ਪਿਛਲੇ ਦਿਨਾਂ ਚ’ ਘਟਨਾਵਾਂ ਬਹੁਤ ਤੇਜੀ ਨਾਲ ਵਾਪਰਦੀਆਂ ਨਜਰ ਆਈਆਂ । ਜਿਸ ਤਰਾਂ ਗੁਰਮੀਤ ਰਾਮ ਰਹੀਮ ਨੂੰ ਸਜਾ ਸੁਣਾਈ ਗਈ,ਉਪਰੰਤ ਉਸ ਦੇ ਪੈਰੋਕਾਰਾਂ ਵਲੋਂ ਸਾੜ ਫੂਕ ਕੀਤੀ ਗਈ ਅਤੇ ਸੁਰੱਖਿਆ ਬਲਾਂ ਦੀਆਂ ਗੋਲੀਆਂ ਨਾਲ ੩੮ ਪ੍ਰੇਮੀ ਮਾਰੇ ਗਏ, ਇਹ ਸਭ ਕੁਝ ਹੈਰਾਨ ਕਰਨ ਵਾਲਾ ਤਾਂ ਸੀ ਹੀ , ਡੂੰਘਾ ਚਿੰਤਨ ਕਰਨ ਲਈ ਦਿੱਤੇ ਬਹੁਤ ਸਾਰੇ ਸਵਾਲਾਂ ਦੇ ਨਾਲ ਨਾਲ ਖੁਸ਼ੀ,ਗਮੀ,ਗੁੱਸਾ,ਅਤੇ ਹਮਦਰਦੀ ਦੀਆਂ ਮਿਲੀਆਂ ਜੁਲੀਆਂ ਭਾਵਨਾਵਾਂ ਵੀ ਜਗਾ ਗਿਆ ਹੈ । ਸਰਸੇ ਸਾਧ ਦੇ ਕਾਰਨਾਮੇ ਬਿਲਕੁਲ ਸਜਾ ਦਿਵਾਉਣ ਵਾਲੇ ਸਨ ਅਤੇ ਮਿਲੀ ਹੋਈ ਸਜਾ ਤੋਂ ਹਰ ਇਨਸਾਫ-ਪਸੰਦ ਵਿਅਕਤੀ ਨੂੰ ਖੁਸ਼ੀ ਹੋਈ ਹੈ, ਭਾਵੇਂ ਇਸ ਇਨਸਾਫ ਦੀ ਲੰਮੀ ਉਡੀਕ ਕਰਨੀ ਪਈ ਅਤੇ ਸੰਬੰਧਿਤ ਧਿਰਾਂ ਨੂੰ ਬਹੁਤ ਮੁਸ਼ਕਿਲਾਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ ।ਇਸ ਨਾਲ ਇੱਕ ਵਾਰ ਤਾਂ ਨਿਆਂ ਪ੍ਰਣਾਲੀ ਤੇ ਕੁਝ ਵਿਸ਼ਵਾਸ਼ ਬਣਿਆ ਹੈ ਜਿਹੜਾ ਅਦਾਲਤਾਂ ਦੇ ਲੰਮੇ ਅਤੇ ਕਿਤੇ ਅਪਰਾਧੀਆਂ ਨੂੰ ਫੜ ਨਾ ਸਕਣ ਕਾਰਨ ਖੁੱਸ ਗਿਆ ਸੀ ।ਉਨਾਂ ਪ੍ਰੇਮੀਆਂ ਲਈ ਬੇਹੱਦ ਦੁੱਖ ਲੱਗਿਆ ਹੈ,ਜਿਨਾਂ ਨੇ ਇਨਾਂ ਹਾਲਤਾਂ ਵਿੱਚ ਆਪਣੀਆਂ ਜਿੰਦਗੀਆਂ ਗੁਆ ਦਿੱਤੀਆਂ ਹਨ । ਸਾਡੀ ਜਾਚੇ ਸਭ ਮਰਨ ਵਾਲੇ ਅਗਿਆਨੀ ਹੋ ਸਕਦੇ ਹਨ,ਅੰਨੀ ਸ਼ਰਧਾ ਵਿੱਚ ਗ੍ਰਸੇ ਹੋਏ ਹੋ ਸਕਦੇ ਹਨ,ਆਪਣੀ ਗਰੀਬੀ ਜਾਂ ਮਜਬੂਰੀ ਦੇ ਸਤਾਏ ਹੋ ਸਕਦੇ ਹਨ ,ਪਰ ਘੱਟੋ ਘੱਟ ਉਹ “ਮੌਤ ਦੇ ਘਾਟ ਉਤਾਰੇ ਜਾਣ ਵਾਲੇ ਅਪਰਾਧੀ” ਨਹੀਂ ਸਨ ।ਸੁਰੱਖਿਆ ਬਲ ਜਰਾ ਕੁ ਜਾਬਤੇ ਤੋਂ ਕੰਮ ਲੈ ਕੇ ਹੋਰ ਤਰੀਕੇ ਵੀ ਵਰਤ ਸਕਦੇ ਸਨ ।ਰਾਜਨੀਤਿਕ ਅਤੇ ਧਾਰਮਿਕ ਲੁਟੇਰਿਆਂ ਤੇ ਗੁੱਸਾ ਹਰ ਇੱਕ ਨੂੰ ਆਇਆ ਹੈ ਅਤੇ ਜਾਣੇ-ਅਣਜਾਣੇ ਹੋਏ ਲੁੱਟ ਦੇ ਸ਼ਿਕਾਰ ਵਿਅਕਤੀਆਂ ਪ੍ਰਤੀ ਹਮਦਰਦੀ ਅਤੇ ਤਰਸ ਦੀ ਭਾਵਨਾ ਵੀ ਜਾਗਦੀ ਹੈ ।……..
ਗੱਲ ਕਰੀਏ ਗੰਭੀਰ ਸੋਚਣ ਵਾਲੇ ਸਵਾਲਾਂ ਦੀ ।ਇਹ ਸਾਰਾ ਕੁਝ ਕਿਉਂ ਵਾਪਰਿਆ ???? ਕੀ ਟਲ ਨਹੀਂ ਸੀ ਸਕਦਾ ???? ਬਿਲਕੁਲ ਟਲ ਸਕਦਾ ਸੀ ।ਇਕੋ ਇਕ ਵੱਡਾ ਕਾਰਨ ਜੋ ਨਜਰ ਆਉਦਾ ਹੈ, 
ਉਹ ਹੈ ਸਰਕਾਰੀ ਸਰਪਰਸਤੀ । ਜਿੰਨੀ ਦੇਰ ਮੰਤਰੀ ਇਨਾਂ ਡੇਰਿਆਂ ਤੇ ਜਾਂਦੇ ਰਹਿਣਗੇ,ਉਨੀ ਦੇਰ ਅਜਿਹੇ ਸਾਧ (?) ਪਨਪਦੇ ਰਹਿਣਗੇ । ਆਖਰ ਕਦੋਂ ਤੱਕ ਜਨਤਾ ਸਿਰਫ “ਵੋਟ” ਬਣੀ ਰਹੇਗੀ ??? ਕਹਿਣ ਨੂੰ ਸਾਡਾ ਬੜਾ ਵੱਡਾ ਲੋਕਤੰਤਰ ਹੈ ,ਪਰ ਅਸਲ ਵਿੱਚ ਲੋਕਾਂ ਨੂੰ ਆਪਣੇ ਆਪਣੇ ਸਵਾਰਥਾਂ ਲਈ ਵਰਤਿਆ ਜਾ ਰਿਹਾ ਹੈ । ਇਸ ਤਰਾਂ ਦੇ ਸਾਰੇ ਡੇਰੇ ਸਿਰਫ ਅਤੇ ਸਿਰਫ ਸਰਕਾਰੀ ਮੱਦਦ ਨਾਲ ਹੀ ਆਪਣਾ ਖੇਤਰ ਵਧਾ ਸਕਦੇ ਹਨ ।ਸਰਕਾਰ ਅਤੇ ਡੇਰੇਦਾਰ ਖੁਦ ਜੋ ਵੀ ਕਰਦੇ ਹਨ ,ਉਨ੍ਹਾਂ ਦਾ ਕਾਰਨ ਸਪਸ਼ਟ ਹੈ-ਉਹ ਆਪਣੀਆਂ ਸਵਾਰਥੀ ਲੋੜਾਂ ਲਈ ਇੱਕ ਦੂਜੇ ਦੇ ਪੂਰਕ ਬਣਦੇ ਹਨ । ਪਰ ਸੋਚਣ ਵਾਲਾ ਵੱਡਾ ਮਸਲਾ ਤਾਂ ਉਨਾਂ ਲੋਕਾਂ ਬਾਰੇ ਹੈ ਜੋ ਇਨਾਂ ਡੇਰਿਆਂ ਵੱਲ ਖਿਚੇ ਆੁaੋਦੇ ਹਨ । ਚਲੋ ਮੰਨ ਲਿਆ ਕਿ ਇਹ ਡੇਰੇ ਉਨਾਂ ਗਰੀਬ ਲੋਕਾਂ ਦੀਆਂ ਦੁਨਿਆਵੀ ਲੋੜਾਂ ਪੂਰੀਆਂ ਕਰਦੇ ਹਨ, ਪਰ ਕੀ ਮਾਇਆ ਇੰਨੀ ਭਾਰੂ ਹੋ ਜਾਂਦੀ ਹੈ ਕਿ ਲੋਕ ਆਪਣੀਆਂ ਧੀਆਂ ਨੂੰ ਵੀ ਇਨਾਂ ਵਹਿਸ਼ੀਆਂ ਕੋਲ ਛੱਡਣ ਲਈ ਤਿਆਰ ਹੋ ਜਾਂਦੇ ਹਨ । ਰੋਟੀ-ਰੋਜੀ ਦਾ ਮਸਲਾ ਵੱਡਾ ਹੈ –ਕੋਈ ਸ਼ੱਕ ਨਹੀਂ ਪਰ ਸਾਡੇ ਚਿੰਤਕਾਂ,ਬੁਧੀਜੀਵੀਆਂ,ਵਿਦਵਾਨਾਂ,ਸਮਾਜ ਸੁਧਾਰਕਾਂ ਨੂੰ ਪਹਿਲਾਂ ਕਿਉਂ ਨਹੀਂ ਜਾਗ ਆਉਦੀ ???
ਸਾਡੀਆਂ ਕਮੇਟੀਆਂ,ਸਵੈ-ਸੇਵੀ ਸੰਸਥਾਵਾਂ ਕਿਉਂ ਨਹੀਂ ਲੋਕਾਂ ਨੂੰ ਜਾਗਰਿਤ ਕਰਦੀਆਂ ???? ਸਰਕਾਰਾਂ ਨੇ ਤਾਂ ਸਿਰਫ ਓਹੀ ਕੰਮ ਕਰਨੇ ਹਨ ਜਿਹੜੇ ਉਨਾਂ ਦੀ ਕੁਰਸੀ ਨੂੰ ਬਚਾ ਸਕਣ ।ਉਸ ਦੀ ਇਕੋ ਇਕ ਸੋਚ ਕੁਰਸੀ ਹੈ ।ਪਰ ਜੋ ਕਿਰਤੀ ਵਰਗ ਹੈ ਉਹ ਕਿਉਂ ਕਿਰਤ ਤੋਂ ਪਾਸਾ ਵੱਟ ਕੇ ਮੁਫਤ ਦੀਆ ਖਾਣ ਇਨਾਂ ਡੇਰਿਆਂ ਤੇ ਜਾਵੇ ???? ਇੱਕ ਡੇਰੇ ਦੇ ਮੁਖੀ ਨੂੰ  ਫੜ ਲੈਣ  ਨਾਲ ਸਮੱਸਿਆ ਦਾ ਪੂਰਾ ਹੱਲ ਹੋਇਆ ਨਹੀਂ ਕਹਿ ਸਕਦੇ । ਪੰਜਾਬੀ ਚ’ ਆਖਦੇ ਨੇ –ਜੋ ਨਹੀਂ ਦੇਖਿਆ ,ਸੋਈ ਭਲਾ। ਅਸੀਂ ਕਿਸੇ ਤੇ ਇਲਜਾਮ ਨਹੀਂ ਲਗਾਉਂਦੇ ਪਰ ਸ਼ੱਕ ਕਰ ਸਕਦੇ ਹਾਂ ਕਿ ਹੋਰ ਹਜਾਰਾਂ ਹੀ ਡੇਰੇ ਵੀ ਲੁੱਟ ਦੇ ਅੱਡੇ ਜਰੂਰ ਹਨ । ਲੁੱਟ ਦੀ ਕਿਸਮ ਵਿੱਚ ਫਰਕ ਹੋ ਸਕਦਾ ਹੈ,ਲੁੱਟ ਦੀ ਮਾਤਰਾ ਵਿੱਚ ਫਰਕ ਹੋ ਸਕਦਾ ਹੈ ਪਰ ਇਹ ਕਾਫੀ ਭਰੋਸੇ ਨਾਲ ਕਿਹਾ ਜਾ ਸਕਦਾ ਏ ਕਿ ਸਭ ਡੇਰਿਆਂ ਵਿੱਚ ਲੁੱਟ ਜਰੂਰ ਹੁੰਦੀ ਹੈ । ਉਹ ਧਰਮ ਕਾਹਦਾ ਧਰਮ ਹੋਇਆ ਜੋ ਤੁਹਾਨੂੰ ਕਿਰਤ ਤੋਂ ਤੋੜੇ ??? ਸਮਾਜ ਤੋਂ ਅਲੱਗ ਕਰੇ ,ਲੋੜ ਹੈ ਸਾਨੂੰ ਸਾਰਿਆਂ ਨੂੰ ਵਿਵੇਕਸ਼ੀਲ ਬਣਨ ਦੀ । ਸਰਕਾਰਾਂ ਤੋਂ ਬਹੁਤੀ ਉਮੀਦ ਨਹੀਂ ਰੱਖੀ ਜਾ ਸਕਦੀ । ਜੇ ਹਰ ਵਿਅਕਤੀ ਆਪ ਪ੍ਰਣ ਕਰ ਲਵੇ ਕਿ ਉਸ ਕਿਸੇ ਤਰਾਂ ਵੀ ਲੁਟਿਆ ਨਹੀਂ ਜਾਣਾ ਤੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਨੂੰ ਲੁੱਟਿਆ ਨਹੀਂ ਜਾਣ ਦੇਣਾ.ਤਾਂ ਕੁਝ ਆਸ ਰੱਖੀ ਜਾ ਸਕਦੀ ਹੈ ।ਲੋੜ ਧੰਦੇ ਨੂੰ ਧਰਮ ਬਣਾਉਣ ਦੀ ਹੈ,ਨਾ ਕਿ ਧਰਮ ਨੂੰ ਧੰਦਾ ਬਣਾਉਣ ਦੀ ।

LEAVE A REPLY

Please enter your comment!
Please enter your name here