ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰ, ਸ਼੍ਰੋਮਣੀ ਅਕਾਲੀ ਦਲ ਨੂੰ ਉਸਦੀਆਂ ਮੂਲ ਜ਼ਿਮੇਂਦਾਰੀਆਂ ਅਤੇ ਬੁਨਿਆਦੀ ਮਾਨਤਾਵਾਂ ਵਲ ਮੋੜਨ ਅਤੇ ਸਿੱਖਾਂ ਪ੍ਰਤੀ ਆਮ ਲੋਕਾਂ ਦਾ ਪੁਰਾਣਾ ਵਿਸ਼ਵਾਸ ਅਤੇ ਸਿੱਖਾਂ ਦਾ ਗੌਰਵ ਬਹਾਲ ਕਰਨਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰਕ ਸ਼ਿਕੰਜੇ ਵਿਚੋਂ ਮੁਕਤ ਕਰਵਾਉਣਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ‘ਤੇ ਥਾਂ-ਥਾਂ ਕਾਇਮ ਕੀਤੀਆਂ ਹੋਈਆਂ ‘ਦੁਕਾਨਾਂ’ ਨੂੰ ਬੰਦ ਕਰਵਾਣਾ ਹੋਵੇਗਾ। ਇਹ ਵਿਚਾਰ ਜਸਟਿਸ ਆਰ ਐਸ ਸੋਢੀ ਨੇ ਚੋਣਵੇਂ ਵਿਦਵਾਨਾਂ ਦੀ ਚਲ ਰਹੀ ਸਾਂਝੀ ਬੈਠਕ ਵਿੱਚ ਹੋ ਰਹੀ ਚਰਚਾ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤਕ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਾਪਨਾ ਦੀਆਂ ਮੂਲ ਜ਼ਿਮੇਂਦਾਰੀਆਂ ਨੂੰ ਨਿਬਾਹੁਣ ਦੇ ਨਾਲ ਹੀ ਬੁਨਿਆਦੀ ਆਦਰਸ਼ਾਂ ‘ਤੇ ਮਾਨਤਾਵਾਂ ਦਾ ਪਾਲਣ ਕਰਨ ਪ੍ਰਤੀ ਈਮਾਨਦਾਰ ਰਿਹਾ, ਤਦ ਤਕ ਉਸਨੂੰ ਨਾ ਕੇਵਲ ਸਮੁਚੇ ਪੰਥ ਦਾ ਵਿਸ਼ਵਾਸ ਪ੍ਰਾਪਤ ਹੁੰਦਾ ਰਿਹਾ, ਸਗੋਂ ਵਿਰੋਧੀਆਂ ਵਿੱਚ ਦੀ ਸਾਖ ਦੇ ਨਾਲ ਹੀ ਉਸਦਾ ਮਾਣ-ਸਤਿਕਾਰ ਕਾਇਮ ਰਿਹਾ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਇਤਿਹਾਸ ਗੁਆਹ ਹੈ ਕਿ ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ, ਤਾਂ ਉਸ ਸਮੇਂ ਉਸਦਾ ਜੋ ਸੰਵਿਧਾਨ ਤਿਆਰ ਕੀਤਾ ਗਿਆ, ਉਸ ਵਿੱਚ ਇੱਕ ਤਾਂ ਇਹ ਗਲ ਨਿਸ਼ਚਤ ਕੀਤੀ ਗਈ, ਕਿ ਇਹ ਜੱਥੇਬੰਦੀ ਇਤਿਹਾਸਕ ਗੁਰਧਾਮਾਂ ਵਿੱਚ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਪਾਲਣ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਵੇਗੀ ਅਤੇ ਦੂਸਰਾ ਇਸਦੇ ਸੰਗਠਨ ਦਾ ਗਠਨ ਪੂਰੀ ਤਰ੍ਹਾਂ ਲੋਕਤਾਂਤ੍ਰਿਕ ਮਾਨਤਾਵਾਂ ਦੇ ਅਧਾਰ ਪੁਰ ਕੀਤਾ ਜਾਇਗਾ।
ਇਸ ਚਰਚਾ ਦੌਰਾਨ ਵਿਦਵਾਨਾਂ ਵਲੋਂ ਇਹ ਅਤੇ ਇਸੇ ਤਰ੍ਹਾਂ ਦੇ ਹੋਰ ਪ੍ਰਗਟ ਕੀਤੇ ਵਿਚਾਰਾਂ ਨੇ ਇਹ ਸੋਚਣ ਤੇ ਵਿਚਾਰਨ ਤੇ ਮਜਬੂਰ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਉਹ ਪੰਨੇ ਫਰੋਲੇ ਜਾਣ, ਜਿਨ੍ਹਾਂ ਵਿੱਚ ਅਕਾਲੀ ਦਲ ਦੀ ਸਥਾਪਨਾ ਦੇ ਇਤਿਹਾਸ ਤੋਂ ਲੈ ਕੇ ਉਸਦਾ ਏਜੰਡਾ ਤਕ ਦਰਜ ਕੀਤਾ ਗਿਆ ਹੋਇਆ ਹੈ। ਜਦੋਂ ਉਹ ਪੰਨੇ ਫਰੋਲੇ ਗਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਈ, ਕਿ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਰਦਿਆਂ, ਜਿਵੇਂ ਕਿ ਜਸਟਿਸ ਆਰ ਐਸ ਸੋਢੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦਸਿਆ, ਇਕ ਤਾਂ ਇਹ ਗਲ ਨਿਸ਼ਚਿਤ ਕੀਤੀ ਗਈ ਹੋਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਗੁਰਧਾਮਾਂ ਵਿਚ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਪਾਲਣ ਵਿਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੂਸਰੀਆਂ ਧਾਰਮਕ ਜਥੇਬੰਦੀਆਂ ਨੂੰ ਸਹਿਯੋਗ ਕਰੇਗਾ। ਦੂਸਰੀ ਗਲ ਇਹ ਨਿਸ਼ਚਿਤ ਕੀਤੀ ਗਈ ਹੋਈ ਸੀ ਕਿ ਇਸਦੇ ਸੰਗਠਨ ਦਾ ਸਮੁਚਾ ਢਾਂਚਾ ਲੋਕਤਾਂਤ੍ਰਿਕ ਮਾਨਤਾਵਾਂ ਦੇ ਆਧਾਰ ਤੇ ਗਠਿਤ ਕੀਤਾ ਜਾਇਆ ਕਰੇਗਾ।
ਸੰਗਠਨ ਦਾ ਸਰੂਪ, ਜੋ ਅਪਨਾਇਆ ਗਿਆ : ਸ਼੍ਰੋਮਣੀ ਅਕਾਲੀ ਦਲ ਦੇ ਸੰਗਠਨ ਦੇ ਗਠਨ ਲਈ, ਸਭ ਤੋਂ ਪਹਿਲਾਂ ਮੁਢਲੇ ਮੈਂਬਰਾਂ ਦੀ ਭਰਤੀ ਕੀਤੀ ਜਾਂਦੀ, ਫਿਰ ਇਸ ਭਰਤੀ ਰਾਹੀਂ ਬਣੇ ਮੈਂਬਰਾਂ ਵਲੋਂ ਆਪੋ-ਆਪਣੇ ਇਲਾਕੇ ਦੇ ਜਥਿਆਂ ਦਾ ਗਠਨ ਕੀਤਾ ਜਾਂਦਾ। ਉਪਰੰਤ ਇਲਾਕਿਆਂ ਦੇ ਗਠਤ ਕੀਤੇ ਗਏ ਜਥਿਆਂ ਦੇ ਪ੍ਰਤੀਨਿਧੀ ਮਿਲ-ਬੈਠ ਸ਼ਹਿਰੀ ਜੱਥੇ ਅਤੇ ਸ਼ਹਿਰੀ ਜੱਥਿਆਂ ਦੇ ਪ੍ਰਤੀਨਿਧੀ ਜ਼ਿਲਾ ਜੱਥਿਆਂ ਦਾ ਗਠਨ ਕਰਦੇ। ਜ਼ਿਲਾ ਜੱਥਿਆਂ ਦੇ ਪ੍ਰਤੀਨਿਧੀ ਪ੍ਰਾਂਤਕ ਜਥਿਆਂ ਦੇ ਗਠਨ ਦਾ ਆਧਾਰ ਬਣਦੇ। ਇਸਤਰ੍ਹਾਂ ਇਲਾਕਾਈ ਜਥਿਆਂ ਦੇ ਗਠਨ ਤੋਂ ਲੈ ਕੇ ਕੇਂਦਰੀ ਸੰਗਠਨ ਦੇ ਪ੍ਰਧਾਨ, ਦੂਜੇ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਤਕ ਦੀ ਚੋਣ ਦੀ ਸਾਰੀ ਪ੍ਰਕ੍ਰਿਆ ਲੋਕਤਾਂਤ੍ਰਿਕ ਮਾਨਤਾਵਾਂ ਦਾ ਪਾਲਣ ਕਰਦਿਆਂ ਪੂਰੀ ਕੀਤੀ ਜਾਂਦੀ। ਕਿਸੇ ਵੀ ਪੱਧਰ ਜਾਂ ਅਧਾਰ ਤੇ ਨਾਮਜ਼ਦਗੀਆਂ ਨਹੀਂ ਸੀ ਕੀਤੀਆਂ ਜਾਂਦੀਆਂ। ਇਸਤਰ੍ਹਾਂ ਬਣੇ ਸੰਗਠਨ ਦਾ ਸਰੂਪ, ਸਮੁਚੇ ਪੰਥ ਨੂੰ ਪ੍ਰਵਾਨ ਹੁੰਦਾ। ਉਸ ਸਮੇਂ ਦਲ ਦੇ ਕੌਮੀ ਪ੍ਰਧਾਨ ਤੋਂ ਲੈ ਕੇ ਇਲਾਕਾਈ ਜਥੇ ਦੇ ਪ੍ਰਧਾਨ ਸਹਿਤ ਸਾਰੇ ਮੁੱਖੀ, ਕਿਸੇ ਵਿਅਕਤੀ-ਵਿਸ਼ੇਸ਼ ਪ੍ਰਤੀ ਜਵਾਬ-ਦੇਹ ਨਾ ਹੋ, ਸਮੁਚੇ ਪੰਥ ਪ੍ਰਤੀ ਜਵਾਬਦੇਹ ਹੁੰਦੇ। ਇਸਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਹਰ ਅਹੁਦੇਦਾਰ ਪੰਥ ਸਾਹਮਣੇ ਜਵਾਬ-ਦੇਹ ਹੁੰਦਾ, ਫਲਸਰੂਪ ਉਹ ਪੰਥ ਪ੍ਰਤੀ ਪੂਰੀ ਤਰ੍ਹਾਂ ਵਫਾਦਾਰ ਤੇ ਸਮਰਪਿਤ ਰਹਿੰਦਾ। ਇਹੀ ਕਾਰਣ ਸੀ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਵਿਚ ਤੇ ਨਾ ਹੀ ਉਸਦੇ ਪ੍ਰਬੰਧ ਹੇਠਲੀਆਂ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਆਦਿ ਵਿਚ ਭਰਿਸ਼ਟਾਚਾਰ ਹੋਣ ਜਾਂ ਪ੍ਰਬੰਧ ਦੇ ਵਿਗੜਨ ਦੀ ਸੰਭਾਵਨਾ ਹੀ ਹੁੰਦੀ।
ਇਸ ਸਥਿਤੀ ਦੇ ਸਹਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਹਿਸਤਾ-ਆਹਿਸਤਾ ਵਧਦੇ ਜਾ ਰਹੇ ਪ੍ਰਭਾਵ ਕਾਰਣ ਇਸਦੇ ਆਗੂਆਂ ਵਿਚ ਰਾਜਸੀ ਸੁਆਰਥ ਦੀ ਭਾਵਨਾ ਨੇ ਜ਼ੋਰ ਪਕੜਨਾ ਅਤੇ ਉਨ੍ਹਾਂ ਦੇ ਦਿਲ ਵਿਚ ਸੱਤਾ ਲਾਲਸਾ ਨੇ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ। ਇਸਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿਜੀ ਜਗੀਰ ਸਮਝਣਾ ਸ਼ੁਰੂ ਕਰ ਦਿਤਾ, ਫਲਸਰੂਪ ਸ਼੍ਰੋਮਣੀ ਅਕਾਲੀ ਦਲ ਵਿਚ ਚਲੀਆਂ ਆ ਰਹੀਆਂ ਲੋਕਤਾਂਤ੍ਰਿਕ ਪ੍ਰਕ੍ਰਿਆਵਾਂ ਨੇ ਦਮ ਤੋੜਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਸ਼੍ਰੋਮਣੀ ਅਕਾਲੀ ਦਲ ਪੁਰ ਵਿਅਕਤੀ-ਵਿਸ਼ੇਸ਼ ਦੀ ਸੱਤਾ ਕਾਇਮ ਹੋਣ ਲਗੀ, ਜਿਸਨੇ ਸਮਾਂ ਬੀਤਣ ਦੇ ਨਾਲ ਪਰਿਵਾਰਕ ਲਾਲਸਾ ਦਾ ਰੂਪ ਧਾਰਣ ਕਰਨਾ ਸ਼ੁਰੂ ਕਰ ਦਿੱਤਾ। ਇਸ ਸਥਿਤੀ ਦੇ ਬਣਨ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਟੁਟ-ਭਜ ਹੋਣ ਲਗ ਪਈ ਤੇ ਇਕ ਤੋਂ ਬਾਅਦ ਇਕ ਕਰ ਕੇ ਨਵੇਂ ਤੋਂ ਨਵੇਂ ਅਕਾਲੀ ਦਲ ਹੋਂਦ ਵਿੱਚ ਆਉਣੇ ਸ਼ੁਰੂ ਹੋ ਗਏ। ਸਮਾਂ ਬਦਲਿਆ ਤੇ ਸ਼੍ਰੋਮਣੀ ਅਕਾਲੀ ਦਲ ਸਮੁਚੇ ਪੰਥ ਦੇ ਪ੍ਰਤੀਨਿਧ ਨਾ ਰਹਿ, ‘ਪ੍ਰਾਈਵੇਟ ਲਿ. ਕੰਪਨੀਆਂ’ ਬਣ ਕੇ ਰਹਿ ਗਏ।
ਅੱਜ ਜਿਤਨੇ ਵੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਨਾਲ ਹੋਂਦ ਵਿੱਚ ਹਨ, ਉਨ੍ਹਾਂ ਸਾਰਿਆਂ, ਉਪਰ ਤੋਂ ਲੈ ਕੇ ਹੇਠਾਂ ਤਕ ਦੇ ਅਹੁਦੇਦਾਰਾਂ ਤੇ ਵਰਕਰਾਂ ਦੀਆਂ ਨਿਯੁਕਤੀਆਂ ਨਾਮਜ਼ਦਗੀਆਂ ਰਾਹੀਂ ਹੋ ਰਹੀਆਂ ਹਨ, ਜਿਸ ਕਰਣ ਉਨ੍ਹਾਂ ਦੀ ਜਵਾਬ-ਦੇਹੀ ਵੀ ਪੰਥ ਪ੍ਰਤੀ ਨਾ ਰਹਿ, ਦਲ ਦੇ ਕੌਮੀ ਪ੍ਰਧਾਨ, ਅਰਥਾਤ ਜਾਂ ਇਉਂ ਕਹਿ ਲਉ ਕਿ ਪ੍ਰਾਈਵੇਟ ਲਿ. ਕੰਪਨੀ ਦੇ ਚੇਅਰਮੈਨ ਤੇ ਐਮਡੀ ਤਕ, ਉਨ੍ਹਾਂ ਦੀ ਖੁਸ਼ਨੂਦੀ ਹਾਸਲ ਕਰੀ ਰਖਣ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ।
ਅੱਜ ਹਾਲਤ ਇਹ ਹੋ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲਾਂ ਦੇ ਮੁਖੀਆਂ ਵਲੋਂ ਧਾਰਮਕ ਮਰਿਆਦਾਵਾਂ ਦੇ ਪਾਲਣ ਅਤੇ ਪਰੰਪਰਾਵਾਂ ਤੇ ਮਾਨਤਾਵਾਂ ਦੀ ਰਖਿਆ ਲਈ ਧਾਰਮਕ ਜਥੇਬੰਦੀਆਂ ਨੂੰ ਸਹਿਯੋਗ ਦੇਣ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਣ ਦੀ ਬਜਾਏ, ਇਨ੍ਹਾਂ ਸੰਸਥਾਵਾਂ ਨੂੰ ਰਾਜਨੀਤੀ ਵਿਚ ਸਥਾਪਤ ਹੋਣ ਲਈ ਪੌੜੀ ਵਜੋਂ ਵਰਤਿਆ ਜਾਣ ਲਗ ਪਿਆ ਹੈ। ਇਹੀ ਕਾਰਣ ਹੈ, ਕਿ ਇਨ੍ਹਾਂ ਧਾਰਮਕ ਸੰਸਥਾਵਾਂ ਦੀ ਸੱਤਾ ਪੁਰ ਆਪਣਾ ਕਬਜ਼ਾ ਕਾਇਮ ਕਰਨ ਤੇ ਕਾਇਮ ਰਖਣ ਲਈ, ਹਰ ਤਰ੍ਹਾਂ ਦੇ ਜਾਇਜ਼-ਨਾਜਾਇਜ਼ ਹਥਕੰਡੇ ਵਰਤੇ ਜਾਣੇ ਸ਼ੁਰੂ ਕਰ ਦਿਤੇ ਗਏ ਹੋਏ ਹਨ। ਇੱਕ ਪਾਸੇ ਧਾਰਮਕ ਸੰਸਥਾਵਾਂ ਦੇ ਮੈਂਬਰਾਂ ਦਾ ਸਹਿਯੋਗ ਤੇ ਸਮਰਥਨ ਪ੍ਰਾਪਤ ਕਰੀ ਰਖਣ ਲਈ, ਉਨ੍ਹਾਂ ਸਾਹਮਣੇ ਗੋਡੇ ਟੇਕੇ ਜਾਣ ਲਗੇ ਹਨ ਅਤੇ ਦੂਜੇ ਪਾਸੇ ਮੈਂਬਰ ਇਸ ਸਥਿਤੀ ਦਾ ਪੂਰਾ-ਪੂਰਾ ਲਾਭ ਉਠਾਣ ਲਈ ਤਤਪਰ ਹੋ ਗਏ ਹਨ। ਉਹ ਆਪਣਾ ਸਹਿਯੋਗ ਤੇ ਸਮਰਥਨ ਦੇਣ ਦਾ ਪੂਰਾ-ਪੂਰਾ ਮੁਲ ਵਸੂਲ ਕਰਨ ਲਗੇ ਹਨ। ਇਹ ਮੁਲ ਉਹ ਵਫਾਦਾਰ ਬਣੇ ਰਹਿਣ ਲਈ ਵੀ ਅਤੇ ਵਫਾਦਾਰੀਆਂ ਬਦਲਣ ਲਈ ਵੀ ਵਸੂਲ ਕਰਦੇ ਹਨ।
ਇਨ੍ਹਾਂ ਹਾਲਾਤ ਦੇ ਸੰਬੰਧ ਵਿਚ ਜਦੋਂ ਕਿਨਾਰੇ ਕਰ ਦਿੱਤੇ ਗਏ, ਬਜ਼ੁਰਗ ਤੇ ਟਕਸਾਲੀ ਅਕਾਲੀਆਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲਗੇ ਮੋਰਚਿਆਂ ਵਿਚ, ਕੁਰਬਾਨੀਆਂ ਇਸਲਈ ਨਹੀਂ ਸਨ ਦਿਤੀਆਂ, ਕਿ ਇਹ ਪੰਥਕ-ਜਥੇਬੰਦੀ ਗ਼ੈਰ-ਪੰਥਕਾਂ ਦੇ ਹਵਾਲੇ ਕਰ ਦਿਤੀ ਜਾਏ, ਤੇ ਇਸ ਪੁਰ ਉਹ ਵਿਅਕਤੀ ਕਾਬਜ਼ ਹੋ ਜਾਣ, ਜਿਨ੍ਹਾਂ ਦੇ ਦਿਲ ਵਿਚ ਪੰਥ ਦੀ ਸੇਵਾ ਕਰਨ, ਗੁਰਧਾਮਾਂ ਦੀ ਪਵਿਤ੍ਰਤਾ ਕਾਇਮ ਰਖਣ ਅਤੇ ਧਾਰਮਕ ਮਰਿਆਦਾਵਾਂ ਤੇ ਪਰੰਪਰਾਵਾਂ ਦਾ ਪਾਲਣ ਕਰਨ ਪ੍ਰਤੀ ਰਤੀ ਭਰ ਵੀ ਭਾਵਨਾ ਨਾ ਹੋਵੇ। ਉਹ ਕੇਵਲ ਤੇ ਕੇਵਲ ਆਪਣੀ ਰਾਜਸੀ ਲਾਲਸਾ ਨੂੰ ਪੂਰਿਆਂ ਕਰਨ ਲਈ ਹੀ ਇਸਦੇ ਨਾਂ ਦੀ ਵਰਤੋਂ ਕਰਦੇ ਰਹਿਣ।
…ਅਤੇ ਅੰਤ ਵਿਚ : ਇਸਤਰ੍ਹਾਂ ਟਕਸਾਲੀ ਅਕਾਲੀਆਂ ਨਾਲ ਗਲ ਕਰਦਿਆਂ ਇਕ ਮੌਜੂਦਾ ਅਕਾਲੀ ਮੁੱਖੀ ਤਕ ਪਹੁੰਚ ਕੀਤੀ ਗਈ ਤਾਂ ਉਸਨੇ ਵੀ ਬਹੁਤ ਹੀ ਦੁਖੀ ਲਹਿਜੇ ਵਿਚ ਕਿਹਾ ਕਿ ਅਜ ਕੋਈ ਵੀ ਅਜਿਹਾ ਅਕਾਲੀ ਦਲ ਨਹੀਂ, ਜੋ ਪੁਰਾਤਨ ਅਕਾਲੀਆਂ ਦੀਆਂ ਕੁਰਬਾਨੀਆਂ ਅਤੇ ਸਿੱਖੀ ਦੀਆਂ ਧਾਰਮਕ ਪਰੰਪਰਾਵਾਂ ਦਾ ਵਾਰਿਸ ਹੋਣ ਦਾ ਦਾਅਵਾ ਕਰ ਸਕੇ। ਸਾਰੇ ਦੇ ਸਾਰੇ ਅਕਾਲੀ ਦਲ, ਨਿਜੀ ਦੁਕਾਨਾਂ ਤੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ਤੇ ਪ੍ਰਾਈਵੇਟ ਕੰਪਨੀਆਂ ਦੇ ਦਰਵਾਜ਼ੇ ਪੁਰ ਲਗੇ ਫਟਿਆਂ ਪੁਰ ‘ਸ਼੍ਰੋਮਣੀ ਅਕਾਲੀ ਦਲ’ ਦੇ ਨਾਂ ਨਾਲ ਉਨ੍ਹਾਂ ਦੇ ਮਾਲਕਾਂ, ਅਰਥਾਤ ਪ੍ਰਧਾਨ ਜਾਂ ਕਿਸੇ ਹੋਰ ਅਹੁਦੇਦਾਰ ਦਾ ਨਾਂ ਲਿਖਿਆ ਵੇਖ, ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਜ਼ਰੂਰ ਕੁਰਲਾਂਦੀਆਂ ਹੋਣਗੀਆਂ, ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਸੰਵਿਧਾਨ ਅਤੇ ਏਜੰਡੇ ਦਾ ਸਨਮਾਨ ਕਰਦਿਆਂ, ਉਸਦੇ ਝੰਡੇ ਹੇਠ ਲਗੇ ਹਰ ਮੋਰਚੇ ਵਿਚ ਵਧ-ਚੜ੍ਹ ਕੇ ਹਿਸਾ ਲਿਆ, ਕੁਰਬਾਨੀਆਂ ਕੀਤੀਆਂ ਅਤੇ ਜਿਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਪੰਥਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਸਿੱਖੀ ਤੇ ਸਿੱਖਾਂ ਦਾ ਮਾਣ-ਸਤਿਕਾਰ ਵਧਾਣ ਵਿਚ ਉਸਦੀ ਮੁੱਖ ਭੂਮਿਕਾ ਹੋਵੇਗੀ। ਉਨ੍ਹਾਂ ਹੋਰ ਕਿਹਾ ਕਿ ਕੁਰਬਾਨੀਆਂ ਕਰਨ ਵਾਲਿਆਂ ਨੂੰ ਕਦੀ ਸੁਪਨੇ ਵਿਚ ਇਹ ਖਿਆਲ ਨਹੀਂ ਆਇਆ ਹੋਣਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁਲ ਵਟ, ਅਖੌਤੀ ਅਕਾਲੀ ਆਗੂਆਂ ਵਲੋਂ ਨਿਜੀ ਰਾਜਸੀ ਸੱਤਾ ਦੀ ਲਾਲਸਾ ਨੂੰ ਪੂਰਿਆਂ ਕੀਤਾ ਜਾਂਦਾ ਰਹੇਗਾ।

LEAVE A REPLY

Please enter your comment!
Please enter your name here