ਸਮਾਜ ਵਿੱਚ ਦਹੇਜ ਪ੍ਰਥਾ ਸਦੀਆਂ ਤੋਂ ਚਲੀ ਆ ਰਹੀ ਹੈ।ਸਮਾਜ ਦਾ ਹਰ ਪਰਿਵਾਰ ਆਪਣੀ ਬੇਟੀ ਨੂੰ ਵਿਆਹ ਵਿੱਚ ਉਸਦੀ ਵਰਤੋਂ ਦਾ ਸਮਾਨ ਦਿੰਦੇ ਸੀ।ਏਹ ਨਹੀਂ ਸੀ ਕਿ ਅਗਲੇ ਘਰ ਵਿੱਚ ਇਸ ਤੋਂ ਪਹਿਲਾਂ ਕੁਝ ਵੀ ਨਹੀਂ ਸੀ,ਏਹ ਆਪਣੀ ਬੇਟੀ ਨੂੰ ਨਵਾਂ ਘਰ ਕਦੇ ਵੀ ਵਸਾਉਣ ਵਿੱਚ ਮਦਦ ਸੀ।ਵਕਤ ਬਦਲਿਆ ਜ਼ਰੂਰਤਾਂ,ਖਾਹਿਸ਼ਾਂ ਤੇ ਰਹਿਣ ਸਹਿਣ ਬਦਲ ਗਿਆ ਤੇ ਨਾਲ ਹੀ ਦਹੇਜ ਦੇ ਸਮਾਨ ਵਿੱਚ ਤਬਦੀਲੀ ਆ ਗਈ।ਪਹਿਲਾਂ ਵੀ ਮਾਪੇ ਧੀਆਂ ਲਈ ਦਹੇਜ ਦਾ ਪ੍ਰਬੰਧ ਸ਼ੁਰੂ ਤੋਂ ਹੀ ਕਰਦੇ ਸੀ।ਕੁੜੀਆਂ ਆਪਣੇ ਦਹੇਜ ਦਾ ਸਮਾਨ ਜਿਵੇਂ ਦਰੀਆੱ,ਚਾਦਰਾਂ,ਪੱਖੀਆਂ ਤੇ ਇਵੇਂ ਦਾ ਸਮਾਨ ਘਰ ਹੀ ਬਣਾ ਲੈਂਦੀਆਂ ਸੀ।ਹੁਣ ਕੁੜੀਆਂ ਪੜ੍ਹਨ ਲੱਗ ਗਈਆਂ ਤੇ ਜੋ ਵੀ ਮਾਪਿਆਂ ਨੇ ਧੀ ਨੂੰ ਦੇਣਾ ਹੁੰਦਾ ਹੈ ਖਰੀਦ ਕੇ ਦਿੰਦੇ ਹਨ।ਪਰ ਹੈਰਾਨੀ ਹੁੰਦੀ ਹੈ ਧੀਆਂ ਨੂੰ ਦਿੱਤੀ ਹਰ ਚੀਜ਼ ਤੇ ਹਾਲ ਦੁਹਾਈ ਪੈ ਜਾਂਦੀ ਹੈ।ਕੁਝ ਸਵਾਲ ਮੇਰੇ ਜ਼ਿਹਨ ਵਿੱਚ ਆਉਂਦੇ ਹਨ ਜਿਵੇਂ ਪੁੱਤ ਨੂੰ ਬਰਤਨ,ਬੈਡ,ਮੋਟਰਸਾਈਕਲ, ਸਕੂਟਰ ਮਿਲ ਜਾਂਦਾ ਹੈ ਫੇਰ ਧੀ ਨੂੰ ਕਿਉਂ ਨਹੀਂ?ਕੀ ਉਹ ਤੁਹਾਡਾ ਬੱਚਾ ਨਹੀਂ ਹੈ?ਪੁੱਤ ਵਾਸਤੇ ਜ਼ਮੀਨ ਜਾਇਦਾਦ ਬਣਾਉਣ ਲੱਗਿਆ ਤੇ ਦੇਣ ਲੱਗਿਆਂ ਤਕਲੀਫ਼ ਨਹੀਂ ਹੁੰਦੀ ,ਧੀ ਨੂੰ ਦੇਣ ਲੱਗਿਆਂ ਕਿਉਂ ਹੁੰਦੀ ਹੈ?ਪੁੱਤ ਲੜਦੇ ਨੇ ਤਾਂ ਦੁੱਖ ਧੀ ਨੂੰ ਸੁਣਾਏ ਜਾਂਦੇ ਨੇ ਪਰ ਜਾਇਦਾਦ ਦਾ ਹੱਕਦਾਰ ਸਿਰਫ ਪੁੱਤ ਕਿਉਂ?ਕਾਨੂੰਨੀ ਤੌਰ ਤੇ ਧੀ ਮਾਪਿਆਂ ਦੀ ਜਾਇਦਾਦ ਵਿੱਚ ਹੱਕਦਾਰ ਹੈ ਪਰ ਮਾਪੇ ਤੇ ਭਰਾ ਨਹੀਂ ਦਿੰਦੇ ਕਿਉਂ?ਦਹੇਜ ਨੂੰ ਹੂਆ ਬਣਾ ਦਿੱਤਾ ਹੈ ਤੇ ਲੜਕੀ ਦੇ ਮਾਪੇ ਵਿਚਾਰੇ ਬਣਕੇ ਹਮਦਰਦੀ ਦੇ ਪਾਤਰ ਬਣਦੇ ਹਨ।ਕਿਉਂ ਲੜਕੀ ਨੂੰ ਦੇਣ ਵੇਲੇ ਮਾਪੇ ਇਵੇਂ ਦਾ ਰਵਈਆ ਵਰਤਦੇ ਹਨ।ਮਾਪਿਆਂ ਨੂੰ ਪਤਾ ਹੈ ਕਿ ਸਾਡੀ ਕੁੜੀ ਕਿਸੇ ਨਾਲ ਸਕੂਟਰ ਸਾਂਝਾ ਨਹੀਂ ਕਰੇਗੀ, ਕਾਰ ਸਾਂਝੀ ਨਹੀਂ ਕਰੇਗੀ, ਤੁਸੀਂ ਉਸ ਨੂੰ ਪੜ੍ਹਾ ਲਿਖਾਕੇ ਆਜ਼ਾਦ ਤੇ ਕਿਸੇ ਦੇ ਹੇਠਾਂ ਲੱਗਕੇ ਜ਼ਿੰਦਗੀ ਨਾ ਜਿਉਣ ਦੀ ਸਿਖਿਆ ਦਿੱਤੀ ਹੈ।ਸੁਹਰੇ ਪਰਿਵਾਰ ਦਾ ਕੀ ਸਿਸਟਮ ਹੈ?ਉਨ੍ਹਾਂ ਕੋਲ ਵੀ ਵੱਖਰੀ ਕਾਰ ਸਕੂਟਰ ਦਾ ਪੈਸਾ ਨਹੀਂ ਹੋ ਸਕਦਾ।ਪਰ ਇਸ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ।ਪਹਿਲਾਂ ਕਮਰੇ ਦੇ ਅੰਦਰ ਤੇ ਫੇਰ ਘਰ ਵਿੱਚ ਤੇ ਉਸ ਤੋਂ ਬਾਦ ਦੋਨਾਂ ਪਰਿਵਾਰਾਂ ਵਿੱਚ।ਏਸ ਨੂੰ ਸੁਹਰਾ ਪਰਿਵਾਰ ਦਹੇਜ ਲਈ ਤੰਗ ਕਰਨਾ ਕਹਿੰਦੇ ਨੇ ਤੇ ਜਾਂ ਮੰਗ ਦਾ ਨਾਮ ਦਿੰਦੇ ਹਨ।ਜਦੋਂ ਪੁੱਤ ਕਾਰ ਦਾ,ਸਕੂਟਰ ਦਾ ਤੇ ਮੋਟਰਸਾਈਕਲ ਦਾ ਹੱਕਦਾਰ ਹੈ ਤਾਂ ਧੀ ਕਿਉਂ ਨਹੀਂ?ਜਦੋਂ ਤੁਹਾਡਾ ਆਪਣੀ ਧੀ ਨੂੰ ਦੇਣ ਦਾ ਜਿਗਰਾ ਨਹੀਂ ਤਾਂ ਸੁਹਰਾ ਪਰਿਵਾਰ ਕਿਉਂ ਦੇਵੇ, ਮਾਪੇ ਆਪਣੀ ਧੀ ਨਾਲ ਹੀ ਇਨਸਾਫ਼ ਨਹੀਂ ਕਰਦੇ।ਜਦੋਂ ਬਰਾਬਰ ਦੀ ਦੋਹਾਈ ਪਾਉਂਦੇ ਹੋ ਤਾਂ ਹਰ ਧੀ ਨੂੰ ਬਰਾਬਰ,ਹਕੀਕਤ ਵਿੱਚ ਰੱਖੋ।ਦਾਤੀ ਦੇ ਇੱਕ ਬੰਨੇ ਦੰਦੇ ਹੁੰਦੇ ਹਨ ਤੇ ਦੁਨੀਆ ਦੇ ਦੋਨੋਂ ਬੰਨੇ।ਏਹ ਆਪਣੀ ਸੁਵਿਧਾ ਵੇਖਦੀ ਹੈ,ਫਾਇਦਾ ਵੇਖਦੀ ਹੈ ਤੇ ਹਵਾ ਵੇਖਦੀ ਉਸ ਪਾਸੇ ਤੁਰਦੀ ਹੈ।ਦੁਹਾਈ ਪਾਉਂਦੇ ਨੇ ਦਹੇਜ ਲੈਣ ਵਾਲਾ ਲਾਲਚੀ ਤੇ ਭੁੱਖਾ, ਇਥੇ ਹੀ ਬਸ ਨਹੀਂ ਬਹੁਤ ਕੁਝ ਬੋਲਦੇ ਨੇ ਪਰ ਤੁਸੀਂ ਆਪਣੀ ਧੀ ਨਾਲ ਕੀ ਕਰ ਰਹੇ ਹੋ?ਸਿਰਫ਼ ਇਮਾਨਦਾਰੀ ਤੇ ਜ਼ਮੀਰ ਨੂੰ ਜਗ੍ਹਾ ਕੇ ਪੁੱਛਣਾ, ਤੁਹਾਨੂੰ ਜਵਾਬ ਮਿਲੇਗਾ, ਸਵਾਲ ਏਹ ਹੈ ਕਿ ਤੁਸੀਂ ਉਸ ਜਵਾਬ ਤੇ ਵੀ ਕਿੰਤੂ ਪਰੰਤੂ ਕਰਦੇ ਹੋ ਜਾਂ ਜੋ ਆਪਣੀ ਧੀ ਨਾਲ ਬੇਇਨਸਾਫ਼ੀ ਕਰ ਰਹੇ ਹੋ ਉਸ ਨੂੰ ਮੰਨਦੇ ਹੋ।ਤੁਸੀਂ ਤਾਂ ਸੁਹਰੇ ਪਰਿਵਾਰ ਤੋਂ ਵੀ ਵੱਡੇ ਲਾਲਚੀ ਹੋ ਆਪਣੀ ਹੀ ਧੀ ਨੂੰ ਕੁਝ ਵੀ ਨਾ ਦੇਕੇ ਖੁਸ਼ ਹੋ ਰਹੇ ਹੋ।ਸਮਾਜ ਦੀ ਸੋਚ ਸਿਰਫ ਆਪਣੇ ਫਾਇਦੇ ਲਈ ਬਦਲਦੀ ਹੈ ਇਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ।ਹਰ ਲੜਕੀ ਆਪਣੇ ਮਾਪਿਆਂ ਵੱਲੋਂ ਜੋ ਉਸਦੇ ਕਾਨੂੰਨੀ ਹੱਕ ਨੇ ਗੱਲ ਨਹੀਂ ਕਰਦੀ, ਮਾਪੇ ਵੀ ਉਸ ਪਾਸੇ ਨਹੀਂ ਆਉਂਦੇ, ਭਰਾ ਵੀ ਘੱਗਰੀ ਪਾਕੇ ਟੱਪਦੇ ਨੇ ਜੇ ਭੈਣ ਆਪਣੇ ਕਾਨੂੰਨੀ ਹੱਕ ਦੀ ਗੱਲ ਕਰਦੀ ਹੈ।ਦਹੇਜ ਤੇ ਮਾਪਿਆਂ ਦੀ ਜਾਇਦਾਦ ਧੀ ਦਾ ਹੱਕ ਹੈ।ਅੱਜ ਦਹੇਜ ਦੇ ਮਾਮਲਿਆਂ ਵਿੱਚ 498ਏ ਤੇ ਹੋਰ ਧਾਰਾਵਾਂ ਹੇਠ ਮੁੰਡੇ ਦੇ ਮਾਪਿਆਂ ਵਿਰੁੱਧ ਕੇਸ ਦਰਜ ਹੋ ਰਹੇ ਨੇ,ਬਹੁਤ ਸਾਰੇ ਕੇਸ ਗਲਤ ਵੀ ਪਾਏ ਗਏ ਹਨ।ਉਸ ਵਕਤ ਹੀ ਲੜਕੀ ਦੇ ਮਾਪਿਆਂ ਤੇ ਭਰਾਵਾਂ ਵੱਲੋਂ ਉਸਦਾ ਜਾਇਦਾਦ ਵਿੱਚਲਾ ਹਿੱਸਾ ਦੇਣ ਦੀ ਗੱਲ ਮੁਕਾ ਦਿੱਤੀ ਜਾਵੇ।ਹਰ ਲੜਕੀ ਧਿਆਨ ਮਾਪਿਆਂ ਦਾ ਰੱਖੇਗੀ,ਫਿਕਰ ਪੇਕਿਆਂ ਦਾ ਹੋਏਗਾ ਤੇ ਜਾਇਦਾਦ ਤੇ ਬਾਕੀ ਸੱਭ ਦੇ ਫ਼ਰਜ਼ ਸੁਹਰੇ ਪਰਿਵਾਰ ਦੇ ਪੱਲੇ ਪਾ ਦੇਂਦੀ ਹੈ।ਇਸ ਦਾ ਸਬੂਤ ਏਹ ਹੈ ਕਿ ਮੁੰਡੇ ਦੇ ਮਾਪੇ ਬ੍ਰਿਧ ਆਸ਼ਰਮਾਂ ਵਿੱਚ ਜਾ ਰਹੇ ਨੇ।ਕੋਈ ਵਕਤ ਸੀ ਜਦੋਂ ਮਾਪੇ ਧੀਆਂ ਦੇ ਘਰਾਂ ਵਿੱਚ ਦਖਲ ਨਹੀਂ ਦਿੰਦੇ ਸੀ ਪਰ ਹੁਣ ਕੁੜੀ ਦੇ ਮਾਪਿਆਂ ਦਾ ਦਖਲ ਵੱਧ ਹੈ ਤੇ ਜਿੰਨਾ ਦਾ ਘਰ ਹੈ,ਜਿੰਨਾ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲਗਾਈ ਹੁੰਦੀ ਹੈ ਉਹ ਵਿਚਾਰੇ ਬਣਕੇ ਬੈਠੇ ਹੁੰਦੇ ਨੇ,ਬੇਅਕਲ ਦੱਸੇ ਜਾਂਦੇ ਨੇ।ਅਗਰ ਕੁਝ ਬੋਲਦੇ ਹਨ ਤਾਂ ਦਹੇਜ ਦੇ ਕੇਸ ਵਿੱਚ ਫਸਾ ਦੇਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।ਏਹ ਹੈ ਸਮਾਜ ਤੇ ਦਹੇਜ ਦਾ ਰਿਸ਼ਤਾ।ਵਕਤ ਤੇ ਵਧ ਰਹੀ ਦਹੇਜ ਦੀ ਦੁਹਾਈ, ਕੁੜੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਮੁੰਡੇ ਤੇ ਉਸਦੇ ਮਾਪਿਆਂ ਉਪਰ ਵੱਧ ਰਹੇ ਦਬਾਅ ਨੂੰ ਵੇਖਦੇ ਹੋਏ ਵਕਤ ਦੇ ਨਾਲ ਬਦਲਾ ਜ਼ਰੂਰੀ ਹੈ।ਜਦੋਂ ਕੁੜੀ ਵਾਲੇ ਜ਼ਮੀਨ ਜਾਇਦਾਦ ਸੱਭ ਪੁੱਛਦੇ ਹਨ ਤਾਂ ਮੁੰਡੇ ਵਾਲਿਆਂ ਦਾ ਪੁੱਛਣਾ ਬੁਰਾ ਕਿਉਂ ਲੱਗਦਾ ਹੈ,ਕੁੜੀ ਮੁੰਡਾ ਬਰਾਬਰ ਹਨ।ਇੱਕ ਗੱਲ ਯਾਦ ਆਈ,ਕੋਈ ਰਿਸ਼ਤਾ ਹੋ ਰਿਹਾ ਸੀ ਕੁੜੀ ਦੇ ਬਾਪ ਨੇ ਮੁੰਡੇ ਦੇ ਬਿਜ਼ਨਸ ਦੇ ਇਨਕਮ ਟੈਕਸ ਤੇ ਬੈਲੇਂਸ ਸ਼ੀਟਾਂ,ਤੇ ਬਾਕੀ ਇੱਕ ਇੱਕ ਚੀਜ਼ ਪੁੱਛੀ ਪਰ ਜਦੋਂ ਲੜਕੇ ਵਾਲਿਆਂ ਲੜਕੀ ਦੀ ਤਨਖਾਹ ਪੁੱਛੀ ਤਾਂ ਬੁਰਾ ਲੱਗਾ ਕਿ ਸਾਨੂੰ ਏਹ ਗੱਲ ਚੰਗੀ ਨਹੀਂ ਲੱਗੀ।ਏਹ ਤਾਂ ਇਵੇਂ ਦੀਆਂ ਗੱਲਾਂ ਹਨ ਜਿਵੇਂ ਤੁਹਾਡਾ ਕੁੱਤਾ- ਕੁੱਤਾ,ਸਾਡਾ ਕੁੱਤਾ ਟੋਮੀ।ਦਹੇਜ ਤੇ ਵਿਆਹ ਦੇ ਖਰਚੇ ਜਿੰਨਾ ਖਰਚਾ ਮੁੰਡੇ ਵਾਲਿਆਂ ਦਾ ਵੀ ਹੋ ਜਾਂਦਾ ਹੈ।ਵਿਆਹ ਤੋਂ ਬਾਦ ਰਿਸੈਪਸ਼ਨ ਪਾਰਟੀ ਤੇ ਵਿਆਹ ਤੋਂ ਬਾਦ ਘੁੰਮਣ ਦਾ ਖਰਚਾ ਤਾਂ ਮੁੰਡੇ ਵਾਲੇ ਵੀ ਕਰਦੇ ਨੇ।ਦਹੇਜ ਨੂੰ ਹਊਆ ਬਣਾ ਲਿਆ ਗਿਆ ਹੈ।ਧੀ ਨੂੰ ਆਪਣੇ ਪੁੱਤ ਦੇ ਬਰਾਬਰ ਰੱਖੋ,ਉਸਨੂੰ ਹਰ ਚੀਜ਼ ਵਿੱਚ ਬਰਾਬਰ ਦਾ ਹਿੱਸਾ ਦਿਉ।ਦਹੇਜ ਕੋਈ ਸਮਸਿਆ ਨਹੀਂ ਮਾਪੇ ਤੇ ਭਰਾ ਧੀਆਂ ਨੂੰ ਦੇਣ ਲੱਗਿਆ ਰੋਂਦੇ ਨੇ,ਧੀ ਭੈਣ ਨਾਲ ਬੇਇਨਸਾਫ਼ੀ ਕਰਦੇ ਨੇ ਤੇ।ਲੜਕੀ ਭਾਵਨਾਵਾਂ ਵਿੱਚ ਇਸ ਸੱਭ ਨੂੰ ਸਮਝ ਨਹੀਂ ਪਾਉਂਦੀ।ਪਿਉ ਦੀ ਜਾਇਦਾਦ ਵਿੱਚ ਧੀ ਦਾ ਹਿੱਸਾ ਹੋਵੇ ਤੇ ਭਰਾ ਏਹ ਕਹੇ ਕਿ ਜੇ ਇਸਨੇ ਹਿੱਸਾ ਲਿਆ ਤਾਂ ਮੈਂ ਭੈਣ ਦੀਆਂ ਲਕੀਰਾਂ ਕਢਾ ਦੇਵਾਂਗਾ।ਏਹ ਪੇਕਿਆਂ ਦੇ ਘਰ ਨਾ ਵੜੇ।ਕਿਉਂ ਸਮਾਜ ਇਸ ਦੀ ਹਮਾਇਤ ਕਰਦਾ ਹੈ।ਦਹੇਜ ਦੇ ਨਾਮ ਤੇ ਸਮਾਜ ਤੇ ਲੜਕੀਆਂ ਨੂੰ ਗੁਮਰਾਹ ਕੀਤਾ ਜਾਂਦਾ ਹੈ।ਦਹੇਜ ਨੂੰ ਢਾਲ ਬਣਾ ਕੇ ਵਰਤਿਆ ਜਾ ਰਿਹਾ ਹੈ।ਜਿਸ ਦਿਨ ਏਹ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਆਪਣੇ ਪੁੱਤ ਨੂੰ ਕਾਰ ਲੈਕੇ ਦਿੱਤੀ ਹੈ ਧੀ ਨੂੰ ਕਿਉਂ ਨਹੀਂ?ਤੁਹਾਡੇ ਕੋਲ ਜਾਇਦਾਦ ਹੈ ਏਹ ਕਾਨੂੰਨੀ ਤੌਰ ਤੇ ਉਸਦੇ ਹਿੱਸੇ ਦੀ ਹੱਕਦਾਰ ਹੈ ਉਹ ਪਹਿਲਾਂ ਦਿਉ।ਦਹੇਜ ਦਾ ਰੌਲਾ ਤੇ ਝੂਠੇ ਦਰਜ ਹੋ ਰਹੇ ਕੇਸਾਂ ਵਿੱਚ ਠੱਲ ਪਵੇਗੀ।ਧੀਆਂ ਨੂੰ ਧੀਆਂ ਨਹੀਂ ਆਪਣਾ ਬੱਚਾ ਸਮਝੋ।ਸਮਾਜ ਵਿੱਚ ਦਹੇਜ ਪ੍ਰਥਾ ਆਪਣੀ ਧੀ ਨੂੰ ਦੇਣ ਵਾਲਾ ਸਮਾਨ ਹੈ ਵਕਤ ਨਾਲ ਬਹੁਤ ਕੁੱਝ ਬਦਲਿਆ ਤੇ ਕਾਨੂੰਨ ਬਣੇ,ਸਮਾਜ ਨੂੰ ਵੀ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ।
—————-00000——————

LEAVE A REPLY

Please enter your comment!
Please enter your name here