ਵਿਦੇਸ਼ਾਂ ਨੂੰ ਜਾਣ ਦਾ ਰੁਝਾਨ ਤਕਰੀਬਨ ਹਰ ਵਰਗ ਤੇ ਤਬਕੇ ਦੇ ਨੌਜਵਾਨਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਹਰ ਬੱਚਾ ਵਿਦੇਸ਼ ਦੇ ਸੁਪਨੇ ਤਕਰੀਬਨ ਦਸਵੀਂ ਕਲਾਸ ਤੋਂ ਲੈਣ ਲਗ ਜਾਂਦਾ ਹੈ ਤੇ ਨਾਲ ਹੀ ਮਾਪੇ ਏਹ ਸੁਪਨੇ ਸਜਾਉਣ ਲੱਗ ਜਾਂਦੇ ਨੇ।ਸਾਡੇ।ਨੌਜਵਾਨ ਧੜਾ ਧੜ ਵਿਦੇਸ਼ਾਂ ਵੱਲ।ਜਾ ਰਹੇ ਹਨ,ਕੋਈ ਕਾਨੂੰਨੀ ਤੌਰ ਤੇ ਅਤੇ ਕੁਝ ਗੈਰ ਕਾਨੂੰਨੀ ਤੌਰ ਤੇ।ਮਾਪੇ ਦਿਲ ਤੇ ਪੱਥਰ ਰੱਖ ਪੁੱਤਾਂ ਨੂੰ ਵਿਦੇਸ਼ਾਂ ਵੱਲ ਤੋਰਦੇ ਨੇ।ਕੋਈ ਵੀ ਮਾਲਟੇ ਬੇੜੀ ਹਾਦਸੇ ਵਾਸਤੇ ਪੁੱਤ ਨਹੀਂ ਭੇਜਦਾ,ਹਰ ਕੋਈ ਮਜ਼ਬੂਰੀ ਦਾ ਮਾਰਿਆ ਤੇ ਵਧੀਆ ਭਵਿੱਖ ਲਈ ਕਦਮ ਚੁੱਕਦਾ ਹੈ।ਮਾਪਿਆਂ ਦੇ ਹੰਝੂ ਸੁੱਕ ਗਏ ਪਰ ਪੁੱਤਾਂ ਦੀ ਮੌਤ ਦਾ ਕੁਝ ਨਾ ਬਣਿਆ, ਕਿਸੇ ਦੀ ਨੀਂਦ ਨਾ ਖੁੱਲੀ,ਕੋਈ ਸਿਸਟਮ ਵਿੱਚ ਸੁਧਾਰ ਨਹੀਂ ਹੋਇਆ।ਅਮੀਰ ਮਾਪਿਆਂ ਦੇ ਬੱਚਿਆਂ ਦਾ ਵਿਦੇਸ਼ ਪੜ੍ਹਨ ਜਾਣਾ ਸਟੇਟਸ ਹੈ,ਉਹ ਪੜ੍ਹਕੇ ਵਾਪਿਸ ਆਕੇ ਆਪਣੇ ਕਾਰੋਬਾਰ ਵਿੱਚ ਲਗ ਜਾਂਦੇ ਹਨ ਜਾਂ ਰਾਜਨੀਤੀ ਵਿੱਚ ਪੈ ਜਾਂਦੇ ਹਨ।ਪਰ ਮੱਧ ਵਰਗ ਨੂੰ ਏਸ ਸੱਭ ਲਈ ਅੱਡੀਆਂ ਚੱਕਕੇ ਫਾਹਾ ਲੈਣਾ ਪੈਂਦਾ ਹੈ।ਏਹ ਸਰਕਾਰਾਂ ਦੀ ਤੇ ਨੀਤੀ ਘਾੜਿਆਂ ਦੀ ਜ਼ੁਮੇਵਾਰੀ ਹੈ ਕਿ ਸੋਚੇ ਕਿ ਨੌਜਵਾਨ ਇੰਜ ਬਾਹਰ ਨੂੰ ਕਿਉਂ ਜਾ ਰਹੇ ਹਨ,ਕਿਥੇ ਖਾਮੀਆਂ ਹਨ ਤੇ ਕਿਥੇ ਸੁਧਾਰ ਕਰਨੇ ਵਕਤ ਦੀ ਜ਼ਰੂਰਤ ਹੈ।ਹਾਂ ਸ਼ਾਇਦ ਇੰਨਾ ਨੂੰ ਇੰਜ ਲਗਦਾ ਹੋਏ ਕਿ ਦਾਲ ਰੋਟੀ ਨਹੀਂ ਤਾਂ ਡਬਲ ਰੋਟੀ ਖਾ ਲੈਣ।ਇੰਨਾ ਕੋਲ ਪੈਸਾ ਹੈ,ਇੰਨਾ ਨੂੰ ਨਹੀਂ ਪਤਾ ਦੂਸਰੇ ਕਿਵੇਂ ਜੁਗਾੜ ਕਰਦੇ ਹਨ।ਵਿਦੇਸ਼ਾਂ ਵੱਲ ਨੂੰ ਇੰਨੇ ਰੁਝਾਣ ਦੇ ਕੀ ਕਾਰਨ ਨੇ,ਜੋ ਇੱਕ ਆਮ ਬੰਦਾ ਸਮਝਦਾ ਹੈ ਤੇ ਦੁਹਾਈ ਦਿੰਦਾ ਹੈ।ਸੱਭ ਤੋਂ ਵੱਡਾ ਕਾਰਨ ਹੈ ਬੇਰੁਜ਼ਗਾਰੀ,ਉਸਤੋਂ ਬਾਦ ਕੰਮ ਦੇ ਬਦਲੇ ਘੱਟ ਪੈਸਿਆ(ਤਨਖਾਹਾਂ) ਦਾ ਮਿਲਨਾ,ਲਾਅ ਐਂਡ ਆਡਰ,ਰਿਸ਼ਵਤ ਤੇ ਭ੍ਰਿਸ਼ਟਾਚਾਰ, ਏਹ ਤਾਂ ਉਹ ਕਾਰਨ ਹਨ ਜੋ ਲੋਕਾਂ ਨੂੰ ਸਮਝ ਆ ਰਹੇ ਹਨ।ਜਗ੍ਹਾ ਜਗ੍ਹਾ ਕਾਲਜ ਖੁੱਲੇ, ਯੂਨੀਵਰਸਿਟੀਆਂ ਬਣ ਗਈਆਂ, ਹਰ ਕਿਸੇ ਨੇ ਪੜ੍ਹਨ ਵਾਲੇ ਪਾਸੇ ਵਹੀਰਾਂ ਘੱਤ ਲਈਆਂ।ਲੱਖਾਂ ਦੀ ਤਾਦਾਦ ਵਿੱਚ ਡਿਗਰੀਆਂ ਲੈਕੇ ਬਾਹਰ ਆਉਂਦੇ ਹਨ।ਮੁਸੀਬਤ ਖੜੀ ਹੁੰਦੀ ਹੈ ਜਦੋਂ ਡਿਗਰੀਆਂ ਹੱਥਾਂ ਵਿੱਚ ਫੜੀ, ਨੌਜਵਾਨ ਦਰ ਦਰ ਦੀਆਂ ਠੋਕਰਾਂ ਖਾਂਦੇ ਹਨ।ਕੁਝ ਇੱਕ ਮਤਲਬ ਆਟੇ ਵਿੱਚ ਨਮਕ ਦੇ ਬਰਾਬਰ ਬੱਚਿਆਂ ਨੂੰ ਨੌਕਰੀ ਮਿਲਦੀ ਹੈ।ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜੋ ਕੰਪਨੀਆਂ ਦੀਆਂ ਇੰਟਰਵਿਊ ਹੀ ਪਾਸ ਨਹੀਂ ਕਰ ਸਕਦੇ।ਇਥੇ ਮਿਆਰੀ ਸਿਖਿਆ ਦੀ ਵੀ ਸਮਸਿਆ ਹੈ।ਨੌਜਵਾਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਇੰਜ ਨੌਕਰੀ ਲੱਭਦੇ ਰਹੀਏ ਜਾਂ ਪੰਜ ਸੱਤ ਹਜਾਰ ਦੀ ਨੌਕਰੀ ਲੈ ਲੈਣ।ਘਰਦੇ ਵੀ ਪ੍ਰੇਸ਼ਾਨ ਹੁੰਦੇ ਨੇ ਕਿ ਨੌਕਰੀ ਨਾਲ ਆਪਣਾ ਖਰਚਾ ਵੀ ਨਹੀਂ ਚੱਕ ਰਿਹਾ ਪੜ੍ਹਿਆ ਲਿਖਿਆ ਪੁੱਤ।ਇਥੇ ਸਰਕਾਰੀ ਨੌਕਰੀਆਂ ਦੀ ਤਾਂ ਫੱਟੀ ਪੋਚੀ ਹੋਈ ਹੈ ਤੇ ਪ੍ਰਾਇਵੇਟ ਨੌਕਰੀਆਂ ਬਾਰਾਂ ਤੋਂ ਵੀ ਵੱਧ ਘੰਟੇ ਕੰਮ ਲੈਂਦੀ ਹੈ,ਕੋਈ ਵਾਧੂ ਪੈਸਾ ਨਹੀਂ।ਬੱਚੇ ਬਾਹਰਵੀਂ ਤੋਂ ਬਾਦ ਵੀ ਵਿਦੇਸ਼ ਵੱਲ ਵੇਖਦੇ ਨੇ ਤੇ ਡਿਗਰੀਆਂ ਤੋਂ ਬਾਦ ਮਾਸਟਰ ਡਿਗਰੀਆਂ ਲਈ ਚਲੇ ਜਾਂਦੇ ਹਨ।ਨੌਜਵਾਨ ਸ਼ਕਤੀ ਵੀ ਗਈ ਤੇ ਪੈਸੇ ਵੀ ਵਿਦੇਸ਼ ਚਲੇ ਗਏ।ਨੌਜਵਾਨ ਏਹ ਸੋਚਦੇ ਨੇ ਕਿ ਕੰਮ ਕਰਾਂਗੇ, ਚਾਰ ਪੈਸੇ ਤਾਂ ਮਿਲਨਗੇ।ਕਰਜ਼ੇ ਲੈਕੇ ਮਾਪੇ ਭੇਜਦੇ ਨੇ।ਬੱਚਿਆਂ ਨੂੰ ਨੈੱਟ ਦੇ ਰਾਹੀਂ ਤੇ ਆਪਣੇ ਜਾਣਦਿਆਂ
ਕੋਲੋਂ ਸੁਣਦੇ ਨੇ ਕਿ ਉਥੇ ਇੱਕ ਵਧੀਆ ਸਿਸਟਮ ਹੈ।ਸੱਭ ਕੁਝ ਵਧੀਆ ਤਰੀਕੇ ਨਾਲ ਹੁੰਦਾ ਹੈ।ਸਾਡੇ ਦੇਸ਼ ਵਾਂਗ ਬਹੁਤੀ ਖੱਜਲ ਖੁਆਰੀ ਨਹੀਂ ਹੁੰਦੀ।ਏਸ ਵਕਤ ਨੌਜਵਾਨ ਰਿਸ਼ਵਤ ਤੇ ਭ੍ਰਿਸ਼ਟਾਚਾਰ ਤੋਂ ਬਹੁਤ ਤੰਗ ਹਨ।ਮਾਪੇ ਵੀ ਦਫ਼ਤਰਾਂ ਤੇ ਚੱਲ ਰਹੇ ਤੋਂ ਤੰਗ ਨੇ,ਉਹ ਵੀ ਚਾਹੁੰਦੇ ਹਨ ਕਿ ਅਸੀਂ ਤਾਂ ਇਥੇ ਤੰਗ ਹੋ ਰਹੇ ਹਾਂ ਘੱਟੋ ਘੱਟ ਬੱਚੇ ਇਸ ਤੋਂ ਬਚ ਜਾਣ।ਸਾਡੇ ਦੇਸ਼ ਵਿੱਚ ਤਾਂ ਇਲਾਜ ਠੀਕ ਢੰਗ ਨਾਲ ਨਹੀਂ ਹੁੰਦਾ, ਬੰਦੇ ਦੀ ਕੋਈ ਕੀਮਤ ਹੀ ਨਹੀਂ।ਤੁਸੀਂ ਮ੍ਰਿਤਕ ਸਰਟੀਫਿਕੇਟ ਲੈਣ ਚਲੇ ਜਾਉ,ਉਥੇ ਵੀ ਪੈਸੇ ਲੈਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ।ਅਗਰ ਇਥੇ ਨਹੀਂ ਬਖਸ਼ਿਆ ਜਾਂਦਾ ਤਾਂ ਬਾਕੀਆਂ ਬਾਰੇ ਕੀ ਕਹਿਣਾ।ਕਹਿਣ ਦੀ ਜ਼ਰੂਰਤ ਵੀ ਨਹੀਂ ਅਸੀਂ ਸਾਰੇ ਹੰਡਾ ਰਹੇ ਹਾਂ ਤੇ ਏਹ ਹਰ ਆਮ ਬੰਦੇ ਦੀ ਆਪ ਬੀਤੀ ਹੈ।ਨਸ਼ਿਆਂ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ ਹੈ।ਲੜਕੀਆਂ ਵੀ ਨਸ਼ੇ ਦੀ ਚਪੇਟ ਵਿੱਚ ਆ ਚੁੱਕੀਆਂ ਨੇ।ਹਾਂ, ਮਾਪੇ ਪੜ੍ਹਨ ਤੇ ਸੈਟ ਹੋਣ ਦੇ ਚੱਕਰ ਵਿੱਚ ਧੀਆਂ ਨੂੰ ਵੀ ਵਿਦੇਸ਼ ਭੇਜ ਰਹੇ ਹਨ।ਬਹੁਤ ਕੁਝ ਪੜ੍ਹਨ ਨੂੰ ਮਿਲਦਾ ਹੈ ਤੇ ਛਪ ਰਿਹਾ ਕਿ ਉਨ੍ਹਾਂ ਦੀ ਹਾਲਤ ਉਥੇ ਚੰਗੀ ਨਹੀਂ ਹੈ।ਮਾਪੇ ਇਥੋਂ ਵਿਦੇਸ਼ ਵਿੱਚ ਮਹੀਨੇ ਦਾ ਖਰਚਾ ਭੇਜ ਨਹੀਂ ਸਕਦੇ।ਉਨ੍ਹਾਂ ਵਾਸਤੇ ਉਥੋਂ ਦਾ ਖਰਚਾ ਚੁੱਕਣਾ ਔਖਾ ਹੁੰਦਾ ਹੈ ਤੇ ਕਈ ਵਾਰ ਉਨਾਂ ਦੀ ਮਜ਼ਬੂਰੀ ਦਾ ਫਾਇਦਾ ਵੀ ਚੁੱਕਿਆ ਜਾਂਦਾ ਹੈ।ਵਿਕਾਸ ਸਿਰਫ਼ ਕਾਲਜ ਤੇ ਯੂਨੀਵਰਸਿਟੀ ਖੋਲਣਾ ਨਹੀਂ, ਮਿਆਰੀ ਸਿਖਿਆ ਤੇ ਰੋਜ਼ਗਾਰ ਹੋਣਾ ਬੇਹੱਦ ਜ਼ਰੂਰੀ ਹੈ।ਹਰ ਬੱਚੇ ਵਿੱਚ ਇੱਕ ਸਮਰਥਾ, ਲਿਆਕਤ ਤੇ ਹੁਨਰ ਹੁੰਦਾ ਹੈ,ਉਸ ਨੂੰ ਉਵੇਂ ਦਾ ਰੁਜ਼ਗਾਰ ਦਿੱਤਾ ਜਾਵੇ।ਸੋਸ਼ਲ ਸਕਿਉਰਟੀ ਬਹੁਤ ਜ਼ਰੂਰੀ ਹੈ।ਰੁਜ਼ਗਾਰ ਨਹੀਂ ਦੇ ਸਕਦੀ ਤਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਜਿਉਣ ਲਈ ਬੇਰੁਜ਼ਗਾਰੀ ਭੱਤਾ ਦੇਵੇ।ਜਦੋਂ ਨੌਜਵਾਨ, ਧਰਨਿਆਂ ਤੇ ਬੈਠਿਆਂ ਨੂੰ ਵੇਖਦੇ ਨੇ,ਲਾਠੀ ਚਾਰਜ ਹੁੰਦਾ ਵੇਖਦੇ ਨੇ,ਪਾਣੀ ਦੀਆਂ ਬੁਛਾਰਾਂ ਪੈਂਦੀਆਂ ਵੇਖਦੇ ਹਨ,ਪਾਣੀ ਤੇ ਚੜ੍ਹਿਆਂ ਨੂੰ ਵੇਖਦੇ ਹਨ,ਵਾਲਾਂ ਤੋਂ ਫੜਕੇ ਘਸੀਟਦੇ ਵੇਖਦੇ ਹਨ ਤਾਂ ਉਨ੍ਹਾਂ ਵਿੱਚੋਂ ਉਹ ਆਪਣਾ ਭਵਿੱਖ ਵੇਖਦੇ ਨੇ।ਲਾਰਿਆਂ ਵਿੱਚ ਨੌਕਰੀਆਂ ਦੀ ਉਮਰ ਨਿਕਲ ਜਾਂਦੀ ਹੈ ਤੇ ਨਾਲ ਹੀ ਵਿਆਹ ਕਰਵਾਉਣ ਦੀ ਉਮਰ ਵੀ ਨਿਕਲ ਜਾਂਦੀ ਹੈ।ਪਤਾ ਨਹੀਂ ਏਹ ਕਿਸ ਤਰ੍ਹਾਂ ਦਾ ਵਿਕਾਸ ਹੈ ਜਦੋਂ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਨਾਲ ਜੂਝ ਰਹੀ ਹੈ।ਸਰਕਾਰਾਂ ਦਾ ਫਰਜ਼ ਹੈ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਤਾਂ ਕਿ ਸਾਡੇ ਨੌਜਵਾਨ ਆਪਣੇ ਦੇਸ਼ ਲਈ ਕੰਮ ਕਰਨ।ਦੇਸ਼ ਦਾ ਪੈਸਾ ਵਿਦੇਸ਼ਾਂ ਵਿੱਚ ਨਾ ਜਾਵੇ।ਰੁਜ਼ਗਾਰ ਦਿਉ ਤਾਂ ਕਿ ਮਾਵਾਂ ਦੇ ਪੁੱਤ ਮਾਲਟਾ ਕਾਂਡ ਵਰਗੇ ਦਰਦਨਾਕ ਹਾਦਸਿਆਂ ਦੀ ਭੇਂਟ ਨਾ ਚੜ੍ਹਨ।ਮਹਿੰਗਾਈ ਨਾਲ ਲੋਕ ਪ੍ਰੇਸ਼ਾਨ ਹਨ,ਉਹ ਰਿਸ਼ਵਤ ਦੇਕੇ ਕੰਮ ਵਾਲੇ ਸਿਸਟਮ ਤੋਂ ਪ੍ਰੇਸ਼ਾਨ ਹਨ ਕਿਉਂਕਿ ਆਮਦਨ ਨਾਲ ਘਰ ਹੀ ਔਖੇ ਚਲ ਰਹੇ ਨੇ।ਏਹ ਸਮਸਿਆ ਹੈ ਜਿਸ ਨੂੰ ਸਰਕਾਰਾਂ ਗੰਭੀਰਤਾ ਨਾਲ ਨਹੀਂ ਲੈ ਰਹੀਆਂ।ਸੋਚੋ ਜਦੋਂ ਸਿਰਫ਼ ਬਜ਼ੁਰਗ ਹੀ ਇਥੇ ਰਹਿ ਗਏ ਤਾਂ ਸਮਾਜ ਕਿਵੇਂ ਦਾ ਹੋਏਗਾ।ਸਰਕਾਰਾਂ ਤੇ ਨੀਤੀ ਘਾੜਿਆਂ ਨੂੰ,ਏਸ ਸਮਸਿਆ ਨੂੰ ਗੰਭੀਰਤਾ ਨਾਲ ਲੈਕੇ ਹੱਲ ਕਰਨਾ ਚਾਹੀਦਾ ਹੈ ਕਿ ਸਾਡੀ ਵਿਦੇਸ਼ਾਂ ਨੂੰ ਭੱਜੀ ਜਾਂਦੀ ਨੌਜਵਾਨ ਸ਼ਕਤੀ ਨੂੰ ਕਿਵੇਂ ਰੋਕੀਏ ਤੇ ਆਪਣੇ ਫ਼ਰਜ਼ ਪੂਰੇ ਕਰੀਏ ਤੇ ਉਨ੍ਹਾਂ ਦੀ ਸ਼ਕਤੀ ਦੇਸ਼ ਦੇ ਵਿਕਾਸ ਲਈ ਵਰਤੀਏ।

LEAVE A REPLY

Please enter your comment!
Please enter your name here