ਮੈਰੀਲੈਂਡ, 14 ਦਸੰਬਰ (ਰਾਜ ਗੋਗਨਾ)¸ ਰਮੇਸ਼ ਸਿੰਘ ਖਾਲਸਾ ਚੀਫ ਪੈਟਰਨ ਪਾਕਿਸਤਾਨ ਸਿੱਖ ਕੌਂਸਲ ਅੱਜਕਲ੍ਹ ਅਮਰੀਕਾ ਦੌਰੇ ਤੇ ਹਨ। ਜਿੱਥੇ ਉਹ ਵੱਖ ਵੱਖ ਗੁਰੂਘਰਾਂ ਵਿਚ ਸੰਗਤਾਂ ਨੂੰ ਸੰਬੋਧਨ ਕਰ ਰਹੇ ਹਨ ਉੱਥੇ ਉਹ ਪਾਕਿਸਤਾਨ ਗੁਰੂਘਰਾਂ ਬਾਰੇ ਵੀ ਵਿਸਥਾਰ ਪੂਰਵਕ ਦੱਸ ਰਹੇ ਹਨ ਕਿ ਉਥੋਂ ਦੇ ਗੁਰੂਘਰ ਕਿੰਨੇ ਇਤਿਹਾਸਕ ਹਨ ਅਤੇ ਉਨ੍ਹਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ? ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਨੂੰ ਆਪਣੇ ਗੁਰੂਆਂ ਦੇ ਅਸਥਾਨਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਹੈ। ਪਾਕਿਸਤਾਨ ਵਿਚ ਨੌ ਗੁਰੂ ਸਾਹਿਬਾਨ ਦੇ ਚਰਨ ਪਏ ਹਨ। ਉੱਥੇ ਹਿੰਦੂ ਵੀ ਸਿੱਖ ਧਰਮ ਨੂੰ ਗ੍ਰਹਿਣ ਕਰ ਰਹੇ ਹਨ। ਜਿਵੇਂ ਭਾਰਤ ਵਿਚ ਸ਼ਿਕਲੀ ਬਰਾਦਰੀ ਹੈ ਉਸੇ ਤਰ੍ਹਾਂ ਪਾਕਿਸਤਾਨ ਵਿਚ ਵੀ ਅਜਿਹੀਆਂ ਬਰਾਦਰੀਆਂ ਹਨ ਜੋ ਨਾਨਕ ਨਾਮ ਲੇਵਾ ਵਿਚ ਲੀਨ ਹਨ। ਸਿੰਧੀ ਭਾਵੇਂ ਗਿਣਤੀ ਵਿਚ ਘੱਟ ਹਨ ਪਰ ਉਨ੍ਹਾਂ ਦੀ ਸੇਵਾ ਦਾ ਕੋਈ ਸਾਨੀ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੱਖ ਕੌਂਸਲ ਵਿਚ ਦੋ ਸੌ ਤੋਂ ਵੱਧ ਮੈਂਬਰ ਹਨ ਜੋ ਦਸਵੰਧ ਕੱਢਦੇ ਹਨ। ਉਨ੍ਹਾਂ ਦੇ ਦਸਵੰਧ ਨਾਲ ਅਸੀਂ ਸਾਰੇ ਕਾਰਜ ਕਰਦੇ ਹਾਂ। ਜਿਸ ਸਦਕਾ ਉਨ੍ਹਾਂ ਨੂੰ ਸੇਵਾ ਐਵਾਰਡ ਵੀ ਮਿਲਿਆ ਹੈ।
ਇਸ ਮੌਕੇ ਸ੍ਰ. ਰਮੇਸ਼ ਸਿੰਘ ਖਾਲਸਾ ਦੀਆਂ ਸੇਵਾਵਾਂ ਅਤੇ ਦ੍ਰਿੜ ਸੇਵਾ ਭਾਵਨਾ ਨੂੰ ਸਿੱਖਸ ਆਫ ਅਮਰੀਕਾ ਸੰਸਥਾ ਨੇ ਪਹਿਚਾਣਦਿਆਂ ਉਨ੍ਹਾਂ ਨੂੰ ਰਾਇਲ ਤਾਜ ਰੈਸਟੋਰੈਂਟ ਵਿਚ ਸੰਸਥਾ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਹ ਸਨਮਾਨ ਜਸਦੀਪ ਸਿੰਘ ਜੱਸੀ ਚੇਅਰਮੈਨ, ਸਾਜਿਦ ਤਰਾਰ ਡਾਇਰੈਕਟਰ, ਕੰਵਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸਿੰਘ ਸ਼ੰਮੀ ਅਤੇ ਸੁਰਿੰਦਰ ਰਹੇਜਾ ਡਾਇਰੈਕਟਰ ਵਲੋਂ ਦਿੱਤਾ ਗਿਆ।
ਪਾਕਿਸਤਾਨ ਸਿੱਖ ਕੌਂਸਲ ਵਲੋਂ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਸਨਮਾਨਿਤ
ਇਸ ਮੌਕੇ ਸ੍ਰ. ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਸਿਖਸ ਆਫ ਅਮੈਰਿਕਾ ਦੇ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਅਤੇ ਡਾਇਰੈਕਟਰ ਸਾਜਿਦ ਤਰਾਰ ਮਨੁੱਖੀ ਸੇਵਾਵਾਂ ਅਤੇ ਵਿਰਸਾ ਸੰਭਾਲ ਦੇ ਖੇਤਰ ਵਿਚ ਵਡੇਰੀਆਂ ਸੇਵਾਵਾਂ ਨਿਭਾਅ ਰਹੇ ਹਨ ਜਿਨ੍ਹਾਂ ਦਾ ਪਾਕਿਸਤਾਨ ਸਿੱਖ ਕੌਂਸਲ ਵਲੋਂ ਬਹੁਤ ਹੀ ਧੰਨਵਾਦ ਕੀਤਾ ਜਾਂਦਾ ਹੈ। ਇਸੇ ਸੇਵਾਵਾਂ ਨੂੰ ਦੇਖਦਿਆਂ ਪਾਕਿਸਤਾਨ ਸਿੱਖ ਕੌਂਸਲ ਵਲੋਂ ਭੇਜੀਆਂ ਗਈਆਂ ਸਨਮਾਨ ਵਜੋਂ ਪਲੇਕਾਂ ਸ੍ਰ. ਰਮੇਸ਼ ਸਿੰਘ ਖਾਲਸਾ ਨੇ ਸ੍ਰ. ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਨੂੰ ਭੇਂਟ ਕਰਦਿਆਂ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਾਕਿਸਤਾਨ ਸਿੱਖ ਕੌਂਸਲ ਉਨ੍ਹਾਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰ ਰਹੀ ਹੈ ਜੋ ਕਿ ਮਨੁੱਖਤਾ ਦੀ ਸੇਵਾ ਲਈ ਦਿਨ ਰਾਤ ਇਕ ਕਰ ਰਹੀਆਂ ਹਨ।

LEAVE A REPLY

Please enter your comment!
Please enter your name here