ਸਰਬਤ੍ਰ ਸੰਸਕ੍ਰਿਤ, ਸਭ ਅਤੇ ਸਰਬਤ ਪੰਜਾਬੀ ਦੇ ਸ਼ਬਦ ਹਨ। ਇਨ੍ਹਾਂ ਦੇ ਅਰਥ ਹਨ-ਸਭ ਥਾਂ, ਸਭ ਜਗ੍ਹਾ, ਸਾਰੇ ਅਤੇ ਤਮਾਮ।(ਮਹਾਨਕੋਸ਼) ਇਹ ਸਰਬੱਤ ਦਾ ਭਲਾ ਸ਼ਬਦ ਅਰਦਾਸ ਦੇ ਅਖੀਰ ਤੇ ਵੀ ਆਉਂਦਾ ਹੈ-ਨਾਨਕ, ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ (ਅਰਦਾਸ) ਪਰ ਇਹ ਗੁਰਬਾਣੀ ਦੀ ਪੰਕਤੀ ਨਹੀਂ ਸਗੋਂ ਸਿਧਾਂਤਕ ਕਾਵਿ ਹੈ। ਨੋਟ-ਨਾਨਕ ਸ਼ਬਦ ਵਰਤਣ ਦਾ ਸਿੱਖ ਗੁਰੂਆਂ ਨੂੰ ਹੀ ਅਧਿਕਾਰ ਸੀ ਨਾਂ ਕਿ ਕਿਸੇ ਹੋਰ ਨੂੰ, ਅਰਦਾਸ ਵਿੱਚ ਹੋਰ ਵੀ ਲੋੜੀਦੀਆਂ ਸੋਧਾਂ ਹੋਣ ਵਾਲੀਆਂ ਹਨ ਜਿਵੇਂ “ਪ੍ਰਿਥਮ ਭਗੌਤੀ ਸਿਮਰ ਕੈ” (ਸਿੱਖ ਪ੍ਰਿਥਮ ਅਕਾਲ ਪੁਰਖ ਨੂੰ ਸਿਮਰਦਾ ਹੈ ਨਾਂ ਕਿ ਭਗੌਤੀ (ਦੁਰਗਾ) ਨੂੰ) ਦਸਾਂ ਪਾਤਸ਼ਹੀਆਂ ਦੀ ਜੋਤਿ (ਗੁਰੂ ਗ੍ਰੰਥ ਸਾਹਿਬ ਵਿਖੇ 35 ਮਹਾਂਪੁਰਖਾਂ ਦੀ ਬਾਣੀ ਨਾਂ ਕਿ ਕੇਵਲ ਦਸਾਂ ਦੀ ਇਸ ਲਈ ਇੱਥੇ ਗੁਰਆਂ-ਭਗਤਾਂ ਦੀ ਜੋਤਿ ਕਹਿਣਾ ਚਾਹੀਦਾ ਹੈ) ਹਠੀਆਂ, ਜਪੀਆਂ, ਤਪੀਆਂ (ਹੱਠ ਕਰਨਾ, ਜਲਧਾਰੇ ਕਰਦੇ ਤੋਤਾ ਰਟਨੀ ਜਪ ਕਰਨੇ ਅਤੇ ਗੈਰ-ਕੁਦਰਤੀ ਤਰੀਕਿਆਂ ਨਾਲ ਸਰੀਰ ਨੂੰ ਕਸ਼ਟ ਦੇਣੇ) ਆਦਿਕ।

ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਸਰਬੱਤ ਦਾ ਭਲਾ-ਸਿੱਖ ਸਿਧਾਂਤ ਸਭ ਦਾ ਭਲਾ ਮੰਗਦਾ ਹੈ-ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉਂ ਹੋਇ॥ (੩੦੨) ਜਦ ਸਾਰੇ ਜੀਵ ਤੇਰੇ ਹਨ ਫਿਰ ਬੁਰਾ-ਭਲਾ ਕਿਸ ਨੂੰ ਆਖੀਏ-ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹਾਰੇ॥੧॥ (੩੮੩) ਪਰਾਏ ਦਾ ਬੁਰਾ ਚਿੱਤ ਵਿੱਚ ਨ ਰੱਖੋ-ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥੩॥ (੩੮੬) ਜਿੱਥੇ ਵੀ ਜਾਈਏ ਭਲਾ ਹੀ ਕਹੀਏ-ਜਿਥੈ ਜਾਇ ਬਹੀਐ ਭਲਾ ਕਹੀਐ॥(੫੬੬) ਗੁਰਮੁਖ ਆਪਣੇ ਆਪ ਨੂੰ ਮੰਦਾ ਤੇ ਸੰਸਾਰ ਨੂੰ ਭਲਾ ਜਾਣਦਾ ਹੈ-ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ॥੪॥੭॥(੯੯੧) ਤੂੰ ਇੱਕ ਹੀ ਮੂਰਖ ਹੈਂ ਬਾਕੀ ਸੰਸਾਰ ਭਲਾ ਹੈ-ਨਾਨਕ ਮੂਰਖ ਏਕ ਤੂ ਅਵਰੁ ਭਲਾ ਸੰਸਾਰੁ॥(੧੩੨੮) ਵਾਰ ਅਠਵੀਂ ਪੌੜੀ ੨੪ ਵਿੱਚ ਭਾਈ ਗੁਰਦਾਸ ਜੀ ਫੁਰਮਾਂਦੇ ਨੇ ਗੁਰਮੁਖ ਮਿੱਠਾ ਬੋਲਦਾ, ਨਿਮਰਤਾ ਚ ਰਹਿੰਦਾ ਤੇ ਹੱਥੀਂ ਵੰਡ, ਭਲਾ ਮਨਾਉਂਦਾ ਹੈ-ਮਿਠਾ ਬੋਲਣ ਨਿਵ ਚਲਣੁ ਹਥਹੁ ਦੇ ਕੇ ਭਲਾ ਮਨਾਏ॥ (ਵਾਰ-੮/ਪਾਉੜੀ-੨੪) ਆਪ ਭਲਾ ਸਾਰੇ ਜੱਗ ਨੂੰ ਭਲਾ ਹੀ ਦੇਖਦਾ ਹੈ-ਆਪਿ ਭਲਾ ਸਭੁ ਜਗੁ ਭਲਾ ਭਲਾ ਭਲਾ ਸਭਨਾ ਕਰਿ ਦੇਖੈ। (ਵਾਰ ੩੧ ਪਾੳੜੀ-੪)

ਸਰਬੱਤ ਦੇ ਭਲੇ ਦੇ ਸਿਧਾਂਤ ਬਾਰੇ ਸੁਚੇਚਤਾ ਦੀ ਲੋੜ-ਕੁਕਰਮੀਆਂ ਨੂੰ ਸੁਧਾਰਨਾ, ਧੀਆਂ ਭੈਣਾਂ ਨੂੰ ਛੇੜਨ ਵਾਲੇ, ਬਲਾਤਕਾਰੀਆਂ ਤੇ ਕਾਤਲਾਂ ਨੂੰ ਸਖਤ ਸਜਾਵਾਂ ਦੇਣੀਆਂ, ਵਿਹਲੜ ਮੰਗਤਿਆਂ ਨੂੰ ਦਾਨ ਨਾਂ ਦੇਣਾਂ ਸਗੋਂ ਕੰਮੇ ਲਾਉਣਾ ਤੇ ਲੋੜਵੰਦਾਂ ਦੀ ਮਦਦ ਕਰਨਾ, ਸਾਰੀ ਮਨੁੱਖਤਾ ਨੂੰ ਸਰਬਸਾਂਝਾ ਰੱਬੀ ਉਪਦੇਸ਼ ਦੇਣਾ, ਛੂਆ-ਛਾਤ, ਜਾਤ-ਪਾਤ ਤੇ ਊਚ-ਨੀਚ ਛੱਡ ਕੇ, ਮਨੁੱਖਤਾ ਦੀ ਸੇਵਾ ਕਰਨਾ, ਆਪਣੇ ਘਰ ਪ੍ਰਵਾਰ ਦੀ ਸੰਭਾਲ ਕਰਦੇ, ਵਿਤ ਮੁਤਾਬਿਕ ਲੋੜਵੰਦਾਂ ਦੀ ਸੰਭਾਲ ਕਰਨੀ, ਵੱਡੇ ਵੱਡੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਅਦਾਰਿਆਂ ਵੱਲੋਂ ਲੋੜਵੰਦਾਂ ਨੂੰ ਕੰਮ ਦੇ ਕੇ ਜਾਂ ਕੰਮ ‘ਤੇ ਲਵਾ ਕੇ ਮਦਦ ਕਰਨੀ ਅਤੇ ਸਭ ਤੋਂ ਵੱਡਾ ਸਰਬੱਤ ਦਾ ਭਲਾ ਸਮੁੱਚੀ ਲੋਕਾਈ ਨੂੰ “ਏਕ ਪਿਤਾ ਏਕਸ ਕੇ ਹਮ ਬਾਰਿਕ” ਦਾ ਸਿਧਾਂਤ ਦ੍ਰਿੜਾਂਦੇ ਆਪਸੀ ਮੇਲ-ਜੋਲ ਰੱਖਣ, ਬੁਹੱਬਤ-ਪਿਆਰ ਅਤੇ ਏਕਤਾ ਪੈਦਾ ਕਰਕੇ, ਨਫਰਤੀ ਜੰਗਾਂ ਨਾਂ ਕਰਨੀਆਂ ਜਾਂ ਰੋਕਣੀਆਂ ਹੀ ਅਸਲ ਸਰਬੱਤ ਦਾ ਭਲਾ ਕਰਨਾ ਹੈ ਨਾਂ ਕਿ ਬੇਗਿਆਨੇ, ਬੇਧਿਆਨੇ ਹੋ ਕੀੜਿਆਂ ਦੇ ਭੌਣ ਤੇ ਮਣਾ ਮੂੰਹੀ ਅਨਾਜ ਸੁੱਟਣਾਂ, ਪੱਥਰ ਦੀਆਂ ਮੂਰਤੀਆਂ ਤੇ ਕੁਵਾਂਟਲ ਕੁਵਾਂਟਲ ਦੁੱਧ ਰੋੜਣਾ, ਹੱਟੇ ਕੱਟੇ ਮੰਗਤਿਆਂ ਨੂੰ ਦਾਨ ਦੇਣਾ, ਪਾਰਟੀ ਜਾਂ ਪ੍ਰਵਾਰਕ ਤੌਰ ਤੇ ਗਲਤ ਬੰਦਿਆਂ ਤੇ ਕਾਤਲਾਂ ਦਾ ਪੱਖ ਪੂਰਨਾ, ਵੱਡੇ ਵੱਡੇ ਡਾਕੇ ਮਾਰ, ਚੋਰੀ ਕਰ, ਦੂਜਿਆਂ ਦਾ ਹੱਕ ਮਾਰ, ਹੇਰਾ ਫੇਰੀ ਨਾਲ ਕਮਾਏ ਧੰਨ ਨਾਲ ਭੰਡਾਰੇ ਕਰਨੇ, ਲੰਗਰ ਤੇ ਛਬੀਲਾਂ ਲਾ ਆਪਣੇ ਆਪ ਨੂੰ ਦਾਨੀ ਤੇ ਧਰਮੀ ਸਮਝਣਾ ਸਰਬੱਤ ਦਾ ਭਲਾ ਨਹੀਂ ਸਗੋਂ ਮਨੁੱਖਤਾ ਦਾ ਆਪਣਾ, ਮਨੁੱਖਤਾ ਦਾ ਘਾਣ ਤੇ ਨੁਕਸਾਨ ਹੈ।

LEAVE A REPLY

Please enter your comment!
Please enter your name here