਕਰਨ ਕਰੀ ਜਾ ਰਹੇ ਹਨ। ਕਿਰਤ ਤੋਂ ਭਗੌੜੇ ਵਿਹਲੜਾਂ ਦੇ ਕਿਸੇ ਵੀ ਡੇਰੇ ਵਿੱਚ ਸਿੱਖ ਰਹਿਤ ਮਰਯਾਦਾ ਲਾਗੂ ਨਹੀਂ ਹੈ। ਹੁਣ ਇਹ ਵਿਹਲੜ ਡੇਰੇਦਾਰ ਰਾਜਨੀਤਕ ਲੀਡਰਾਂ ਦੇ ਵੋਟ ਬੈਂਕ ਬਣ, ਸਰਕਾਰੇ ਦਰਬਾਰੇ ਪਹੁੰਚ ਰੱਖਦੇ ਹਨ। ਜੇ ਕਿਤੇ ਡੇਰਿਆਂ ਵਿੱਚ ਹੁੰਦੇ ਵਿਸ਼ੇ ਵਿਕਾਰ ਅਤੇ ਕਤਲਾਂ ਦੀ ਸੂਹ ਬਾਹਰ ਨਿਕਲ ਜਾਵੇ ਤਾਂ ਸਰਕਾਰਾਂ ਨਾਲ ਸਾਂਝ ਹੋਣ ਕਰਕੇ ਇਨ੍ਹਾਂ ਦਾ ਕੱਖ ਵੀ ਨਹੀਂ ਵਿਗੜਦਾ।

ਗੁਰਸਿੱਖੋ! ਜਰਾ ਧਿਆਨ ਨਾਲ ਸੋਚੋ ਕਿ ਜੇ ਸਾਡੇ ਭਗਤ, ਗੁਰੂ ਅਤੇ ਗੁਰਸਿੱਖ ਆਗੂ ਕਿਰਤੀ ਅਤੇ ਗ੍ਰਿਹਸਤੀ ਸਨ ਫਿਰ ਇਹ ਕਿਰਤ ਤੋਂ ਭਗੌੜੇ ਵਿਹਲੜ ਡੇਰੇਦਾਰ ਸਾਧ ਸੰਪ੍ਰਦਾਈ ਬਾਬੇ ਕਿੱਥੋਂ ਸਿੱਖੀ ਤੇ ਕਾਬਜ ਹੋ, ਗੁਰੂਆਂ-ਭਗਤਾਂ ਤੋਂ ਵੀ ਵੱਡੇ ਸਿਆਣੇ ਹੋ ਗਏ? ਗੁਰੂ ਨੇ ਸਾਨੂੰ ਸਿੱਖ ਬਣਾਇਆ ਸੀ ਅਤੇ ਭਾਈ, ਬਾਬੇ ਅਤੇ ਸਿੰਘ ਕੌਰ ਦਾ ਤਖੱਲਸ ਦਿੱਤਾ ਸੀ ਫਿਰ ਇਹ ਮਹਾਂਰਾਜ, ਬ੍ਰਹਮ ਗਿਆਨੀ, ਬਾਬਾ ਜੀ ਮਹਾਂਰਾਜ ਅਤੇ ੧੦੮ ਮਹਾਂਪੁਰਖ ਕਿਵੇਂ ਬਣ ਗਏ? ਕਿਹੜੇ ਗੁਰੂ ਭਗਤ ਨੇ ਇਨ੍ਹਾਂ ਨੂੰ ਇਹ ਡਿਗਰੀਆਂ ਦਿੱਤੀਆਂ ਸਨ? ਅਜੋਕੇ ਬਹੁਤੇ ਡੇਰੇਦਾਰ ਕਿਰਤ ਤੋਂ ਭਗੌੜੇ ਬਾਬੇ ਕਿਸ ਹੱਦ ਤੱਕ ਵਿਗੜ ਚੁੱਕੇ ਹਨ ਜੋ ਪਰਾਏ ਮਾਲ, ਧੰਨ ਦੌਲਤ ਅਤੇ ਵੋਟਾਂ ਦੀ ਤਾਕਤ ਨਾਲ ਪਰਾਈਆਂ ਔਰਤਾਂ ਨਾਲ ਜੋਰਾ-ਜਬਰੀ ਬਲਾਤਕਾਰ ਵੀ ਕਰਦੇ ਹਨ। ਜਿਵੇਂ ਗੁਰੂ ਰਾਮ ਦਾਸ ਜੀ ਨੇ ਮਸੰਦ ਸਿਸਟਮ ਦਸਵੰਧ ਇਕੱਠਾ ਕਰਨ ਅਤੇ ਪ੍ਰਚਾਰ ਕਰਨ ਲਈ ਪੈਦਾ ਕੀਤਾ ਸੀ ਜੋ ਹੌਲੀ ਹੌਲੀ ਹੰਕਾਰੀ, ਵਿਕਾਰੀ ਅਤੇ ਵਿਹਲੜ ਲੁਟੇਰਾ ਹੋ ਗਿਆ, ਜਿਸਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦ ਕਰਨਾ ਪਿਆ ਇੱਥੋਂ ਤੱਕ ਵੀ ਲਿਖਿਆ ਹੈ ਕਿ ਮਸੰਦ ਸਾੜਨੇ ਵੀ ਪਏ।

ਅੱਜ ਵੀ ਪੰਥ ਨੂੰ ਕਿਰਤ ਤੋਂ ਭਗੌੜੇ ਅਤੇ ਬਲਾਤਕਾਰੀ ਡੇਰੇਦਾਰਾਂ ਦਾ ਡੇਰੇਵਾਦ ਦਾ ਭ੍ਰਿਸ਼ਟ ਸਿਸਟਮ ਬੰਦ ਕਰ ਦੇਣਾਂ ਚਾਹੀਦਾ ਹੈ ਕਿਉਂਕਿ ਇਹ ਡੇਰੇਦਾਰ ਸਾਧ ਵਕਤੀਆ ਸਰਕਾਰਾਂ ਨਾਲ ਮਿਲ ਕੇ ਸਿੱਖ ਸਿਧਾਂਤਾਂ ਦਾ ਮਲੀਆਮੇਟ ਕਰ ਰਹੇ ਹਨ। ਜੇ ਸਾਡੇ ਗੁਰੂਆਂ-ਭਗਤਾਂ ਨੇ ਕਿਰਤ ਅਤੇ ਗ੍ਰਿਹਸਤ ਨੂੰ ਪਹਿਲ ਦਿੱਤੀ ਹੈ ਤਾਂ ਸਾਨੂੰ ਵੀ ਉਸ ਤੇ ਪਹਿਰਾ ਦੇਣਾਂ ਚਾਹੀਦਾ ਹੈ। ਜੇ ਜਗਤ ਰਹਿਬਰ ਬਾਬਾ ਗੁਰੂ ਨਾਨਕ ਸਾਹਿਬ ਕਿਰਤੀ ਸੀ ਤਾਂ ਅਜੋਕੇ ਸਿੱਖ-ਸਾਧ ਫਿਰਤੀ (ਵਿਹਲੜ) ਕਿਉਂ ਹਨ? ਸਾਨੂੰ ਪ੍ਰਚਾਰਕ ਵੀ ਕਿਰਤੀ ਪੈਦਾ ਕਰਨੇ ਚਾਹੀਦੇ ਹਨ ਨਾਂ ਕਿ ਫਿਰਤੀ (ਵਿਹਲੜ)। ਜੇ ਬਾਬਾ ਨਾਨਕ, ਬਾਬਾ ਬੁੱਢਾ, ਬਾਬਾ ਮੱਖਣ ਸ਼ਾਹ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਨਵਾਬ ਕਪੂਰ ਸਿੰਘ, ਪ੍ਰੋ. ਗੁਰਮੁਖ ਸਿੰਘ, ਭਾਈ ਦਿੱਤ ਸਿੰਘ, ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਭਾਈ ਫੌਜਾ ਸਿੰਘ, ਬਾਬਾ ਜਰਨੈਲ ਸਿੰਘ, ਜਨਰਲ ਸ਼ੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਆਦਿਕ ਕਿਰਤੀ ਅਤੇ ਗ੍ਰਿਹਸਤੀ ਹੋਣ ਦੇ ਨਾਲ ਪ੍ਰਚਾਰ ਵੀ ਕਰਦੇ ਸਨ ਤੇ ਅਜੋਕੇ ਬਾਬੇ ਅਤੇ ਪ੍ਰਚਾਰਕ ਕਿਉਂ ਨਹੀਂ? ਅਜੋਕੇ ਬਾਬੇ, ਡੇਰੇਦਾਰ ਅਤੇ ਰਾਗੀ-ਢਾਢੀ, ਪ੍ਰਚਾਰਕ ਗੁਰੂਆਂ-ਭਗਤਾਂ ਤੋਂ ਕੋਈ ਉੱਪਰ ਨਹੀਂ ਜੋ ਹੱਥੀਂ ਕਿਰਤ ਕਰਨੀ ਛੱਡ ਕੇ, ਗੁਰੂ ਕੀ ਗੋਲਕ ਅਤੇ ਗੁਰਿਸੱਖਾਂ ਦੀ ਕਿਰਤ ਕਮਾਈ ਤੇ ਟੇਕ ਰੱਖਦੇ ਹਨ।
ਸੋ ਸਿੱਖ ਹਮੇਸ਼ਾਂ ਕਿਰਤੀ ਹੈ ਅਤੇ ਫਿਰਤੂ ਵਿਹਲੜਾਂ ਨੂੰ ਖੂਨ ਪਸੀਨੇ ਦੀ ਕਮਾਈ ਨਹੀਂ ਲੁਟਾਉਂਦਾ। ਕਿਰਤ ਨਾਲ ਹੀ ਚੰਗੇ-ਚੰਗੇ ਸਕੂਲ, ਕਾਲਜ, ਯੂਨੀਵਰਸਿਟੀਆਂ ਆਦਿ ਵਿਦਿਅਕ ਅਦਾਰੇ ਅਤੇ ਉਦਯੋਗਕ ਕਾਰਖਾਨੇ ਖੋਲੇ ਜਾ ਸਕਦੇ ਹਨ ਅਤੇ ਲੋੜਵੰਦਾਂ ਨੂੰ ਕੰਮ ਦਿੱਤਾ ਜਾ ਸਕਦਾ ਹੈ। ਸੋ ਸਾਨੂੰ ਕਿਰਤ-ਗ੍ਰਿਹਸਤ ਦੀ ਮਹਾਨਤਾ ਨੂੰ ਸਮਝਦੇ ਹੋਏ ਵਿਹਲੜ ਸਾਧਾਂ-ਸੰਤਾਂ, ਮਹਿੰਗੇ-ਮਹਿੰਗੇ ਰਾਗੀਆਂ-ਪ੍ਰਚਾਰਕਾਂ ਅਤੇ ਡੇਰੇਦਾਰਾਂ ਦਾ ਪੇਟ ਭਰਨ ਨਾਲੋਂ ਕਿਰਤ ਕਰਨੀ, ਵੰਡ ਛੱਕਣਾਂ ਅਤੇ ਨਾਮ ਜਪਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਹੀ ਸਿੱਖੀ ਦਾ ਗੁਰਮੁਖ ਗਾਡੀ ਰਾਹ (ਪੰਥ) ਹੈ-ਕਿਰਤ ਵਿਰਤ ਕਰ ਧਰਮ ਦੀ…ਗੁਰਮੁਖ ਗਾਡੀ ਰਾਹੁ ਚਲੰਦਾ॥ (ਭਾ.ਗੁ.) ਆਪਣੀ ਕਿਰਤ ਵਿਰਤ ਦੀ ਕਮਾਈ ਸਫਲ ਕਰਨ ਲਈ, ਸੰਸਾਰ ਦੀਆਂ ਬਹੁਤ ਸਾਰੀਆਂ ਬੋਲੀਆਂ ਵਿੱਚ ਗੁਰਬਾਣੀ ਦੇ ਅਰਥ-ਉਲੱਥੇ ਵੰਡਣੇ ਚਾਹੀਦੇ ਹਨ ਤਾਂ ਕਿ ਬਾਕੀ ਜਨਤਾ ਵੀ ਗੁਰੂ ਗ੍ਰੰਥ ਖਜ਼ਾਨੇ ਚੋਂ ਸਿਖਿਆ ਦੇ ਕੁਝ ਮੋਤੀ ਪ੍ਰਾਪਤ ਕਰਕੇ ਜੀਵਨ ਸਫਲ ਕਰ ਸੱਕੇ ਤੇ ਭਾਈ ਲਾਲੋ ਵਰਗੇ ਕਿਰਤੀ ਮਜਦੂਰ(ਕਾਮੇ) ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸੱਕਣ।

LEAVE A REPLY

Please enter your comment!
Please enter your name here