ਲੰਡਨ—ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਗਨ ਮਰਕਲੇ 19 ਮਈ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਵਾਲੇ ਹਨ। ਇਨ੍ਹਾਂ ਦਾ ਵਿਆਹ ਬ੍ਰਿਟੇਨ ਦੇ ਵਿੰਡਸਰ ਕੈਸਲ ਚਰਚ ਵਿਚ ਹੋਣਾ ਹੈ ਅਤੇ ਵਿਆਹ ਵਿਚ ਸ਼ਾਮਲ ਹੋਣ ਲਈ 600 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ, ਜਿੱਥੇ ਮਹਿਮਾਨਾਂ ਦਾ ਸਵਾਗਤ ਤਾਂ ਹੈ ਪਰ ਉਨ੍ਹਾਂ ‘ਤੇ ਕੁੱਝ ਸ਼ਰਤਾਂ ਵੀ ਲਾਗੂ ਹੁੰਦੀਆਂ ਹਨ। ਇਨਵੀਟੇਸ਼ਨ ਕਾਰਡ ਵਿਚ ਹੀ ਮਹਿਮਾਨਾਂ ਦੇ ਲਾਗੂ ਕੀਤੀਆਂ ਗਈਆਂ 7 ਸ਼ਰਤਾਂ ਦਾ ਵੀ ਜ਼ਿਕਰ ਹੈ।
1. ਪਹਿਲੀ ਸ਼ਰਤ ਵਿਚ ਕਿਹਾ ਗਿਆ ਹੈ ਕਿ ਮਹਿਮਾਨ ਨਾ ਫੋਨ ਲਿਆ ਸਕਣਗੇ ਅਤੇ ਨਾ ਹੀ ਕੈਮਰਾ। ਭਾਵ ਮਹਿਮਾਨਾਂ ਨੂੰ ਆਪਣੇ ਫੋਨ ਵੈਡਿੰਗ ਹਾਲ ਤੋਂ ਬਾਹਰ ਹੀ ਜਮ੍ਹਾ ਕਰਾਉਣੇ ਹੋਣਗੇ ਅਤੇ ਵਾਪਸ ਜਾਂਦੇ ਸਮੇਂ ਫੋਨ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਜਾਣਗੇ। ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਵਿਆਹ ਦੇ ਪਲਾਂ ਨੂੰ ਪੂਰੀ ਤਰ੍ਹਾਂ ਨਿੱਜੀ ਰੱਖਿਆ ਜਾ ਸਕੇ। ਤੁਹਾਨੂੰ ਦੱਸ ਦਈਏ ਕਿ ਪੂਰੇ ਹਾਲ ਵਿਚ ਸਿਰਫ ਇਕ ਆਫੀਸ਼ਅਲ ਫੋਟੋਗ੍ਰਾਫਰ ਰਹੇਗਾ ਅਤੇ ਓਹੀ ਤਸਵੀਰਾਂ ਖਿੱਚੇਗਾ।
2. ਦੂਜੀ ਸ਼ਰਤ ਇਹ ਹੈ ਕਿ ਸਾਰੇ ਮਹਿਮਾਨਾਂ ਨੂੰ ਡਰੈੱਸ ਕੋਡ ਫਾਲੋ ਕਰਨਾ ਹੋਵੇਗਾ। ਡਰੈੱਸ ਕੋਡ ਹੈ ਮੈਨ ਇਨ ਫਾਰਮਲ, ਵੂਮੈਨ ਇਨ ਗਾਊਨ। ਭਾਵ ਪੁਰਸ਼ ਸੂਟ-ਬੂਟ ਪਹਿਨਣਗੇ ਅਤੇ ਔਰਤਾਂ ਗਾਊਨ ਪਾਉਣਗੀਆਂ ਪਰ ਅਜੇ ਤੱਕ ਕੋਈ ਖਾਸ ਰੰਗ ਦਾ ਕੋਡ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਔਰਤਾਂ ਨੂੰ ਟੌਪੀ (ਹੈਟ) ਪਾਉਣ ਦੀ ਵੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਟੌਪੀ ਪਾਉਣਾ ਜ਼ਰੂਰੀ ਨਹੀਂ ਕੀਤਾ ਗਿਆ ਹੈ।
3. ਤੀਜੀ ਸ਼ਰਤ ਵਿਚ ਮਹਿਮਾਨਾਂ ਨੂੰ ਭਾਰੀ ਬੈਗ ਨਾ ਲਿਆਉਣ ਨੂੰ ਕਿਹਾ ਗਿਆ ਹੈ। ਦੱਸ ਦਈਏ ਕਿ ਵਿੰਡਸਰ ਕੈਸਲ ਦੇ ਮੇਨਗੇਟ ਤੋਂ 3 ਕਿਲੋਮੀਟਰ ਪਹਿਲਾਂ ਚੈਕਿੰਗ ਪੁਆਇੰਟ ਹੋਵੇਗਾ। ਇੱਥੇ ਹਰ ਮਹਿਮਾਨ ਦੀ ਤਲਾਸ਼ੀ ਲਈ ਜਾਏਗੀ। ਗੱਡੀਆਂ ਵੀ ਇੱਥੇ ਹੀ ਰੋਕ ਦਿੱਤੀਆਂ ਜਾਣਗੀਆਂ। ਇੱਥੋਂ ਵੈਡਿੰਗ ਹਾਲ ਤੱਕ ਜਾਣ ਲਈ ਮਹਿਮਾਨਾਂ ਨੂੰ 3 ਕਿਲੋਮੀਟਰ ਪੈਦਲ ਚੱਲਣਾ ਹੋਵੇਗਾ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਮਹਿਮਾਨਾਂ ਨੂੰ ਭਾਰੀ ਬੈਗ ਨਾ ਲਿਆਉਣ ਨੂੰ ਕਿਹਾ ਗਿਆ ਹੈ।
4. ਚੌਥੀ ਸ਼ਰਤ ਵਿਚ ਮਹਿਮਾਨਾਂ ਨੂੰ ਹੈਰੀ ਅਤੇ ਮੇਗਨ ਲਈ ਕੋਈ ਤੋਹਫਾ ਲਿਆਉਣ ਲਈ ਸਾਫ ਮਨ੍ਹਾ ਕੀਤਾ ਗਿਆ ਹੈ। ਇਸ ਦੀ ਬਜਾਏ ਸ਼ਾਹੀ ਪਰਿਵਾਰ ਨੇ 7 ਚੈਰਿਟੀ ਸੰਸਥਾਵਾਂ ਦੀ ਲਿਸਟ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸ਼ਾਹੀ ਜੋੜੇ ਨੂੰ ਤੋਹਫੇ ਦੇਣ ਦੀ ਬਜਾਏ ਇਨ੍ਹਾਂ ਸੰਸਥਾਵਾਂ ਨੂੰ ਡੋਨੇਟ ਕਰਨ।
5. ਪੰਜਵੀਂ ਸ਼ਰਤ ਵਿਚ ਕਿਹਾ ਗਿਆ ਹੈ ਕਿ ਸਾਰੇ ਮਹਿਮਾਨਾਂ ਨੂੰ ਆਪਣੀ-ਆਪਣੀ ਸੀਟ ਦਿੱਤੀ ਗਈ ਹੈ ਅਤੇ ਸਾਰੇ ਲੋਕ ਆਪਣੀ-ਆਪਣੀ ਸੀਟ ‘ਤੇ ਹੀ ਬੈਠਣ। ਸੀਟ ਨੂੰ ਲੈ ਕੇ ਕੋਈ ਝਗੜਾ ਨਹੀਂ ਕਰੇਗਾ।
6. ਛੇਵੀਂ ਸ਼ਰਤ ਵਿਚ ਮਹਿਮਾਨਾਂ ਨੂੰ ਖਾਸ ਅਪੀਲ ਕੀਤੀ ਗਈ ਹੈ ਕਿ ਉਹ ਮਹਾਰਾਣੀ ਐਲਿਜ਼ਾਬੈਥ ਦੇ ਪ੍ਰੋਟੋਕਾਲ ਦਾ ਪਾਲਣ ਕਰਨ ਅਤੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰਨ। ਭਾਵ ਉਨ੍ਹਾਂ ਨੂੰ ਵਧਾਈ ਦੇਣ ਲਈ ਉਨ੍ਹਾਂ ਕੋਲ ਨਾ ਜਾਣ।
7. ਸੱਤਵੀਂ ਸ਼ਰਤ ਵਿਚ ਕਿਹਾ ਗਿਆ ਹੈ ਕਿ ਚਰਚ ਵਿਚ ਵਿਆਹ ਦੀ ਰਸਮ ਦੇ ਉਲਟ ਸ਼ਾਹੀ ਵਿਆਹ ਵਿਚ ਨਾ ਤਾਂ ਲਾੜੀ ਗੁੱਲਦਸਤਾ ਉਛਾਲੇਗੀ ਤੇ ਨਾ ਹੀ ਕੋਈ ਕੁੜੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰੇਗੀ।

LEAVE A REPLY

Please enter your comment!
Please enter your name here