ਨਵੀਂ ਦਿੱਲੀ

ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਸਾਊਦੀ ਅਰਬ ਦੀ ਸਰਕਾਰ ਨੇ ਭਾਰਤ ਦੇ ਹੱਜ ਕੋਟੇ ਵਿਚ 5 ਹਜ਼ਾਰ ਦਾ ਵਾਧਾ ਕੀਤਾ ਹੈ। ਹੁਣ ਰਿਕਾਰਡ 1,75,025 ਭਾਰਤੀ ਹੱਜ ‘ਤੇ ਜਾ ਸਕਣਗੇ। ਇਹ ਭਾਰਤ ਲਈ ਹੁਣ ਤਕ ਦਾ ਸਭ ਤੋਂ ਵਧ ਹੱਜ ਕੋਟਾ ਹੈ।  ਉਨ੍ਹਾਂ ਇਸ ਕੋਟੇ ‘ਚ ਵਾਧੇ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅਰਬ ਦੇਸ਼ਾਂ ਖਾਸ ਕਰਕੇ ਸਾਊਦੀ ਅਰਬ ਨਾਲ ਸਬੰਧਾਂ ‘ਚ ਆਈ ਮਜ਼ਬੂਤੀ ਨੂੰ ਦਿੱਤਾ ਹੈ । ਨਕਵੀ ਨੇ ਅੱਜ ਇਕ ਬਿਆਨ ‘ਚ ਕਿਹਾ,”ਕਾਂਗਰਸ ਸਰਕਾਰ ਵੇਲੇ ਭਾਰਤ ਦਾ ਇਹ ਕੋਟਾ 1 ਲੱਖ 36 ਹਜ਼ਾਰ 20 ਸੀ, ਜੋ ਪਿਛਲੇ 2 ਸਾਲਾਂ ‘ਚ ਰਿਕਾਰਡ ਵਾਧੇ ਦੇ ਨਾਲ 1 ਲੱਖ 75 ਹਜ਼ਾਰ ਹੋ ਗਿਆ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਧਦੀ ਹਰਮਨ ਪਿਆਰਤਾ ਅਤੇ ਉਨ੍ਹਾਂ ਦੀ ਅਗਵਾਈ ਵਿਚ ਸਾਊਦੀ ਅਰਬ ਸਮੇਤ ਹੋਰਨਾਂ ਅਰਬ ਸੂਬਿਆਂ ਨਾਲ ਭਾਰਤ ਦੇ ਵਧੀਆ ਅਤੇ ਮਜ਼ਬੂਤ ਹੁੰਦੇ ਸਬੰਧਾਂ ਦਾ ਨਤੀਜਾ ਹੈ।”  ਨਕਵੀ ਨੇ ਇਸ ਕੋਟੇ ਨੂੰ ਵਧਾਉਣ ‘ਤੇ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁੱਲ ਅਜ਼ੀਜ਼ ਅਤੇ ਸਾਊਦੀ ਅਰਬ ਦੀ ਸਰਕਾਰ ਦਾ ਭਾਰਤ ਦੀ ਸਰਕਾਰ ਅਤੇ ਲੋਕਾਂ ਵਲੋਂ ਧੰਨਵਾਦ ਕੀਤਾ।

NO COMMENTS

LEAVE A REPLY