ਕੇਪਟਾਊਨ ਕ੍ਰਿਕਟ ਟੈਸਟ ਮੈਚ ’ਚ 72 ਦੌੜਾਂ ਦੀ ਹਾਰ ਦੌਰਾਨ ਭਾਰਤੀ ਬੱਲੇਬਾਜ਼ੀ ਦੇ ਦੂਜੀ ਪਾਰੀ ’ਚ ਸ਼ਰਮਨਾਕ ਸਮਰਪਣ ’ਤੇ ਭਾਰਤੀ ਟੀਮ ਨੂੰ ਸਭ ਪਾਸਿਓਂ ਸਲਾਹਾਂ ਮਿਲ ਰਹੀਆਂ ਹਨ, ਪਰ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇਸ ’ਤੇ ਇੰਨਾ ਰੌਲਾ ਪਾਉਣ ਦੀ ਜ਼ਰੂਰਤ ਨਹੀਂ ਹੈ ਤੇ ਟੀਮ ਕੋਲ ਵਾਪਸੀ ਦਾ ਪੂਰਾ ਤਜਰਬਾ ਹੈ।

ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਮੈਚ ਦੀ ਪਹਿਲਾਂ ਸ਼ੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਪਹਿਲੇ ਟੈਸਟ ਮੈਚ ’ਚ ਸਾਡੇ ਬੱਲੇਬਾਜ਼ਾਂ ਨੇ ਜੋ ਗਲਤੀਆਂ ਕੀਤੀਆਂ ਸੀ, ਮੈਨੂੰ ਲਗਦਾ ਹੈ ਕਿ ਉਨ੍ਹਾਂ ਉਸ ਤੋਂ ਸਬਕ ਸਿੱਖ ਲਿਆ ਹੋਵੇਗਾ। ਮੈਨੂੰ ਨਹੀਂ ਲਗਦਾ ਕਿ ਕੇਪਟਾਊਨ ਮੈਚ ’ਚ ਬੱਲੇਬਾਜ਼ੀ ਦੇ ਹੋਏ ਪਤਨ ’ਤੇ ਇੰਨਾ ਰੌਲਾ ਪਾਉਣ ਤੇ ਟੀਮ ’ਚ ਜ਼ਿਆਦਾ ਤਬਦੀਲੀ ਕਰਨ ਦੀ ਜ਼ਰੂਰਤ ਹੈ।’ ਕਪਤਾਨ ਨੇ ਕਿਹਾ, ‘ਇੱਕ ਬੱਲੇਬਾਜ਼ੀ ਇਕਾਈ ਦੇ ਤੌਰ ’ਤੇ ਸਾਨੂੰ ਕਾਹਲ ਨਹੀਂ ਕਰਨੀ ਚਾਹੀਦੀ। ਸਾਡੇ ਬੱਲੇਬਾਜ਼ਾਂ ਕੋਲ ਮਜ਼ਬੂਤ ਤਕਨੀਕ ਹੈ ਅਤੇ ਉਨ੍ਹਾਂ ਕੋਲ ਇੰਨਾ ਤਜਰਬਾ ਹੈ ਕਿ ਉਹ ਇਨ੍ਹਾਂ ਹਾਲਤਾਂ ਨਾਲ ਨਜਿੱਠ ਸਕਣ। ਬੱਲੇਬਾਜ਼ਾਂ ਨੂੰ ਸਿਰਫ਼ ਖੁਦ ਨੂੰ ਹਾਲਾਤ ਮੁਤਾਬਕ ਢਾਲਣ ਤੇ ਸੈਸ਼ਨ ਦਰ ਸੈਸ਼ਨ ਅੱਗੇ ਵਧਣ ਦੀ ਲੋੜ ਹੈ। ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਕੋਲ ਜਿਨ੍ਹਾਂ ਤਜਰਬਾ ਹੈ ਉਸ ਨੂੰ ਦੇਖਦਿਆਂ ਅਸੀਂ ਦੂਜੇ ਟੈਸਟ ਮੈਚ ’ਚ ਵਾਪਸੀ ਕਰ ਸਕਾਂਗੇ।’ ਵਿਰਾਟ ਨੇ ਨਾਲ ਹੀ ਕਿਹਾ ਕਿ ਹਰ ਖਿਡਾਰੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਕਿਉਂਕਿ ਉਹ ਕੌਮਾਂਤਰੀ ਪੱਧਰ ’ਤੇ ਦੇਸ਼ ਲਈ ਖੇਡ ਰਹੇ ਹਨ। ਉਨ੍ਹਾਂ ਵਿਕਟ ’ਤੇ ਸਿਰਫ਼ ਸਕਾਰਾਤਮਕ ਸੋਚ ਦੇ ਨਿਸ਼ਚਾ ਦਿਖਾਉਣਾ ਹੋਵੇਗਾ।
ਦੂਜੇ ਟੈਸਟ ਮੈਚ ’ਚ ਸਪਿੰਨਰ ਦੀ ਥਾਂ ਇੱਕ ਹੋਰ ਬੱਲੇਬਾਜ਼ ਨੂੰ ਖਿਡਾਉਣ, ਅਜਿੰਕਿਆ ਰਹਾਣੇ ਨੂੰ ਆਖਰੀ ਇਲੈਵਨ ’ਚ ਉਤਾਰਨ ਤੇ ਆਖਰੀ ਇਲੈਵਨ ਦੇ ਸਵਾਲਾਂ ’ਤੇ ਵਿਰਾਟ ਨੇ ਕਿਹਾ, ‘ਸਾਡੇ ਕੋਲ ਸਾਰੇ ਬਦਲ ਖੁੱਲ੍ਹੇ ਪਏ ਹਨ। ਅਸੀਂ ਸਿਰਫ਼ ਇਹ ਦੇਖਣਾ ਹੈ ਕਿ ਟੀਮ ਲਈ ਸਹੀ ਤਾਲਮੇਲ ਕੀ ਹੈ। ਅਸੀਂ ਉਨ੍ਹਾਂ ਗੱਲਾਂ ’ਤੇ ਨਹੀਂ ਚੱਲ ਸਕਦੇ ਜੋ ਬਾਹਰ ਕਹੀਆਂ ਜਾ ਰਹੀਆਂ ਹਨ। ਅਸੀਂ ਅਭਿਆਸ ਸੈਸ਼ਨ ਤੋਂ ਬਾਅਦ ਓਪਨਿੰਗ ਤੇ ਟੀਮ ਦਾ ਫ਼ੈਸਲਾ ਕਰਾਂਗੇ।’
ਸੈਂਚੁਰੀਅਨ ਦੀ ਪਿੱਚ ਬਾਰੇ ਭਾਰਤੀ ਕਪਤਾਨ ਨੇ ਕਿਹਾ ਕਿ ਇਹ ਪਿੱਚ ਵੀ ਕੇਪਟਾਊਨ ਦੀ ਤਰ੍ਹਾਂ ਹੀ ਤੇਜ਼ ਤੇ ਉਛਾਲ ਭਰੀ ਹੋਵੇਗੀ, ਇਸ ਲਈ ਬੱਲੇਬਾਜ਼ਾਂ ਨੂੰ ਮਾਨਸਿਕ ਤੌਰ ’ਤੇ ਤਿਆਰ ਰਹਿਣਾ ਪਵੇਗਾ। ਇਹ ਗੱਲ ਮੇਰੇ ’ਤੇ ਵੀ ਓਨੀ ਹੀ ਲਾਗੂ ਹੁੰਦੀ ਹੈ ਜਿੰਨੀ ਹੋਰਨਾਂ ਬੱਲੇਬਾਜ਼ਾਂ ਉੱਤੇ। ਕੋਹਲੀ ਨੇ ਕਿਹਾ ਕਿ ਉਸ ਨੂੰ ਆਸ ਹੈ ਕਿ ਦੂਜੇ ਟੈਸਟ ਮੈਚ ’ਚ ਉਨ੍ਹਾਂ ਦੀ ਟੀਮ ਮੇਜ਼ਬਾਨਾਂ ਸਾਹਮਣੇ ਸਖ਼ਤ ਚੁਣੌਤੀ ਪੇਸ਼ ਕਰਨਗੇ।
ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਲੜੀ ਦਾ ਦੂਜੇ ਟੈਸਟ ਮੈਚ ਭਲਕੇ ਸ਼ੁਰੂ ਹੋਵੇਗਾ। ਇਸ ਲੜੀ ’ਚ ਭਾਰਤ ਨੂੰ ਪਹਿਲੇ ਮੈਚ ’ਚ ਸਖ਼ਤ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਦੱਖਣੀ ਅਫਰੀਕਾ ਕੋਲ ਇਸ ਸਮੇਂ 1-0 ਦੀ ਲੀਡ ਹੈ

LEAVE A REPLY

Please enter your comment!
Please enter your name here