ਪੁਸਤਕ ਮੁਲੰਕਣ : ਅਵਤਾਰ ਸਾਦਿਕ ( ਯੂ.ਕੇ )
ਪੁਸਤਕ ਦਾ ਨਾਮ : ਲੋਕ ਸ਼ਕਤੀ
ਸ਼ਾਇਰ : ਗੁਰਨਾਮ ਢਿਲੋਂ
ਪ੍ਰਕਾਸ਼ਕ : 5 ਆਬ,ਦੇਸ਼ ਭਗਤ ਯਾਦਗਾਰ ਬਿਲਡਿੰਗ ਜਲੰਧਰ

——————————————————————-ਬਰਤਾਨੀਆਂ ਵਿਚ ਗੁਰਨਾਮ ਢਿਲੋਂ ਸਾਹਿਤਕ ਸਿਰਜਣਾ ਦੇ ਮੁਹਾਜ਼ ਉੱਤੇ ਨਿਵੇਕਲਾ, ਕ੍ਰਾਂਤੀਕਾਰੀ ਅਤੇ ਬਹੁ-ਚਰਚਿਤ ਨਾਮ ਹੈ । ਉਹ ਪ੍ਰਗਤੀਵਾਦੀ ਸਿਧਾਂਤ ਨੂੰ ਸਮਰਪਿਤ ਕਰਮਸ਼ੀਲ ਕਵੀ ਹੈ ਅਤੇ ਉਸ ਨੇ ਪ੍ਰਗਤੀਵਾਦੀ ਸਮਾਲੋਚਨਾ ਦੇ ਖੇਤਰ ਵਿਚ ਵੀ “ਸਮਕਾਲੀ ਪੰਜਾਬੀ ਕਾਵਿ : ਸਿਧਾਂਤਕ ਪਰਿਪੇਖ ਦੀ ਰਚਨਾ ਕਰ ਕੇ ਪ੍ਰਗਤੀਵਾਦੀ ਸਾਹਿਤਕ ਸਮਾਲੋਚਨਾ ਦੇ ਮੁਹਾਂਦਰੇ ਨੂੰ ਨਿਖਾਰਿਆ ਹੈ । ਹਥਲਾ “ਲੋਕ ਸ਼ਕਤੀ” ਉਸ ਦਾ ਅੱਠਵਾਂ ਕਾਵਿ-ਸੰਗ੍ਰਿਹ ਹੈ । ਸ਼ਾਇਰ ਨੇ ਏਸੇ ਵਰ੍ਹੇ “ਦਰਦ ਦੇ ਰੰਗ” ਕਾਵਿ-ਸੰਗ੍ਰਿਹ ਪੰਜਾਬੀ ਭਾਸ਼ਾ ਦੇ ਸਾਹਿਤਕ ਜਗਤ ਦੀ ਝੋਲੀ ਵਿਚ ਪਾ ਕੇ ਪ੍ਰਗਤੀਵਾਦੀ ਸਾਹਿਤਕ ਧਾਰਾ ਦੇ ਮਾਣ ਵਿਚ ਵਾਧਾ ਕੀਤਾ ਹੈ । ਗੁਰਨਾਮ ਢਿੱਲੋਂ ਕਵਿਤਾ ਦੀ ਰਚਨਾ ਕਰਨ ਦੇ ਨਾਲ ਨਾਲ ਕਵਿਤਾ ਜਿਊਂਦਾ ਵੀ ਹੈ ।
ਅਜੋਕੀਆਂ ਪ੍ਰਸਥਿਤੀਆਂ ਦੇ ਪਰਸੰਗ ਵਿਚ ਭਾਰਤੀ ਸੱਭਿਆਚਾਰ ਇਕ ਅਤਿ ਗੰਭੀਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ । ਸਮਕਾਲੀ ਵਿਸ਼ਵ ਚਿੰਤਨ ਵਿਚ ਸਾਮਰਾਜੀ ਵਿਸ਼ਵੀਕਰਣ ਦਾ ਵਰਤਾਰਾ ਨਿਰੇ ਭਾਰਤ ਵਿਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿਚ ਫ਼ਿਕਰਮੰਦੀ ਅਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਇਹ ਬੁਰਜੂਆ ਨਵਉਦਾਰਵਾਦੀ ,ਉਪਭੋਗਵਾਦੀ,ਲਾਭਵਾਦੀ ਬਾਜਾਰਵਾਦੀ,ਕਦਰਾਂ ਕੀਮਤਾਂ ਨੂੰ ਉਤਸ਼ਾਹਤ ਅਤੇ ਉਤੇਜਤ ਕਰਦਾ ਹੈ । ਇਹ ਮੌਜੂਦਾ ਪੂੰਜੀਵਾਦੀ ਦੌਰ ਦੇ ਰਾਜ ਪ੍ਰਬੰਧਾਂ ਦੀਆਂ ਆਰਥਕ ,ਰਾਜਨੀਤਕ ,ਸਮਾਜਕ, ਅਤੇ ਸੱਭਿਆਚਾਰਕ ਕਾਰਜ ਪ੍ਰਣਾਲੀਆਂ ਅਤੇ ਉਨ੍ਹਾਂ ਉਪਰ ਅਧਾਰਤ ਜਨ ਜੀਵਨ ਨੂੰ ਆਪਣੇ ਦਾਬੇ ਅਤੇ ਸਰਦਾਰੀ ਹੇਠ ਇਸ ਕਦਰ ਰੱਖ ਰਿਹਾ ਹੈ ਜਿਵੇਂ ਇਹ ਮਨੁੱਖੀ ਸਮਾਜਕ ਵਿਕਾਸ ਦਾ ਸਥਾਈ,ਸਦੀਵੀ ਅਤੇ ਅਜਿਤ ਪੜਾਅ ਹੋਵੇ । ਕਵੀ ਗੁਰਨਾਮ ਢਿਲੋਂ ਇਤਿਹਾਸਕ ਪਦਾਰਥਵਾਦੀ/ ਵਿਗਿਆਨਕ ਪਹੁੰਚ ਅਪਨਾਉਂਦਾ ਹੋਇਆ ਪੂੰਜੀਵਾਦੀ ਵਿਵਸਥਾ ਦੇ ਇਸ ਸਦੀਵੀ ਅਸਤਿਤਵ ਨੂੰ ਰੱਦ ਕਰਦਾ ਹੈ ਅਤੇ ਕਿਰਤੀ ਸ਼੍ਰੇਣੀ ਦੀ ਜਿੱਤ ਵਿਚ ਆਸਥਾ ਪਰਗਟ ਕਰਦਾ ਹੈ ਜਿਵੇਂ:
ਛੰਦ ਪਰਾਗੇ ਮਿੱਟ ਜਾਏ ਜੇ , ਲੁੱਟ ਦਾ ਸੱਭਿਆਚਾਰ
ਕਿਰਤੀ ਆਪਣੀ ਕਿਸਮਤ ਦਾ ਫਿਰ, ਆਪ ਬਣੂ ਕਰਤਾਰ ।
ਸ਼੍ਰੇਣੀ ਸਮਾਜ ਵਿਚ ਹਾਕਮ ਜਮਾਤਾਂ ਨੇ ਕਦੀ ਵੀ ਆਪਣੇ ਰਾਜ ਤੰਤਰ ਦੇ ਖਾਤਮੇਂ ਪ੍ਰਤੀ ਭਰੋਸਾ ਨਹੀਂ ਕੀਤਾ । ਗੁਲਾਮਦਾਰੀ ਯੁੱਗ ਵਿਚ ਮਾਲਕਾਂ ਨੂੰ ਭਰੋਸਾ ਸੀ ਕਿ ਉਨ੍ਹਾਂ ਦਾ ਪ੍ਰਬੰਧ ਸਦਾ ਲਈ ਕਾਇਮ ਰਹੇ ਗਾ ਕਿਉਂਕਿ ਉਹ ਸੋਚਦੇ ਸਨ ਕਿ ਉਨ੍ਹਾਂ ਨੂੰ ਹਕੂਮਤ ਰੱਬੀ ਹੁਕਮ ਨਾਲ ਪ੍ਰਾਪਤ ਹੋਈ ਸੀ । ਉਪਰੰਤ ਜਗੀਰੂ “ਲਾਟ” ਵੀ ਇਸ ਹੀ ਖੁਸ਼ਫਹਿਮੀ ਵਿਚ ਰਹੇ । ਪਰੰਤੂ ਉਨ੍ਹਾਂ ਨੂੰ ਆਪਣੀ ਥਾਂ ਸਰਮਾਏਦਾਰੀ ਨਿਜ਼ਾਮ ਨੂੰ ਦੇਣ ਲਈ ਮਜਬੂਰ ਹੋਂਣਾ ਪਿਆ । ਅਕਤੂਬਰ 1917, ਰੂਸ ਵਿਚ ਸਰਮਾਏਦਾਰੀ ਦਾ ਤਖਤਾ ਉਲਟਾ ਕੇ ਮਜ਼ਦੂਰ ਜਮਾਤ ਦੀ ਅਗਵਾਈ ਵਿਚ ਕਿਰਤੀ ਲੋਕਾਂ ਦੀ ਰਾਜਸੱਤਾ ਸਥਾਪਤ ਹੋਈ ਸੀ । ਇਸ ਤਰਾਂ ਸਮਾਜਕ ਵਿਕਾਸ ਦੀ ਰੂਪਰੇਖਾ ਹਮੇਸ਼ਾ ਬਦਲਦੀ ਰਹਿੰਦੀ ਹੈ ।
ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ ਵਿਚ ਸਮਾਜਵਾਦੀ ਢਾਂਚੇ ਦੇ ਪਤਨ ਕਾਰਨ ਕੌਮਾਂਤਰੀ ਪੱਧਰ ਉਪਰ ਤਾਕਤਾਂ ਦਾ ਤੋਲ ਬਦਲ ਗਿਆ । ਅਜੋਕੇ ਇਤਿਹਾਸਕ ਪ੍ਰਸੰਗ ਵਿਚ ਸਮਾਜਕ ਵਿਕਾਸ ਦੀ ਵਾਗਡੋਰ ਅਮਰੀਕਨ ਸਾਮਰਾਜ ਦੇ ਹੱਥ ਵਿਚ ਆਉਣ ਕਾਰਨ ਉਹ “ਮਹਾਂਸ਼ਕਤੀ” (Super Power) ਬਣ ਗਿਆ ਹੈ । ਸਿੱਟੇ ਵਜੋਂ ਉਹ ਉਦਾਰੀਕਰਨ (ਖੁੱਲ੍ਹੀ ਮੰਡੀ), ਨਿਜੀਕਰਨ ਅਤੇ ਵਿਉਪਾਰੀਕਰਨ ਆਦਿ ਦੀਆਂ ਆਰਥਕ ਨੀਤੀਆਂ ਰਾਹੀਂ, ਤੀਜੀ ਅਤੇ ਚੌਥੀ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਦੇ ਕੁਦਰਤੀ ਅਤੇ ਮਨੁੱਖੀ, ਪੈਦਾਵਾਰੀ ਵਸੀਲਿਆਂ ਉੱਤੇ ਅਧਿਕਾਰ ਜਮਾ ਕੇ ਇ੍ਹਨਾਂ ਨੂੰ ਪੁਨਰ-ਬਸਤੀਵਾਦ ਦੇ ਰਾਹ ਤੋਰ ਰਿਹਾ ਹੈ ।
ਭਾਰਤ ਵਿਚ ਪ੍ਰਾਪਤ ਪ੍ਰਸਥਿੱਤੀਆਂ ਦਾ, ਇਤਿਹਾਸਕ ਦਵੰਦਵਾਦੀ ਪਦਾਰਥਵਾਦ ਦੀ ਵਿਧੀ ਰਾਹੀਂ ਬੋਧ ਕਰ ਕੇ, ਕਵੀ, ਪ੍ਰਾਪਤ ਯਥਾਰਥ ਨੂੰ ਲੋਕਯਾਨ ਦੀ ਕਾਵਿ-ਵੰਨਗੀ “ਛੰਦ ਪਰਾਗੇ” ਦੇ ਰੂਪ ਵਿਚ ਬੜੀ,ਸਰਲ ਸਿੱਧੀ, ਸਾਦੀ ਅਤੇ ਸਪੱਸ਼ਟ ਭਾਸ਼ਾ ਵਿਚ ਢਾਲ ਕੇ, ਪੇਸ਼ ਕਰਦਾ ਹੈ । ਮੌਜੂਦਾ ਸਾਮਰਾਜੀ-ਸਰਮਾਏਦਾਰੀ,ਵੱਡੇ ਜਗੀਰਦਾਰੀ ਅਤੇ ਬੁਰਜੂਆਜੀ ਜਮਾਤਾਂ ਦੇ ਹਿੱਤਾਂ ਦੀ ਪ੍ਰਤਿਨਿਧਤਾ ਕਰਦੀ ਰਾਜਸੱਤਾ ਉਪਰ ਕਾਬਜ਼ ਭਾਰਤੀ ਜੰਤਾ ਪਾਰਟੀ ਜਿਹੜੀ ਕਿ ਰਾਸ਼ਟਰੀਆ ਸਵੈਮ ਸੇਵਕ ਦੇ ਆਦੇਸ਼ਾਂ ਅਤੇ ਸਾਮਰਾਜੀ ਸੰਸਾਰੀਕਰਨ ਅਨੁਸਾਰ ਨੀਤੀਆਂ ਘੜਦੀ ਹੈ, ਦੇਸ਼ ਦੀ ਏਕਤਾ,ਆਖੰਡਤਾ ਅਤੇ ਆਜ਼ਾਦੀ ਨੂੰ ਗੰਭੀਰ ਖ਼ਤਰਾ ਪੈਦਾ ਕਰ ਰਹੀ ਹੈ । ਕਵੀ ਖੂਬਸੂਰਤ ਅੰਦਾਜ਼ ਵਿਚ ਲਿਖਦਾ ਹੈ ;
ਛੰਦ ਪਰਾਗੇ ਅੱਜ ਹਾਕਮਾਂ , ਫੜਿਆ ਕਿਹੜਾ ਰਾਹ
ਲਹੂ ਡੋਲ੍ਹ ਕੇ ਪ੍ਰਭੂਤਾ ਲਈ ਨੂੰ, ਖ਼ਤਰਾ ਦਿੱਤਾ ਪਾ ।
ਛੰਦ ਪਰਾਗੇ ਕਰ ਕੇ ਐਸਾ, ਬਾਹਰੋਂ ਧਨ-ਨਿਵੇਸ਼
ਭਗਵੇਂ ਹਾਕਮ ਧਰ ਦੇਣਾ ਹੈ, ਗਹਿਣੇ ਭਾਰਤ ਦੇਸ਼ ।
ਛੰਦ ਪਰਾਗੇ ਬਹੁ-ਰਾਸ਼ਟਰੀ ਨਿਗਮਾਂ ਦੀ ਇਹ ਚਾਲ
ਸੁੱਚੀ ਕਿਰਤ ਕਮਾਈ ਲੁੱਟਣ, ਨਾਲੇ ਕੱਚਾ ਮਾਲ ।
ਇਸ ਪ੍ਰਸੰਗ ਵਿਚ ਸ਼ਾਇਰ ਦੀ ਸੰਸਾਰੀਕਰਨ ਬਾਰੇ ਰਚੀ ਇਕ ਨਿਵੇਕਲੀ ਅਤੇ ਖੂਬਸੂਰਤ ਗ਼ਜ਼ਲ ਸਾਂਝੀ ਕਰਨੀ ਜ਼ਰੂਰੀ ਹੈ :
ਇਹ ਜੋ ਤੇਰਾ ਸੰਸਾਰੀਕਰਨ ਹੈ
ਤੇਰੇ ਹਿੱਤ ਵਿਚ ਜੱਗ ਦਾ ਮੰਡੀਕਰਨ ਹੈ ।
ਸੂਝ, ਸੋਚ, ਵੇਦਨਾ , ਸੰਵੇਦਨਾ
ਦਿਲ ,ਜਿਗਰ ,ਦਾ ਹੀ ਵਪਾਰੀਕਰਨ ਹੈ ।
ਕਲ਼ਾ ਤੇ ਤਹਿਜ਼ੀਬ ਨਗਨ ਹੋ ਗਏ
ਖ਼ੂਬ ਤੇਰਾ ਇਹ ਨਵੀਨੀਕਰਨ ਹੈ !
ਜੱਗ ਦੀ ਜਿੰਦ-ਜਾਨ ਤੇਰੀ ਮੁੱਠ ਵਿਚ
ਵਾਹ ! ਇਹ ਕੈਸਾ ਉਦਾਰੀਕਰਨ ਹੈ।
“ਲਾਭ” ਦੇ ਸੱਚੇ ‘ਚ ਰੂਹ ਨੂੰ ਢਾਲਣਾ
ਰੱਬਤਾ ਦਾ ਹੀ ਬਜ਼ਾਰੀਕਰਨ ਹੈ ।
( ਪੰਨਾ 94, ਤੇਰੀ ਮੁਹੱਬਤ ਕਾਵਿ-ਸੰਗ੍ਰਿਹ ਵਿਚੋਂ )
ਸਾਮਰਾਜੀ/ਨਵਉਦਾਰਵਾਦੀ ਆਰਥਕ ਨੀਤੀ ਤਹਿਤ ਸਰਮਾਏਦਾਰੀ ਵਿਕਾਸ ਮਾਡਲ ਨੂੰ ਕਾਰਪੋਰੇਟ ਮੀਡੀਏ ਰਾਹੀਂ ਲੋਕਾਂ ਦਾ ਮੁਕਤੀ ਮਾਰਗ ਦਰਸਾ ਕੇ ਇਸ ਦੇ ਗੁਣ ਗਾਏ ਜਾਂਦੇ ਹਨ । ਪ੍ਰਧਾਨ ਮੰਤਰੀ ਮੋਦੀ ਨੇ ਅਜ਼ਾਦੀ ਦੀ ਸੱਤਰਵੀਂ ਵਰ੍ਹੇ ਗੰਢ ਮੌਕੇ ਇਕ ਵੱਡੀ ਡੀਂਗ ਮਾਰੀ “ਭਾਰਤ ਆਪਣੇ ਆਪ ਨੂੰ ਦੁਸ਼ਮਣਾਂ ਤੋਂ ਸੁਰੱਖਿਅਕ ਰੱਖਣ ਦੇ ਯੋਗ ਹੀ ਨਹੀਂ ਹੋਇਆ ਸਗੋਂ ਇਕ ਆਰਥਕ ਮਹਾਂ-ਸ਼ਕਤੀ ਵਜੋਂ ਉਭਰ ਰਿਹਾ ਹੈ” । ਪਰੰਤੂ ਇਸ ਤੱਥ ਦਾ ਅਸਲੀ ਰੂਪ ਇਹ ਹੈ ਕਿ ਯੂ, ਐਨ. ਓ,ਦੀ 2015 ਦੀ ਮਨੁੱਖੀ ਵਿਕਾਸ ਸੂਚੀ ਵਿਚ 188 ਮੁਲਕਾਂ ਵਿਚੋਂ ਇਸ ਦਾ 133ਵਾਂ ਸਥਾਨ ਹੈ । ਭਾਰਤ ਵਿਚ 35 ਪੂੰਜੀਪਤੀ ਘਰਾਣਿਆਂ ਦੀ ਦੌਲਤ 80 ਕਰੋੜ ਕਿਸਾਨਾਂ,ਮਜ਼ਦੂਰਾਂ ਅਤੇ ਸ਼ਹਿਰੀ ਬਸਤੀਆਂ ਵਿਚ ਰਹਿੰਦੇ ਲੋਕਾਂ ਨਾਲੋਂ ਵੱਧ ਹੈ । ਕਰੈਡਿਟ ਸੂਇਸ ਵੈਲਥ 2016 ਦੀ ਰੀਪੋਰਟ ਅਨੁਸਾਰ ਇਕ ਪ੍ਰਤੀਸ਼ਤ ਭਾਰਤੀ ਅਮੀਰ ਸ਼੍ਰੇਣੀ ਕੋਲ ਦੇਸ਼ ਦੀ ਕੁੱਲ ਦੌਲਤ ਦਾ 58.4% ਧਨ ਹੈ । ਇਸ ਵਿਕਾਸ ਮਾਡਲ ਦੀ ਹੀ ਦੇਣ ਹੈ ਕਿ ਅਮੀਰ ਅਤੇ ਗਰੀਬ ਵਿਚ ਪਾੜਾ ਵੱਧ ਰਿਹਾ ਹੈ ਅਤੇ ਧਨ ਕੁੱਝ ਕੁ ਹੱਥਾਂ ਵਿਚ ਕੇਂਦਰਤ ਹੋ ਰਿਹਾ ਹੈ । ਇਸ ਵਰਤਾਰੇ ਕਾਰਨ ਪਿਛਲੇ ਦਸ ਸਾਲਾਂ ਵਿਚ ਤੀਹ ਲੱਖ ਕਿਸਾਨ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਹੋਏ ਹਨ । ਮੋਦੀ ਨੇ ਐਲਾਨ ਕੀਤਾ ਸੀ ਕਿ ਹਰ ਵਰ੍ਹੇ ਵੀਹ ਕਰੋੜ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ ਪਰ ਹੁਣ ਤਕ ਅੱਠ ਕਰੋੜ ਲੋਕ ਨੌਕਰੀਆਂ ਤੋਂ ਹੱਥ ਧੋ ਚੁੱਕੇ ਹਨ । ਇਸ ਵਿਕਾਸ ਮਾਡਲ ਕਾਰਨ ਸੱਤਾਧਾਰੀ ਲੀਡਰ ਅਰਬਾਂ-ਖਰਬਾਂ ਰੁਪਿਆਂ ਦੇ ਘੁਟਾਲਿਆਂ ਵਿਚ ਕਚਿਹਰੀਆਂ ਵਿਚ ਪੇਸ਼ੀਆਂ ਭੁਗਤ ਰਹੇ ਹਨ ।
ਵਿਕਾਸ ਦੇ ਇਸ ਰਾਹ ਦੀ ਹੀ ਦੇਣ ਹੈ ਕਿ ਲੋਕ ਭੁੱਖ, ਗਰੀਬੀ,ਬੇਰੁਜ਼ਗਾਰੀ,ਅਨਪੜ੍ਹਤਾ, ਨਾਬਰਾਬਰੀ,ਰੰਗ,ਨਸਲ,ਜ਼ਾਤਪਾਤ,ਲਿੰਗ ਵਿਤਕਰਾ,ਫ਼ਿਰਕੂ ਨਫ਼ਰਤ,ਫ਼ਿਰਕੂ ਹਿੰਸਾ ਜਿਹੀਆਂ ਅਲਾਮਤਾਂ ਭੋਗ ਰਹੇ ਹਨ । ਇਸ ਨਾਲ ਲੁੱਟ ਖੁਸੁੱਟ,ਤਸ਼ੱਦਦ ਅਤੇ ਅਸਹਿਣਸ਼ੀਲਤਾ ਦੇ ਵਰਤਾਰਿਆਂ ਵਿਚ ਵਾਧਾ ਹੋ ਰਿਹਾ ਹੈ ਜਿਵੇਂ:
ਛੰਦ ਪਰਾਗੇ ਅੱਜ ਦੇ ਸ਼ਾਸਕ, ਖੌਫ਼ ਰਤਾ ਨਾ ਖਾਂਦੇ
ਉਪਰੋਂ ਲੈ ਕੇ ਹੇਠਾਂ ਤੀਕਰ, ਖ਼ਲਕਤ ਲੁੱਟੀ ਜਾਂਦੇ ।
ਛੰਦ ਪਰਾਗੇ ਆਈਏ ਜਾਈਏ , ਛੰਦ ਪਰਾਗੇ ਮੰਜੀ
ਚਿੜੀਆਂ ਦੇ ਦਿਲ ਖਾਂਦੇ ਸ਼ਿਕਰੇ, ਵੰਡ ਕੇ ਪੰਜ-ਦਵੰਜੀ ।
ਛੰਦ ਪਰਾਗੇ ਵਣਜ, ਤਜਾਰਤ, ਸੰਧੀਆਂ, ਦੇਸ਼ ਪਰਾਏ
ਮੋਦੀ ਜੀ ਨੂੰ ਚਿੰਤਾ ਨਹੀਂ, ਜੇ ਘਰ ਵਿਚ ਡਾਕੂ ਆਏ ।
ਭਾਰਤ ਨੂੰ ਬ੍ਰਤਾਨਵੀ ਬਸਤੀਵਾਦ ਤੋਂ ਆਜ਼ਾਦ ਕਰਵਾਉਣ ਉਪਰੰਤ ਕਾਂਗਰਸ ਲੀਡਰਸ਼ਿਪ ਦਾ ਇਸ ਨੂੰ ਸੈਕੂਲਰ ਅਤੇ ਜਮਹੂਰੀ ਰੀਪਬਲਿਕ ਬਣਾਉਣ ਦਾ ਆਸ਼ਾ ਸੀ । ਜਦ ਕਿ ਖੱਬੇ ਪੰਥੀ ਲੀਡਰਸ਼ਿਪ ਅਨੁਸਾਰ ਇਸ ਰਾਜਨੀਤਕ ਆਜ਼ਾਦੀ ਨੂੰ ਸਮਾਜਵਾਦ ਵਿਚ ਰੂਪਾਂਤ੍ਰਿਤ ਕਰ ਕੇ ਹਰੇਕ ਸ਼ਹਿਰੀ ਨੂੰ ਬਰਾਬਰ ਦੇ ਅਧਿਕਾਰ ਪਰਦਾਨ ਕਰਨੇ ਅਤੇ ਹਰ ਪਰਕਾਰ ਦੀ ਲੁੱਟਚੋਂਘ ਤੋਂ ਮੁਕਤ ਕਰਵਾਉਣਾ ਸੀ ਅਤੇ ਹੈ । ਉਪਰੋਕਤ ਦੋਹਾਂ ਧਾਰਾਵਾਂ ਦਾ ਵਿਰੋਧ ਕਰਨ ਵਾਲੀਆਂ ਧਾਰਮਕ ਜਥੇਬੰਦੀਆਂ, ਮੁਸਲਿਮ ਲੀਗ ਅਤੇ ਆਰ.ਐਸ.ਐਸ ਧਰਮ ਅਧਾਰਤ ਰਾਜ ਦੀ ਸਥਾਪਤੀ ਦੇ ਸਿਧਾਂਤ ਦੀ ਵਕਾਲਤ ਕਰਦੀਆਂ ਸਨ । ਪਰਿਣਾਮ ਸਰੂਪ ਦੇਸ਼ ਦੀ ਵੰਡ ਹੋ ਗਈ ਅਤੇ ਮੁਸਲਿਮ ਲੀਗ ਪਾਕਿਸਤਾਨ ਬਣਾਉਣ ਵਿਚ ਸਫ਼ਲ ਹੋ ਗਈ । ਬ੍ਰਤਾਨਵੀ ਸਾਮਰਾਜ ਵਿਰੁੱਧ ਕੌਮੀ ਮੁਕਤੀ ਘੋਲ ਵਿਚ ਆਰ .ਐਸ .ਐਸ ਦੀ ਕੋਈ ਭੂਮਿਕਾ ਨਹੀਂ ਅਤੇ ਨਾ ਹੀ ਇਹ ਆਪਣੇ ਧਰਮ ਅਧਾਰਤ ਹਿੰਦੂ ਰਾਸ਼ਟਰ ਦੇ ਮਨੋਰਥ ਨੂੰ ਪੂਰਾ ਕਰ ਸਕੀ ।
ਖੱਬੀ ਧਿਰ ਲਗਾਤਾਰ ਤਾੜਨਾ ਕਰਦੀ ਰਹੀ ਕਿ ਜਦੋਂ ਤਕ ਕਾਂਗਰਸ ਪਾਰਟੀ ਸਾਮਰਾਜ ਅਤੇ ਵੱਡੇ ਜਗੀਰਦਾਰਾਂ ਨਾਲੋਂ ਆਪਣੀ ਸਾਂਝ ਨਹੀਂ ਛਡਦੀ, ਇਹ ਸੈਕੂਲਰ ਅਤੇ ਜਮਹੂਰੀ ਰੀਪਬਲਿਕ ਨੂੰ ਕਮਜ਼ੋਰ ਕਰੇ ਗੀ । ਇਸ ਸਾਂਝ ਨਾਲ ਸਾਮਰਾਜ ਤੇ ਜਗੀਰਦਾਰੀ ਵਿਰੋਧੀ ਚੇਤਨਤਾ ਨੂੰ ਢਾਅ ਲੱਗੀ ਹੈ/ਲੱਗੇ ਗੀ । ਜਦ ਤਕ ਲਿਤਾੜੇ ਅਤੇ ਲੁਟੀਂਦੇ ਹਿੱਤਾਂ ਦੀ ਪੂਰਤੀ ਨਹੀਂ ਕਰਦੀ ਤਦ ਤਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਵਿਰੁੱਧ ਫ਼ਿਰਕਾਪ੍ਰਸਤ ਸ਼ਕਤੀਆਂ ਲੋਕਾਂ ਦੀ ਨਿਰਾਸ਼ਾ ਨੂੰ ਆਪਣੇ ਹਿੱਤ ਵਿਚ ਭੁਗਤਾਉਣ ਲਈ ਸਫਲ ਹੋ ਸਕਦੀਆਂ ਹਨ ।
ਆਜ਼ਾਦ ਭਾਰਤ ਨੇ ਸੈਕੂਲਰ, ਜਮਹੂਰੀ ਰੀਪਬਲਿਕ ਨੂੰ ਵਿਧਾਨਕ ਰੂਪ ਦੇ ਕੇ ਇਸ ਦੀ ਚਾਰ ਥੰਮਾਂ ਉੱਤੇ ਉਸਾਰੀ ਕੀਤੀ ਭਾਵ ਡੈਮੋਕਰੇਸੀ, ਸੈਕੂਲਰਿਜ਼ਮ, ਫੈ਼ਡਲਰਿਜ਼ਮ,ਸਮਾਜਕ ਇਨਸਾਫ਼ ਅਤੇ ਆਰਥਕ ਸਵੈਨਿਰਭਰਤਾ ਨੂੰ ਅਮਲੀ ਰੂਪ ਦੇਣ ਦੀ ਕੋਸ਼ਸ਼ ਕੀਤੀ । ਪਰੰਤੂ 2014 ਵਿਚ ਭਾਰਤੀ ਜੰਤਾ ਪਾਰਟੀ ਦੇ ਤਾਕਤ ਵਿਚ ਆਉਣ ਨਾਲ ਉਪਰੋਕਤ ਥੰਮਾਂ ਦਾ ਆਧਾਰ ਖੁਰਦਾ ਜਾ ਰਿਹਾ ਹੈ ਜਿਵੇਂ :
ਛੰਦ ਪਰਾਗੇ ਭਗਵੇਂ ਵਸਤਰ ਮੱਥੇ ਉੱਤੇ ਟਿੱਕਾ
ਹਿੰਦੂ, ਹਿੰਦੀ, ਹਿੰਦੂਤਵ ਦਾ ਕਹਿਣ ਚਲਾਉਣਾ ਸਿੱਕਾ ।
ਸੱਤਾਧਾਰੀ ਪਾਰਟੀ ਦੇ ਨੇਤਾ ਨਾਗਪੁਰੀ ਭਗਵੇਂ ਬ੍ਰਗੇਡਾਂ ਦੇ ਉਦੇਸ਼ਾਂ ਅਨੁਸਾਰ ਸੈਕੂਲਰ ਅਤੇ ਜਮਹੂਰੀ ਢਾਂਚੇ ਦੀ ਥਾਂ ਹਿੰਦੂਤਵ ਦੇ ਸੰਕਲਪਾਂ,ਹਿੰਦੂ ਕਲਚਰ, ਹਿੰਦੂ ਧਰਮ, ਹਿੰਦੀ ਬੋਲੀ ਉਪਰ ਅਧਾਰਤ ਹਿੰਦੂ ਰਾਸ਼ਟਰ ਦੀ ਖੁਲ੍ਹੀ ਵਕਾਲਤ ਕਰ ਰਹੇ ਹਨ । ਭਾਰਤੀ ਵਿਧਾਨ ਹਰ ਸ਼ਹਿਰੀ ਨੂੰ ਆਪਣੇ ਵਿਚਾਰ ਰੱਖਣ ਅਤੇ ਪ੍ਰਗਟਾਉਣ ਦੀ ਅਜ਼ਾਦੀ ਦਿੰਦਾ ਹੈ ਐਪਰ ਹਿੰਦੂ ਧਰਮ ਦੇ ਅਨੁਆਈ ਵਿਗਿਆਨਕ ਸੋਚ ਦੀ ਥਾਂ ਅੰਧ ਵਿਸ਼ਵਾਸ, ਹਨੇਰ ਬਿਰਤੀ ,ਜੋਤਿਸ਼ ਵਿਦਿਆ,ਤੰਤਰਿਕ ਵਿਦਿਆ, ਧਾਗੇ ਤਵੀਤ, ਰਾਹੂ ਕੇਤੂ ਦਾ ਚੱਕਰ,ਪੁਰਾਤਨ ਬ੍ਰਾਹਮਣਵਾਦ,ਮੱਥੇ ਟਿੱਕੇ ਲਾਉਣੇ, ਪਾਠ-ਪੂਜਾ ਆਦਿ ਨੂੰ ਠੋਸ ਰਹੇ ਹਨ । ਫ਼ਲਸਰੂਪ ਭਾਰਤ ਦੇ ਬਹੁ-ਭਾਸ਼ਾਈ,ਬਹੁ-ਕੌਮੀ,ਬਹੁ-ਧਰਮੀ,ਬਹੁ-ਸੱਭਿਆਚਾਰਕ, ਅਨੇਕਤਾ ਵਿਚ ਏਕਤਾ ਦੇ ਖਾਸੇ ਨੂੰ ਗੰਭੀਰ ਚਣੌਤੀ ਦੇ ਰਹੇ ਹਨ ।
ਸਹਿਹੋਂਦ ਦੀ ਭਾਵਨਾ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ । ਮੌਲਿਕ ਅਧਿਕਾਰ ਪੈਰਾਂ ਥੱਲੇ ਦਰੜੇ ਜਾ ਰਹੇ ਹਨ । ਅਲਪ-ਸੰਖਿਅਕ ਸ਼ਹਿਰੀਆਂ ਦੇ ਧਰਮਾਂ ਜਿਵੇਂ ਇਸਲਾਮ, ਈਸਾਈਅਤ,ਪਾਰਸੀ,ਬੁੱਧ ਮੱਤ ਆਦਿ ਦੇ ਅਨੁਆਈਆਂ ਨੂੰ ਦੁਸ਼ਮਣ ਅਤੇ ਦੇਸ਼-ਧ੍ਰੋਹੀ ਗ਼ਰਦਾਨਿਆ ਜਾ ਰਿਹਾ ਹੈ । ਜਿਹੜਾ ਇਹਨਾਂ ਸੰਪਰਦਾਇਕਵਾਦੀਆਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਉਸ ਨੂੰ ਦੇਸ਼ ਛੱਡ ਜਾਣ ਲਈ ਕਿਹਾ ਜਾ ਰਿਹਾ ਹੈ । ਉਨ੍ਹਾਂ ਵਿਚ ਅਸੁਰੱਖਿਅਤ ਹੋਂਣ ਦੀ ਭਾਵਨਾ ਉਤਪਨ ਕੀਤੀ ਜਾ ਰਹੀ ਹੈ । ਇਸ ਪਰਸੰਗ ਵਿਚ ਸ਼ਾਇਰ ਲਿਖਦਾ ਹੈ :
ਛੰਦ ਪਰਾਗੇ ਘੱਟ ਗਿਣਤੀ ਦੇ ਲੋਕ, ਵੀ ਲਾ ਰਹੇ ਨਾਅਰੇ
ਭਾਰਤ ਦੇ ਵਿਚ ਰਹਿ ਕੇ, ਸਾਡੀ ਹੋਂਦ ਨੂੰ ਖ਼ਤਰੇ ਭਾਰੇ ।
ਛੰਦ ਪਰਾਗੇ ਹਿੰਦੂਤਵੀਆਂ, ਕੈਸੀ ਗਾਥਾ ਛੋਹੀ
ਜੋ ਨਹੀਂ ਨਾਲ ਇਹਨਾਂ ਦੇ ਸਹਿਮਤ, ਉਹ ਹੈ ਦੇਸ਼-ਧ੍ਰੋਹੀ ।
ਇਸ ਕਟੜਪੰਥੀ ਵਿਚਾਰਧਾਰਾ ਦਾ ਉਦੇਸ਼ ਹੈ ਕਿ ਲੋਕ ਪੂਰੇ ਅੰਧ ਵਿਸ਼ਵਾਸ ਨਾਲ ਕਰਾਮਾਤੀ ਸ਼ਕਤੀਆਂ ਉੱਤੇ ਭਰੋਸਾ ਰੱਖਣ ਅਤੇ ਭਾਈਆਂ,ਪੰਡਤਾਂ, ਤਿਲਕਧਾਰੀ ਰਾਜ ਪ੍ਰਤੀਨਿਧਾਂ ਨੂੰ ਮੰਨਣ । ਦੈਵੀ ਸ਼ਕਤੀਆਂ ਜਾਂ ਰੱਬ ਦੀ ਹੋਂਦ ਨੂੰ ਪਰਵਾਨ ਕਰਨ ਤਾਂ ਕਿ ਯੁਗਾਂ-ਯੁਗਾਂਤਰਾਂ ਤੋਂ ਚਲੀ ਆਉਂਦੀ ਰੂਹਾਨੀ ਗੁਲਾਮੀ ਤੋਂ ਮੁਕਤੀ ਨਾ ਪ੍ਰਾਪਤ ਕਰ ਸਕਣ । ਕਵੀ ਸੁਚੇਤ ਕਰਦਾ ਹੈ :
ਛੰਦ ਪਰਾਗੇ ਸੰਤ, ਸੁਆਮੀ, ਪੀਰ ,ਪਾਦਰੀ ਸਾਰੇ
ਲੁੱਟੀ ਜਾਂਦੇ ਇਸ ਦੁਨੀਆਂ ਨੂੰ ਲਾ ਸੁਰਗਾਂ ਦੇ ਲਾਰੇ ।
ਰੂਹਾਨੀ ਖੇਤਰ ਦੇ ਵਣਜਾਰਿਆਂ, ਇ੍ਹਨਾਂ ਦੇ ਮਾਇਆਧਾਰੀ ਅਡੰਬਰਾਂ ਅਤੇ ਕੁਕਰਮਾਂ ਬਾਰੇ ਸੰਖੇਪ ਜਾਣਕਾਰੀ ਦੇਣੀ ਜਰੂਰੀ ਬਣਦੀ ਹੈ। ਉਦਾਹਰਣ ਵਜੋਂ ਸੁਆਮੀ ਪ੍ਰਿਥਵਾ ਨੰਦ ਤ੍ਰਿਚਲਾਪਾਲੀ 23 ਕੁੜੀਆਂ ਦੇ ਬਲਾਤਕਾਰ ਦੇ ਦੋਸ਼ ਵਿਚ 1994 ਤੋਂ ਕੈਦ ਕੱਟ ਰਿਹਾ ਹੈ ।
ਮੰਬਈ ਨਿਵਾਸੀ ਮਹਿੰਦੀ ਕਾਸਮ “ਖ਼ੁਦਾ ਦਾ ਭੇਜਿਆ ਖ਼ਲੀਫ਼ਾ” 2016 ਵਿਚ ਸੱਤ ਕੁੜੀਆਂ ਨਾਲ ਬਲਾਤਕਾਰ ਕਰਨ ਵਜੋਂ ਉਮਰ ਕੈਦ ਭੋਗ ਰਿਹਾ ਹੈ । “ਸੱਤ ਲੋਕ” ਆਸ਼ਰਮ ਚਲਾਉਣ ਵਾਲਾ “ਜਗਤ ਗੁਰੂ” ਸੁਆਮੀ ਰਾਮ ਪਾਲ ਜਬਰਜਿਨਾਹ ਅਤੇ ਕਤਲ ਦੇ ਦੋਸ਼ਾਂ ਵਿਚ ਜ੍ਹੇਲ ਦੀ ਹਵਾ ਖਾ ਰਿਹਾ ਹੈ । 76 ਸਾਲਾ ਬਾਪੂ ਆਸਾ ਰਾਮ “ਰੂਹਾਨੀ ਗੁਰੁ” ਬਲਾਤਕਾਰ ਦੇ ਦੋਸ਼ ਤਹਿਤ ਸਲਾਖਾਂ ਦੇ ਪਿੱਛੇ ਹੈ । ਉਸ ਦੇ ਪੁੱਤਰ ਨਰਾਇਣ ਸਾਈਂ ਦਾ ਵੀ ਇਹੀ ਹਾਲ ਹੈ । ਸਿਰਸਾ ਵਿਚ ਡੇਰਾ “ਸੱਚਾ ਸੌਦਾ” ਚਲਾਉਣ ਵਾਲੇ ਗੁਰਮੀਤ ਰਾਮ ਰਹੀਮ ਨੂੰ 28 ਅਗੱਸਤ 2017 ਨੂੰ ਦੋ ਲੜਕੀਆਂ ਦੇ ਰੇਪ ਵਿਚ 20 ਸਾਲ ਦੀ ਸਜ਼ਾ ਹੋਈ ਹੈ । ਉਸ ਉਪਰ ਹੋਰ ਵੀ ਕਈ ਕੇਸ ਚਲ ਰਹੇ ਹਨ । ਇ੍ਹਨਾਂ ਕੁਕਰਮੀਆਂ ਨਾਲ ਹਾਕਮ ਜਮਾਤਾਂ ਦੇ ਲੀਡਰਾਂ ਦੇ ਸੰਬੰਧਾਂ ਦੇ ਸਬੂਤ ਵੀ ਉਪਲਭਦ ਹਨ । ਕੀ ਹਿੰਦੂ ਧਰਮ ਦੇ ਪੁਜਾਰੀ ਬਾਬਰੀ ਮਸਜਦ ਢਾਉਣ ਅਤੇ ਗੁਜ਼ਰਾਤ ਵਿਚ ਘੱਟ ਗਿਣਤੀ ਮੁਸਲਮ ਭਾਈਚਾਰੇ ਦੇ ਕਤਲੇਆਮ ਦੇ ਦੋਸ਼ਾਂ ਤੋਂ ਕਦੀ ਮੁਕਤ ਹੋ ਸਕਣ ਗੇ ? ਥਾਂ ਥਾਂ ਉਸਰ ਰਹੇ ਡੇਰਿਆਂ ਬਾਰੇ ਗੁਰਨਾਮ ਢਿਲੋਂ ਲਿਖਦਾ ਹੈ :
ਛੰਦ ਪਰਾਗੇ ਮੀਲ ਮੀਲ ‘ਤੇ ਹੈ ਸੰਤਾਂ ਦਾ ਡੇਰਾ
ਐਪਰ ਹੋਰ ਵੀ ਵੱਧਦਾ ਜਾਵੇ ਜੱਗ ਤੇ ਕੂੜ-ਹਨੇਰਾ ।
ਅਜੋਕੇ ਹਾਲਾਤ ਵਿਚ ਜਾਗਦੀ ਜ਼ਮੀਰ ਵਾਲੇ ਅਤੇ ਸਰਕਾਰ ਦੀਆਂ ਫ਼ਿਰਕੂ ਨੀਤੀਆਂ ਦੀ ਵਿਰੋਧਤਾ ਕਰਨ ਵਾਲੇ ਸਾਹਿਤਕਾਰ,ਕਲਾਕਾਰ, ਫਿਲਮਕਾਰ ਅਤੇ ਬੁੱਧੀਜੀਵੀ ਫਾਸ਼ੀ ਹਿੰਦੂਤਵੀ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ । ਭਾਰਤ ਦੇ ਮਹਾਨ ਕਲਾਕਾਰ ਐਮ,ਐਫ.ਹੁਸੈਨ ਨੂੰ ਦੇਸ਼ ਛਡਣ ਲਈ ਮਜਬੂਰ ਹੋਂਣਾ ਪਿਆ । ਤਰਕਸ਼ੀਲ ਲੇਖਕ ਨਾਰਿੰਦਰ ਡਾਬੋਲਕਰ ਨੂੰ 2013 ਵਿਚ ਕਤਲ ਕਰ ਦਿੱਤਾ ਗਿਆ । ਉਪਰੰਤ 2015 ਵਿਚ ਗੋਬਿੰਦ ਪੰਸਾਰੇ ਅਤੇ ਐਮ. ਐਮ. ਕਲਬੁਰਗੀ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਕਿਉਂਕਿ ਉਹ ਵਿਗਿਆਨਕ ਸੋਚ ਦੇ ਧਾਰਨੀ ਸਨ । ਹੁਣ ਮੌਰੀ ਲੰਕਾਸ਼ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਹੈ। ਇਸ ਅਸਹਿਣਸ਼ੀਲ ਮਹੌਲ ਦੇ ਪ੍ਰਤੀਕਰਮ ਵਜੋਂ ਦੇਸ਼ ਦੇ ਸੁਹਿਰਦ ਲੇਖਕਾਂ/ ਬੁੱਧੀਜੀਵੀਆਂ ਨੇ ਰਾਸ਼ੀ ਸਮੇਤ ਕੌਮੀ ਪੁਰਸਕਾਰ ਵਾਪਸ ਕਰ ਕੇ ਆਪਣੇ ਰੋਸ ਦਾ ਪਰਗਟਾਵਾ ਕੀਤਾ ਜਿਵੇਂ :
ਛੰਦ ਪਰਾਗੇ ਧਨ ਉਹ ਲੇਖਕ ਐਸੇ ਕਰਮ ਕਮਾਏ
ਪੁਰਸਕਾਰ ਸਰਕਾਰੀ ਜ੍ਹਿਨਾਂ ਵਾਪਸ ਮਾਰ ਵਗਾਹੇ ।
2015 ਵਿਚ ਮੋਦੀ ਨੇ ਬਰਤਾਨੀਆ ਦਾ ਦੌਰਾ ਕੀਤਾ।ਉਸ ਵਕਤ ਏਥੋਂ ਦੇ ਵਿਸ਼ਵਵਿਦਆਲਿਆਂ ਦੇ 200 ਖੋਜਕਾਰਾਂ, ਅਕਾਦਮਿਕ ਹਸਤੀਆਂ ਅਤੇ ਵਿਦਵਾਨਾਂ ਨੇ ਭਾਰਤ ਵਿਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪ੍ਰਤੀ ਰੋਸ ਪਰਗਟ ਕਰਦਿਆਂ ਆਪਣਾ ਬਿਆਨ “ਗਾਰਡੀਅਨ” ਅਖਬਾਰ ਵਿਚ ਦਰਜ਼ ਕਰਵਾਇਆ ਅਤੇ ਉਸ ਦਾ ਸਵਾਗਤ ਕਰਨ ਤੋਂ ਇਨਕਾਰ ਕੀਤਾ । ਹਜ਼ਾਰਾਂ ਭਾਰਤੀਆਂ ਨੇ ਹੱਥਾਂ ਵਿਚ “ਮੋਦੀ ਵਾਪਸ ਜਾਓ” ਦੀਆਂ ਤਖਤੀਆਂ ਫੜ ਕੇ ਮੁਜਾਹਰਾ ਕੀਤਾ । ਇਸ ਇਤਿਹਾਸਕ ਘਟਨਾ ਨੂੰ ਸ਼ਾਇਰ ਨੇ ਡਾਢੀ ਸੰਜੀਦਗੀ ਨਾਲ ਕਲਮਬੱਧ ਕੀਤਾ ਹੈ :
ਛੰਦ ਪਰਾਗੇ “ਮੋਦੀ” ਜੀ , ਇੰਗਲੈਂਡ ‘ਚ ਪਾਇਆ ਫੇਰਾ
ਕਾਲ਼ੇ ਝੰਡੇ ਵਾਪਸ ਜਾਓ , ਪਾ ਲਿਆ ਲੋਕਾਂ ਘੇਰਾ ।
ਮੌਜੂਦਾ ਹਾਲਾਤ ਨੂੰ ਘੋਖਦਿਆਂ ਭਾਰਤ ਦੇ ਤਜਰਬੇਕਾਰ,ਸੇਵਾ ਮੁਕਤ ਫੌਜੀ ਜਰਨੈਲਾਂ ਨੇ ਮੋਦੀ ਅਤੇ ਸੂਬਿਆਂ ਦੇ ਰਾਜਪਾਲਾਂ ਨੂੰ ਪੱਤਰ ਲਿਖ ਕੇ ਦੇਸ਼ ਦੀ ਏਕਤਾ ਅਤੇ ਆਖੰਡਤਾ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ । ਉਨ੍ਹਾਂ ਨੇ ਵਿਧਾਨ ਦੀ ਰੂਹ ਨੂੰ ਕਾਇਮ ਰਖਣ ਦੀ ਪ੍ਰੋੜਤਾ ਕੀਤੀ ਹੈ । ਲੋਕਾਂ ਦਾ ਸ਼ਾਇਰ ਗੁਰਨਾਮ ਢਿਲੋਂ ਇਸ ਸਥਿਤੀ ਨੂੰ ਬਦਲਣ ਹਿੱਤ ਹੇਠ ਲਿਖੇ ਅਨੁਸਾਰ ਸੁਝਾਅ ਪੇਸ਼ ਕਰਦਾ ਹੋਇਆ ਮਨੁੱਖਤਾ ਦੀ ਜਿੱਤ ਵਿਚ ਵਿਸ਼ਵਾਸ ਦ੍ਰਿੜਾਉਂਦਾ ਹੈ ।
ਛੰਦ ਪਰਾਗੇ ਕਰੋ ਅੰਦੋਲਨ , ਵੱਡਾ ਰੱਖ ਕੇ ਜੇਰਾ
ਕਾਲ਼ੀ ਰਾਤ ਸਦਾ ਨਹੀਂ ਰਹਿਣੀ ,ਹੋਊ ਨਵਾਂ ਸਵੇਰਾ ।
ਕਵੀ ਨੂੰ ਬੋਧ ਹੈ ਕਿ ਅਜੋਕੀ ਸਥਿੱਤੀ ਨੂੰ ਵੰਗਾਰਨ ਦੀ ਲੋੜ ਹੈ । ਉਹ ਸਮਝਦਾ ਹੈ ਕਿ ਬੁੱਧੀਜੀਵੀ,ਕਲਮਕਾਰ,ਕਲਾਕਾਰ,ਇਤਿਹਾਸਕਾਰ ਅਤੇ ਸਮਾਜ ਵਿਗਿਆਨੀ ਲੋਕ ਸ਼ਕਤੀ ਤੇ ਲੋਕ ਜਮਹੂਰੀ ਚੇਤੰਨਤਾ ਪੈਦਾ ਕਰਦੇ ਹੋਏ ਸਾਂਝੇ ਵਿਸ਼ਾਲ ਮੋਰਚੇ ਦੀ ਉਸਾਰੀ ਲਈ ਆਪਣਾ ਯੋਗਦਾਨ ਪਾਉਣ ।
ਮੈਂ, ਅੰਤ ਵਿਚ ਕਵੀ ਦੇ ਇਸ ਪੁਸਤਕ ਵਿਚ ਸ਼ਾਮਲ ਇਕ ਗੀਤ ਦੇ ਹੇਠ ਲਿਖੇ ਬੰਦ ਨਾਲ ਇਸ ਪੁਸਤਕ ਨੂੰ ਪੜਨ ਦੀ ਪੁਰਜ਼ੋਰ ਅਪੀਲ ਕਰਦਾ ਹਾਂ :
ਵਕਤ ਗਵਾਇਆ ਕਦੀ ਵੀ ਮੁੜ ਹੱਥ ਨਾ ਆਵੇ
ਕਾਇਰਾਂ ਨੂੰ ਇਤਿਹਾਸ ਸਦਾ ਫ਼ਟਕਾਰਾਂ ਪਾਵੇ
ਸੂਰਾ ਉਹ ਜੋ ਲੋਕਾਂ ਖ਼ਾਤਰ ਯੁੱਧ ਰਚਾਵੇ
ਲੋਕਾ-ਸ਼ਕਤੀ ਜ਼ਰੇ ਜ਼ਰੇ ‘ਚੋਂ ਖੂਬ ਉਭਾਰੋ
ਉਠੋ ! ਮੇਰੇ ਸਾਥੀਓ ਬਾਹੂ-ਬਲ ਧਾਰੋ
ਗੱਜੋ ਵਿਚ ਮੈਦਾਨ ਦੇ ‘ਤੇ ਮੱਲਾਂ ਮਾਰੋ ।

LEAVE A REPLY

Please enter your comment!
Please enter your name here