ਨ੍ਹੇਰੇ ਲਈ ਚਾਨਣ,ਅੰਨ੍ਹੇ ਲਈ ਲਾਠੀ,ਮਾਰਗ ਭੁੱਲਿਆਂ ਤਾਈਂ ਦਿਖਾਏ ਬਾਣੀ ।
ਕੰਧ ਕੂੜ ਦੀ ਜ਼ਰਾ ਨਾ ਰਹਿਣ ਦੇਵੇ,ਸਿਰਫ਼ ਸੱਚ ਦੀ ਸੋਝੀ ਕਰਾਏ ਬਾਣੀ ।
ਪਾਣੀ ਜਿਵੇਂ ਹੈ ਤਨ ਨੂੰ ਸਾਫ਼ ਕਰਦਾ,ਮੈਲ੍ਹ ਮਨ ਦੀ ਉਵੇਂ ਗਵਾਏ ਬਾਣੀ ।
ਭਰਮ ਅਤੇ ਅਗਿਆਨਤਾ ਕੱਢ ਕੇ ਤੇ,ਉਂਗਲ ਗਿਆਨ ਦੀ ਸਾਨੂੰ ਫੜਾਏ ਬਾਣੀ ।

ਤਨ-ਮਨ ਵਿੱਚ ਇੱਕ ਤਰੰਗ ਛੇੜੇ, ਜੇ ਕਰ ਸੁਣਨ ਦੀ ਜਾਚ ਆ ਜਾਏ ਸਾਨੂੰ ।
ਦੁੱਖਾਂ ,ਪਾਪਾਂ ,ਕਲੇਸ਼ਾਂ ਦਾ ਨਾਸ ਕਰਦੀ,ਅਨੰਦ ਇੱਕ ਅਨੂਠਾ ਲਿਆਏ ਸਾਨੂੰ ।
ਸੁਰਤ ਟਿਕੀ ਤੋਂ ਇੱਕ ਵਿਸਮਾਦ ਛਾਵੇ,ਡਿਗਣ ਡੋਲਣ ਤੋਂ ਪਈ ਬਚਾਏ ਸਾਨੂੰ ।
ਊਚ ਨੀਚ ਦੇ ਵਿਤਕਰੇ ਦੂਰ ਕਰਦੀ,ਸਮਦ੍ਰਿਸ਼ਟੀ ਦੀ ਜਾਚ ਸਿਖਾਏ ਸਾਨੂੰ ।

ਰਿਹਾ ਸ਼ੁਰੂ ਤੋਂ ‘ਸ਼ਬਦ’ਹੈ ਗੁਰੂ ਸਾਡਾ,ਵਾਹ ਵਾਹ ‘ਬਾਣੀ’ ਨਿਰੰਕਾਰ ਦੀ ਐ ।
ਮੇਟ ਦਿੰਦੀ ਇਹ ਪਸਰੀ ਧੁੰਦ ਤਾਈਂ,ਚਾਰੇ ਪਾਸੇ ਇਹ ਚਾਨਣ ਖਿਲਾਰਦੀ ਐ ।
ਛਾਏ ਅੰਬਰਾਂ ਤੇ ਕਾਲ਼ੇ ਬੱਦਲਾਂ ਚੋਂ,ਬਿਜਲੀ ਜਿਵੇਂ ਲਿਸ਼ਕਾਰੇ ਪਈ ਮਾਰਦੀ ਐ ।
ਧੁਨ ਨਾਮ-ਅਗੰਮੀ ਦੀ ਜਦੋਂ ਵੱਜੇ, ਸੀਨੇ ਤਪਦਿਆਂ ਦੇ ਤਾਂਈਂ ਠਾਰਦੀ ਐ ।

ਇੱਕੋ ਜੋਤ ਚੋਂ ਉਪਜਿਆ ਜੱਗ ਸਾਰਾ, ਓਸੇ ਜੋਤ ਚੁਤਰਫ਼ੀਂ ਹੈ ਨੂਰ ਕੀਤਾ ।
ਨਾ ਹੀ ਜਾਤ ਤੇ ਨਾ ਹੀ ਹੈ ਪਾਤ ਓਹਦੀ, ਨਿਰਗੁਣ, ਗੁਣਾਂ ਦੇ ਨਾਲ਼ ਭਰਪੂਰ ਕੀਤਾ ।
ਬਾਣੀ ਭੇਦ ਮੇਟੇ ਰੰਗ ਨਸਲ ਵਾਲੇ, ਹਰ ਥਾਂ ਰਮਿਆ ਰਾਮ ਹਜ਼ੂਰ ਕੀਤਾ ।
ਰਾਜਾ ਰੰਕ ਸਭ ਨੂੰ ਇੱਕੋ ਸੇਧ ਦੇਵੇ, ਲੁੱਟ ਜੁਲਮ ਤਾਈਂ ਚਕਨਾਚੂਰ ਕੀਤਾ ।

ਇੱਕੋ ਪ੍ਰਭੂ ਸਾਡਾ,ਇੱਕੋ ਗੁਰੂ ਸਾਡਾ,ਉਹਦਾ ਘਰ ਇੱਕੋ,ਉਹਦਾ ਦਰ ਇੱਕੋ ।
ਡਰ ਮਨਾਂ ’ਚੋਂ ਸਾਰੇ ਕਾਫ਼ੂਰ ਹੁੰਦੇ,ਜੇਕਰ ਰੱਖੀਏ ਮਾਲਿਕ ਦਾ ਡਰ ਇੱਕੋ ।
ਇੱਕੋ ਪਰੇਮ-ਮਾਰਗ ਉਤੇ ਚੱਲ ਕੇ ਤੇ,ਲੱਭ ਸਕਦੇ ਹਾਂ ਓਸ ਦਾ ਘਰ ਇੱਕੋ ।
ਬਾਣੀ ਕੰਤ ਰੀਝਾਣ ਦਾ ਵੱਲ ਦੱਸੇ,ਨਾਰਾਂ ਅਸੀਂ ਸੱਭੇ,ਉਹ ਹੈ ਨਰ ਇੱਕੋ ।

“ਕਰਮ-ਕਾਂਡ ਨਾ ਉਹਨੂੰ ਮਨਜ਼ੂਰ ਕੋਈ”,ਬਾਣੀ ਆਖਦੀ-“ਭੁੱਖਾ ਓਹ ਪਿਆਰ ਦਾ ਏ।
ਜਪਾਂ ਤਪਾਂ ਤੇ ਨਾ ਹੀ ਓਹ ਰੀਝਦਾ ਏ, ਵੇਸ ਭੇਖ ਨੂੰ ਦਰੋਂ ਦੁਰਕਾਰਦਾ ਏ ।”
“ਵਰਤ,ਪੂਜਾ ਨਾ ਤੀਰਥੀਂ ਉਹ ਮਿਲਦਾ”,ਬਾਰੰਬਾਰ ਇਹ ਸ਼ਬਦ ਪੁਕਾਰਦਾ ਏ ।
ਨਿਰਮਲ ਕਰਮ ਜਿਸਦੇ ਹਿਰਦੇ ਨਾਮ ਓਹਦਾ,ਬਣਦਾ ਮੀਤ ਉਹ ਓਸ ਨਿਰੰਕਾਰ ਦਾ ਏ ।

ਬਾਣੀ ਸਾਗਰ ਅਥਾਹ ਗਿਆਨ ਦਾ ਏ, ਆਓ ਰੱਜ ਰੱਜ ਕੇ ਗੋਤੇ ਲਾ ਲਈਏ ।
‘ਗੁਪਤ-ਨਾਮ’ਬਾਣੀ ਪ੍ਰਗਟ ਕਰ ਦਿੰਦੀ,ਨਾਮ ਰਾਹੀਂ ਅਨਾਮੀ ਨੂੰ ਪਾ ਲਈਏ ।
ਗੁਰੁ ਕਦੇ ਮਨੁੱਖ ਨੂੰ ਸਮਝੀਏ ਨਾ,ਸ਼ਬਦ-ਗੁਰੂ ਨੂੰ ਸੀਸ ਝੁਕਾ ਲਈਏ ।
ਸੁਰਤ ਸ਼ਬਦ ਰੱਤੀ,ਹਉਮੈ ਨਾਸ ਹੋਵੇ,ਜੀਵਨ-ਮੁਕਤ ਫਿਰ ਇੱਦਾਂ ਕਹਾ ਲਈਏ ।

ਪ੍ਰਣ ਕਰੋ ਝੁਕੀਏ ਗੁਰੂ-ਗ੍ਰੰਥ ਅੱਗੇ,ਕਿਸੇ ਹੋਰ ਦਰ ਦੀ ਸਾਨੂੰ ਲੋੜ ਕੋਈ ਨਾ ।
ਆਤਮ ਅਤੇ ਪਰਾਤਮਾ ਇੱਕ ਹੋਵਣ,ਸ਼ਬਦ-ਗੁਰੂ ਵਰਗਾ ਹੋਰ ਜੋੜ ਕੋਈ ਨਾ ।
ਦੁਬਿਧਾ ਮਾਰ,ਮੁਰਾਦ ਹਰ ਕਰੇ ਪੂਰੀ,ਏਸ ਦਰ ਝੁਕਿਆਂ ਰਹੇ ਥੋੋੜ ਕੋਈ ਨਾ ।
ਬਾਣੀ ਵੱਲ ਨੂੰ ਕਦਮ ‘ਰੁਪਾਲ’ ਮੋੜੋ ,ਇਹਤੋਂ ਵੱਖਰਾ ਲੱਭਣਾ ਮੋੜ ਕੋਈ ਨਾ ।

——————–00000——————–

LEAVE A REPLY

Please enter your comment!
Please enter your name here