ਅਮੀਰ-ਗਰੀਬ ਵਿੱਚ ਪਾੜਾ ਘਟਾਏ ਸਾਲ ਨਵਾਂ।
ਹਰ ਘਰ ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ।
ਪਿਛਲੇ ਸਾਲ ਬਥੇਰੀ ਵਧੀ ਹੈ ਮਹਿੰਗਾਈ ਚੰਦਰੀ,
ਇਸ ਤੋਂ ਸੱਭ  ਨੂੰ ਰਾਹਤ ਦੁਆਏ ਸਾਲ ਨਵਾਂ।
ਨਸ਼ੇ ਨੇ ਕਈ ਵਸਦੇ ਘਰਾਂ ਨੂੰ ਉਜਾੜਿਆ ਹੈ,
ਇੱਥੇ ਨਸ਼ੇ ਦਾ ਆਣਾ ਬੰਦ ਕਰਾਏ ਸਾਲ ਨਵਾਂ।
ਧਰਮਾਂ ਤੇ ਜ਼ਾਤਾਂ ਦੇ ਨਾਂ ਤੇ ਜੋ ਲੜਾਂਦੇ ਲੋਕਾਂ ਨੂੰ,
ਉਨ੍ਹਾਂ ਨੂੰ ਸਿੱਧੇ ਰਸਤੇ ਪਾਏ ਸਾਲ ਨਵਾਂ।
ਮੰਦਰਾਂ ਤੇ ਮਸਜਿਦਾਂ ‘ਤੇ ਲੱਖਾਂ ਖਰਚਣ ਵਾਲਿਆਂ ਨੂੰ,
ਗਰੀਬਾਂ ਦੀਆਂ ਝੁੱਗੀਆਂ ਦਿਖਾਏ ਸਾਲ ਨਵਾਂ।
ਬੁੱਤਾਂ ਤੇ ਕਰੋੜਾਂ ਲਾਣ ਵਾਲੇ ਹਾਕਮਾਂ ਤੋਂ,
ਲੋਕਾਂ ਦਾ ਖਹਿੜਾ ਛੱਡਾਏ ਸਾਲ ਨਵਾਂ।
ਗਰੀਬਾਂ ਨੂੰ ਲੁੱਟਦੇ ਦੋਹੀਂ ਹੱਥੀਂ ਜਿਹੜੇ ਬਾਬੇ,
ਉਨ੍ਹਾਂ ਨੂੰ ਜੇਲ੍ਹਾਂ ਵਿੱਚ ਪੁਚਾਏ ਸਾਲ ਨਵਾਂ।
ਪਿਛਲੇ ਵਰ੍ਹੇ ਜੋ ਭੁੱਲ ਗਏ ਸਨ ਪਿਆਰ ਕਰਨਾ,
ਉਨ੍ਹਾਂ ਨੂੰ ਪਿਆਰ ਕਰਨਾ ਸਿਖਾਏ ਸਾਲ ਨਵਾਂ।
ਵੱਡਿਆਂ ਦਾ ਨਿਰਾਦਰ ਕਰਨ ਵਾਲਿਆਂ ਨੂੰ,
ਉਨ੍ਹਾਂ ਦਾ ਆਦਰ ਕਰਨਾ ਸਿਖਾਏ ਸਾਲ ਨਵਾਂ।
‘ਮਾਨ’ਸੁਸਤੀ ਨਾ ਅੱਗੇ ਵਧਣ ਦੇਵੇ ਬੰਦੇ ਨੂੰ,
ਸੱਭ ਦੀ ਸੁਸਤੀ ਦੂਰ ਭਜਾਏ ਸਾਲ ਨਵਾਂ।

LEAVE A REPLY

Please enter your comment!
Please enter your name here