ਵਾਹ ਵਾਹ ਨੀ ਬਹਾਦੁਰ ਕੁੜੀਏ ‘ਸਿਜਦਾ ਹੈ ਤੇਰੀ ਸੋਚ ਨੂੰ, ਸਲਾਮ ਤੇਰੇ ਬੁਲੰਦ ਹੌਸਲੇ ਨੂੰ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪਹਿਲੀ ਵਾਰ ਮਹਿਲਾ ਪ੍ਰਧਾਨ ਬਣ ਕੇ ਇਕ ਨਵਾਂ ਇਤਿਹਾਸ ਸਿਰਜਣ ਵਾਲੀ ਇਕ ਮਜਬੂਤ ਇਰਾਦੇ ਵਾਲੀ ਬਹਾਦੁਰ ਕੁੜੀ ਕਨੂੰ ਪ੍ਰੀਆ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ। 22 ਵਰਿਆਂ ਦੀ ਉਮਰ ਵਿਚ ਅਗਾਂਹਵਧੂ ਸੋਚ ਦੀ ਸ਼ਕਤੀ ਲੈ ਕੇ ਮਰਦ ਪ੍ਰਧਾਨ ਸਮਾਜ ਵਿਚ ਫੋਕੀ ਜਿਹੀ ਰਾਜਨੀਤੀ ਦੀ ਗਲੀ- ਸੜੀ ਤੇ ਸੌੜੀ ਮਾਨਸਿਕਤਾ ਸੋਚ ਵਾਲੇ ਲੋਕਾਂ ਦੇ ਮੂੰਹ ਤੇ ਕਨੂੰ ਦੀ ਸ਼ਾਨਦਾਰ ਜਿੱਤ ਨੇ ਕਰਾਰੀ ਚਪੇੜ ਮਾਰੀ ਹੈ। ਉਸ ਨੇ ਵਿਖਾ ਦਿੱਤਾ ਹੈ ਕਿ ਨਾਰੀ ਅਬਲਾ ਤੇ ਮਜਬੂਰ ਨਹੀਂ ਹੈ। ਬਲ ਕਿ ਫੌਲਾਦੀ ਹੈ, ਤੁਫਾਨੀ ਹੈ, ਕਮਜੋਰ ਨਹੀਂ ਸ਼ਕਤੀਸ਼ਾਲੀ ਹੈ। ਪੰਜਾਬ ਦੇ ਮਾਝਾ ਖੇਤਰ ਦੇ ਤਰਨਤਾਰਨ ਜਿਲੇ ਦੇ ਪੱਟੀ ਸ਼ਹਿਰ ਵਿੱਚ ਜਨਮੀ ਕਨੂੰ ਪ੍ਰੀਆ ਉਰਫ ‘ਰਾਬੀਆ ‘ਦੇ ਪਿਤਾ ਸ੍ਰੀ ਪਵਨ ਕੁਮਾਰ ਇਕ ਨਿੱਜੀ ਵਪਾਰ ਦਾ ਕਾਰੋਬਾਰ ਕਰਦੇ ਹਨ ਅਤੇ ਮਾਤਾ ਸ੍ਰੀ ਮਤੀ ਚੰਦਰ ਸੁਧਾ ਰਾਣੀ ਏ ਐਨ ਐਮ ( ਨਰਸ) ਹਨ।ਕਨੂੰ ਦੀ ਮੁਢਲੀ ਸਿੱਖਿਆ ਪੱਟੀ ਦੇ ‘ਸੈਕਰਡ ਹਾਰਟ ਕਾਨਵੈਂਟ ‘ਸਕੂਲ ਵਿਚ ਸੰਪੰਨ ਹੋਈ ਅਤੇ ਹੁਣ ਉਹ ‘ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਜੁਆਲੌਜੀ ਵਿਭਾਗ ਵਿੱਚ ਐੱਮ ਐਸ ਸੀ ਦੀ ਦੂਜੇ ਵਰੇ ਦੀ ਵਿਦਿਆਰਥਣ ਹੈ। ਕਨੂੰ ਇਕ ਬਹੁਤ ਵਧੀਆ ਫੋਟੋਗ੍ਰਾਫਰ ਵੀ ਹੈ। ਪੀ ਯੂ ਦੇ ਅਗਾਂਹਵਧੂ ਸੋਚ ਵਾਲੇ ਕੁੱਝ ਵਿਦਿਆਰਥੀਆਂ ਵਲੋਂ ਮਾਰਕਸਵਾਦੀ, ਲੈਨਿਨਵਾਦੀ ਤੇ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਨੂੰ ਲੈਕੇ ਸਤੰਬਰ 2010 ਨੂੰ ਚੰਡੀਗੜ੍ਹ ਵਿਖੇ ਬਣਾਈ ਗਈ ਇਕ ਸੰਘਰਸ਼ਸ਼ੀਲ ਜਥੇਬੰਦੀ ਐਸ ਐਫ ਐਸ ( ਸਟੂਡੈਂਟ ਫਾਰ ਸੁਸਾਇਟੀ) ਦੇ ਮੌਜੂਦਾ ਪ੍ਰਧਾਨ ਸਾਥੀ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਨੂੰ ਪ੍ਰੀਆ ਕੁੱਝ ਸਾਲਾਂ ਤੋਂ ਵਿਦਿਆਰਥੀ ਮਸਲਿਆਂ ਪ੍ਰਤੀ ਕਾਫੀ ਸਰਗਰਮੀ ਨਾਲ ਕੰਮ ਕਰਦੀ ਆ ਰਹੀ ਹੈ। ਉਸ ਵਿੱਚ ਸੰਗਠਨ ਦੇ ਮੋਹਰੀ ਰੋਲ ਅਦਾ ਕਰਨ ਦੀ ਤਾਕਤ ਤੇ ਹਿੰਮਤ ਹੈ। ਉਹ ਹਮੇਸ਼ਾ ਗੰਭੀਰ ਮੁਦਿਆਂ ਤੇ ਆਪਣੀ ਬੇਖੌਫ ਰਾਇ ਰੱਖਦੀ ਹੈ। ਇਸੇ ਕਰਕੇ ਹੀ ਜਥੇਬੰਦੀ ਨੇ ਉਸ ਨੂੰ ਇਸ ਅਹਿਮ ਅਹੁਦੇ ਲਈ ਅੱਗੇ ਕੀਤਾ ਤੇ ਉਸ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਸਾਡੀਆਂ ਉਮੀਦਾਂ ਨੂੰ ਚਾਰ ਚੰਨ ਲਾਏ ਅਤੇ ਪੀ ਯੂ ਵਿੱਚ ਜਥੇਬੰਦੀ ਦੇ ਮਾਣ ਸਨਮਾਨ ਵਿੱਚ ਅਥਾਹ ਵਾਧਾ ਕੀਤਾ ਹੈ। ਯਾਦ ਰਹੇ ਕਿ ਪੀ ਯੂ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਇਸ ਵਾਰ ਖੱਬੇ ਪੱਖੀ ਵਿਚਾਰਧਾਰਾ ਵਾਲੀ ਜਥੇਬੰਦੀ ਐਸ ਐਫ ਐਸ ਵਲੋਂ ਪ੍ਰਧਾਨਗੀ ਪੱਦ ਲਈ ਉਮੀਦਵਾਰ ਕਨੂੰ ਪ੍ਰੀਆ ਨੇ ਸਭ ਤੋਂ ਵੱਧ ਵੋਟਾਂ (2802) ਪ੍ਰਾਪਤ ਕਰਦੇ ਹੋਏ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉਸ ਨੇ ਆਪਣੇ ਮੁੱਖ ਵਿਰੋਧੀ ਏ ਬੀ ਵੀ ਪੀ ( ਭਾਜਪਾ) ਦੇ ਉਮੀਦਵਾਰ ਨੂੰ 719 ਵੋਟਾਂ ਦੇ ਭਾਰੀ ਅੰਤਰ ਨਾਲ ਕਰਾਰੀ ਹਾਰ ਦਿੱਤੀ।ਇਸ ਨਾਲ ਹੀ ਉਸਨੇ ਪਹਿਲੀ ਮਹਿਲਾ ਪ੍ਰਧਾਨ ਬਨਣ ਦਾ ਮਾਣ ਵੀ ਪ੍ਰਾਪਤ ਕੀਤਾ। ਉਨ੍ਹਾਂ ਨਾਲ ਵਾਈਸ ਪ੍ਰਧਾਨ ਦਲੇਰ ਸਿੰਘ ਤਰਨਤਾਰਨ, ਜਨਰਲ ਸਕੱਤਰ ਅਮਰਿੰਦਰ ਸਿੰਘ ਅਤੇ ਜਾਇੰਟ ਸਕੱਤਰ ਵਜੋਂ ਵਿਪੁੱਲ ਅੱਤਰੇ ਚੁਣੇ ਗਏ ਹਨ। ਨਵੀਂ ਚੁਣੀ ਗਈ ਪ੍ਰਧਾਨ ਕਨੂੰ ਪ੍ਰੀਆ ਨੇ ਕਿਹਾ ਕਿ ਉਹ ਜਿੱਥੇ ਕੁੜੀਆਂ ਦੇ ਹੋਸਟਲ ਦੀ ਬੇਹਤਰੀ ਲਈ ਕੰਮ ਕਰੇਗੀ ਉੱਥੇ ਉਹ ਨਿਜੀਕਰਨ ਦਾ ਵੀ ਡਟਵਾਂ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਮੁੱਖਧਾਰਾ ਦੀਆਂ ਰਾਜਸੀ ਧਿਰਾਂ ਵਲੋਂ ਮਨੁੱਖੀ ਤਾਕਤ, ਹਾਕਮਾਂ ਦੀ ਹੈਂਕੜਬਾਜੀ ਤੇ ਧੰਨ ਦੀ ਕੀਤੀ ਜਾਂਦੀ ਦੁਰਵਰਤੋਂ ਨੂੰ ਮੁੱਢੋਂ ਰੱਦ ਕੀਤਾ ਹੈ। ਕਨੂੰ ਨੇ ਐਸ ਐਫ ਐਸ ਵਾਰੇ ਦੱਸਿਆ ਕਿ ਇਸ ਸੰਗਠਨ ਨੇ ਸਦਾ ਹੀ ਭਖਦੇ ਮੁੱਦਿਆਂ ਦੇ ਦਮ ਤੇ ਸਾਦੇ ਚੋਣ ਪ੍ਰਚਾਰ, ਨੁੱਕੜ ਨਾਟਕਾਂ, ਮੀਟਿੰਗਾਂ ਚ ਵਿਚਾਰ- ਵਟਾਂਦਰੇ ਰਾਹੀਂ ਬਹੁਤ ਘੱਟ ਖਰਚੇ ਦੇ ਅਧਾਰ ਤੇ ਚੋਣ ਲੜੀ ਹੈ। ਜਦਕਿ ਦੂਜੀਆਂ ਧਿਰਾਂ ਵੱਲੋਂ ਕਾਰ ਰੈਲੀਆਂ, ਪੋਸਟਰ, ਬੈਨਰਾਂ, ਸਟਿਕਰਾਂ, ਡਿਸਕੋ ਪਾਰਟੀਆਂ, ਪਹਾੜੀ ਸਥਾਨਾਂ ਦੇ ਦੌਰਿਆਂ, ਡਿਨਰ ਪਾਰਟੀਆਂ, ਆਨ ਲਾਈਨ ਮੁਹਿੰਮਾਂ ਆਦਿ ਪ੍ਰਚਾਰ ਸਾਧਨਾਂ ਤੇ ਲੱਖਾਂ ਰੁਪਏ ਖਰਚ ਕੀਤੇਜਾਂਦੇ ਹਨ। ਹੁਣ ਵਿਦਿਆਰਥੀ ਇਹਨਾਂ ਦੀਆਂ ਕੂਟਨੀਤਕ ਚਾਲਾਂ ਨੂੰ ਸਮਝਦੇ ਹੋਏ ਬੀ ਐਮ ਡਬਲਯੂ ਵਾਲੇ ਕਾਕਿਆਂ ਨੂੰ ਹਰਾ ਕੇ ਮਿਹਨਤਕਸ਼ ਮਜ਼ਦੂਰ ਕਿਸਾਨਾਂ ਦੇ ਵਾਰਸਾਂ ਨੂੰ ਅੱਗੇ ਲਿਆਂਦਾ ਹੈ। ਕਨੂੰ ਨੇ ਕਿਹਾ ਕਿ ਸਾਡੇ ਸੰਗਠਨ ਵਲੋਂ 2012 ਵਿੱਚ ਕੈਂਪਸ ਵਿਚ ਜਿਨਸੀ ਸ਼ੋਸ਼ਣ ਵਿਰੁੱਧ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਸੀ। 2013 ਤੋਂ ਫੀਸਾਂ ਦੇ ਵਾਧੇ ਖਿਲਾਫ ਆਰੰਭ ਕੀਤਾ ਗਿਆ ਸੰਘਰਸ਼ ਅੱਜ ਵੀ ਜਾਰੀ ਹੈ। ਇਸ ਤੋਂ ਇਲਾਵਾ ਹੋਸਟਲ ਵਿਚ ਸਾਫ ਸੁਥਰਾ ਭੋਜਨ ਨਾ ਮਿਲਣ ਦਾ ਵੀਡੱਟਵਾਂ ਵਿਰੋਧ ਕੀਤਾ ਗਿਆ ਅਤੇ ਕੈਂਪਸ ਵਿੱਚ ਚਾਰ ਪਹੀਆਂ ਵਾਹਨਾਂ ਦੇ ਦਾਖਲੇ ਤੇ ਪਾਬੰਦੀ ਲਾਉਣ ਲਈ ਵੀ ਸੰਘਰਸ਼ ਕੀਤਾ। ਜਿਸ ਸਦਕਾ 2016 ਦੀਆਂ ਕੌਂਸਲ ਚੋਣਾਂ ਵਿੱਚ ਵੀ ਐਸ ਐਫ ਐਸ ਦਾ ਪ੍ਰਦਰਸ਼ਨ ਵਧੀਆ ਰਿਹਾ ਉਸ ਵਕਤ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਅੰਮ੍ਰਿਤਪਾਲ ਸਿੰਘ 2494 ਵੋਟਾਂ ਲੈ ਕੇ ਤੀਜੇ ਸਥਾਨ ਤੇ ਰਿਹਾ ਸੀ। ਕਨੂੰ ਪ੍ਰੀਆ ਨੇ ਵਿਦਿਆਰਥੀਆਂ ਦੇ ਮੁੱਖ ਮਸਲਿਆਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਹੁਣ ਯੂ ਆਈ ਟੀ ਵਿਭਾਗ ਦੀਆਂ ਸੇਵਾਵਾਂ ਦਰੁਸਤ ਕਰਵਾਉਣ, ਕੰਟੀਨ ਦੀ ਬੇਹਤਰੀ ਤੇ ਵਧੀਆ ਖਾਣੇ ਦਾ ਪ੍ਰਬੰਧ, ਕੈਂਪਸ ਵਿੱਚ ਦਵਾਈਆਂ ਦੀ ਦੁਕਾਨ ਖੁਲਵਾਉਣ, ਹੋਸਟਲ ਵਿਚ ਵਾਸਿੰਗ ਮਸ਼ੀਨ ਦਾ ਪ੍ਰਬੰਧ ਕਰਨ, ਲੜਕੇ ਤੇ ਲੜਕੀਆਂ ਲਈ ਬਰਾਬਰ ਸਹੂਲਤਾਂ, ਵਿਦਿਆਰਥੀਆਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨਾ, ਲੜਕੀਆਂ ਦੇ ਹੋਸਟਲ ਵਿਚ ਦਾਖਲੇ ਨੂੰ 24 ਘੰਟੇ ਯਕੀਨੀ ਬਣਾਉਣਾ ਆਦਿ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਪੀ ਯੂ ਵਿੱਚ ਆਰ ਐੱਸ ਐੱਸ ਦਾ ਫਿਰਕੂ ਏਜੰਡਾ ਨਹੀਂ ਚੱਲਣ ਦਿੱਤਾ ਜਾਵੇਗਾ। ਸਭ ਦੀ ਏਕਤਾ ਲਈ ਕੰਮ ਕੀਤਾ ਜਾਵੇਗਾ। ਕੌਂਸਲ ਚੋਣਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਨਿਬੜਨ ਉਪਰੰਤ ਜਿਵੇਂ ਹੀ ਨਤੀਜੇ ਦਾ ਐਲਾਨ ਕੀਤਾ ਗਿਆ ਤੁਰੰਤ ਹੀ ਪੀ ਯੂ ਦੀ ਧਰਤੀ ਇਨਕਲਾਬੀ ਨਾਹਰਿਆਂ ਨਾਲ ਗੂੰਜ ਉੱਠੀ। ਐਸ ਐਫ ਐਸ ਦਾ ਮੁੱਖ ਸਾਜ ਡੱਫਲੀ ਦੀ ਧੁੰਨ ਤੇ ਖੁਦ ਕਨੂੰ ਪ੍ਰੀਆ ਨੇ ਆਪਣੇ ਖੁਸ਼ੀ ਭਰੇ ਜਜ਼ਬਾਤਾਂ ਤੇ ਕਾਬੂ ਪਾਉਂਦਿਆਂ ਇੰਨਾ ਨਾਹਰਿਆਂ ਦੀ ਅਗਵਾਈ ਕੀਤੀ ਇਸ ਮੌਕੇ ਤੇ ਇਨਕਲਾਬ ਜ਼ਿੰਦਾਬਾਦ, ਨਾਰੀ ਸ਼ਕਤੀ ਸਭਦੀ ਮੁਕਤੀ ਜ਼ਿੰਦਾਬਾਦ, ਸ਼ਹੀਦ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਸੰਗੀ- ਸੁੰਗੀ ਚੱਕ ਆਏ ਹਾਂ ਧੌਣ ਤੇ ਗੋਡਾ ਰੱਖ ਆਏ ਹਾਂ, ਵਿਦਿਆਰਥੀ ਏਕਤਾ ਜ਼ਿੰਦਾਬਾਦ ਆਦਿ ਨਾਹਰੇ ਬਹੁਤ ਜੋਸ਼ ਨਾਲ ਲਾਏ ਗਏ। ਕਨੂੰ ਪ੍ਰੀਆ ਜਿਸ ਨੂੰ ਕੁੱਝ ਦਿਨ ਪਹਿਲਾਂ ਬਹੁਤ ਹੀ ਸੀਮਤ ਲੋਕ ਜਾਣਦੇ ਸਨ ਅੱਜ ਅਚਾਨਕ ਹੀਂ ਉਹ ਅਖਬਾਰਾਂ, ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਏ ਉੱਤੇ ਦੇਸ਼ ਅਤੇ ਪੰਜਾਬ ਦੇ ਲੋਕਾਂ ਲਈ ਇਕ ਪ੍ਰੇਰਣਾ ਸਰੋਤ ਵਜੋਂ ਖਿੱਚ ਦਾ ਕੇਂਦਰ ਬਣ ਕੇ ਉਭਰ ਰਹੀ ਹੈ। ਕਿਉਕਿ ਜਦੋਂ ਕੋਈ ਔਰਤ ਜਾਗਦੀ ਹੈ ਤਾਂ ਸਾਰਾ ਸਮਾਜ ਜਾਗਦਾ ਹੈ। ਦੇਸ਼ ਅੰਦਰ ਚਲਦੀਆਂ ਫਿਰਕੂ ਤਾਕਤਾਂ ਦੀਆਂ ਕਾਲੀਆਂ ਹਨੇਰੀਆਂ ਵੀ ਨੌਜਵਾਨ ਵਿਦਿਆਰਥੀਆਂ ਦੇ ਸੰਘਰਸ਼ ਨੂੰ ਦਬਾ ਨਹੀਂ ਸਕਦੀਆਂ। ਦੇਸ਼ ਦਾ ਭਵਿੱਖ ਇੰਨਾ ਜਾਗਦੇ ਹੋਏ ਨੌਜਵਾਨਾਂ ਦੇ ਹੱਥਾਂ ਵਿਚ ਹੈ। ਸੋ ਅੱਜ ਸਮਾਜ ਨੂੰ ਲੋੜ ਹੈ ਉਹਨਾਂ ਮੱਥਿਆਂ ਦੀ ਜੋ ਹੈਂਕੜ ਅੱਗੇ ਝੁਕੇ ਨਾ ਹੋਣ, ਲੋੜ ਹੈ ਐਸੇ ਖੂਨ ਦੀ ਜੋ ਨਾੜਾਂ ਵਿੱਚ ਜੰਮਿਆ ਨਾ ਹੋਵੇ। ਆਸ ਹੈ ਕਿ ਸਾਡੇ ਸਮਾਜ ਦੀ ਹੋਣਹਾਰ ਬੇਟੀ ਕਨੂੰ ਪ੍ਰੀਆ ਸਾਡੇ ਉਮੀਦਾਂ ਦੇ ਬੂਟੇ ਨੂੰ ਜਰੂਰ ਪ੍ਰਫੁੱਲਤ ਕਰੇਗੀ।-ਲੇਖਕ ..ਦਵਿੰਦਰ ਪਾਲ ਹੀਓ ਇਟਲੀ ੩੨੦੩੪੫੯੮੦ 

LEAVE A REPLY

Please enter your comment!
Please enter your name here