ਬੀਤੇ ਵਰ੍ਹੇ ਭਾਰਤ ਸਰਕਾਰ ਵਲੋਂ ਦੇਸ਼ ਵਿੱਚ ਪ੍ਰਚਲਤ ਭਿੰਨ-ਭਿੰਨ ਟੈਕਸਾਂ ਦਾ ਏਕੀਕਰਣ ਕਰਨ ਦੇ ਉਦੇਸ਼ ਨਾਲ ਉਹ ਜੀਐਸਟੀ ਲਾਗੂ ਕੀਤਾ ਗਿਆ, ਜਿਸਦੀ ਲਪੇਟ ਵਿੱਚ ਹਰ ਉਹ ਵੱਡੀ-ਛੋਟੀ ਵਸਤ ਆ ਗਈ, ਜੋ ਆਮ ਲੋਕਾਂ ਦੇ ਜੀਵਨ ਵਿੱਚ ਵਰਤੀ ਜਾਂਦੀ ਚਲੀ ਆ ਰਹੀ ਹੈ। ਸਪਸ਼ਟ ਹੈ ਕਿ ਇਸ ਨਾਲ ਉਹ ਸਾਰੀਆਂ ਵਸਤਾਂ ਵੀ ਪ੍ਰਭਾਵਤ ਹੋ ਗਈਆਂ, ਜੋ ਧਾਰਮਕ ਅਸਥਾਨਾਂ ਵਿੱਚ ਪੂਜਾ, ਪਾਠ, ਪ੍ਰਸਾਦ ਅਤੇ ਲੰਗਰ ਆਦਿ ਲਈ ਵਰਤੀਆਂ ਜਾਂਦੀਆਂ ਹਨ। ਧਾਰਮਕ ਅਸਥਾਨਾਂ, ਜਿਨ੍ਹਾਂ ਵਿੱਚ ਉਹ ਇਤਿਹਾਸਕ ਗੁਰਦੁਆਰੇ ਵੀ ਸ਼ਾਮਲ ਹਨ, ਜਿਥੇ ਗੁਰੂ ਕਾ ਲੰਗਰ, ਜਿਸਦਾ ਉਦੇਸ਼ ਕੇਵਲ ਭੂਖਿਆਂ ਦੀ ਭੁਖ ਮਿਟਾਣਾ ਹੀ ਨਹੀਂ, ਸਗੋਂ ਸਮਾਜ ਵਿੱਚ ਖੜੀਆਂ ਕੀਤੀਆਂ ਗਈਆਂ ਹੋਈਆਂ, ਊਚ-ਨੀਚ ਅਤੇ ਗਰੀਬ-ਅਮੀਰ ਦੀਆਂ ਦੀਵਾਰਾਂ ਨੂੰ ਮਿਟਾ, ਸਮਾਨਤਾ ਦੀ ਭਾਵਨਾ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਵੀ ਹੈ। ਇਸੇ ਉਦੇਸ਼ ਦੇ ਚਲਦਿਆਂ ਹੀ ਗੁਰੂ ਕੇ ਲੰਗਰ ਵਿੱਚ ਸਮੂਹ ਵਰਗ ਦੇ ਲੋਕਾਂ ਨੂੰ ਭੇਦ-ਭਾਵ ਤੋਂ ਉਪਰ ਉਠ, ਪੰਗਤ ਵਿੱਚ ਬਰਾਬਰ ਬਿਠਾ, ਬਿਨਾ ਕਿਸੇ ਭੇਟ ਜਾਂ ਮੁੱਲ, ਅਰਥਾਤ ਮੁਫਤ ਖਾਣਾ ਖੁਅਇਆ ਜਾਂਦਾ ਹੈ। ਇਸੇ ਕਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਤਾਰ ਭਾਰਤ ਸਰਕਾਰ ਪੁਰ ਦਬਾਉ ਬਣਾਇਆ ਜਾਣ ਲਗਾ ਕਿ ਉਹ ਲੰਗਰ ਲਈ ਵਰਤੀਆਂ ਜਾਣ ਵਾਲੀਆਂ ਵਸਤਾਂ – ਆਟਾ, ਦਾਲਾਂ, ਘਿਉ, ਨਮਕ, ਮਸਾਲਿਆਂ, ਅਚਾਰ ਅਤੇ ਸਬਜ਼ੀਆਂ ਆਦਿ ਨੂੰ ਜੀਐਸਟੀ ਤੋਂ ਮੁਕਤ ਕਰ ਦੇਵੇ।
ਜੀਐਸਟੀ ਬਨਾਮ ਵਿੱਤੀ ਸਹਾਇਤਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਕੇ ਲੰਗਰ ਲਈ ਵਰਤੀਆਂ ਜਾਂਦੀਆਂ ਵਸਤਾਂ ਨੂੰ ਜੀਐਸਟੀ ਤੋਂ ਮੁਕਤ ਕਰ ਦਿੱਤੇ ਜਾਣ ਦੀ ਕੀਤੀ ਜਾਂਦੀ ਚਲੀ ਆ ਰਹੀ ਮੰਗ ਦੇ ਦੌਰਾਨ ਭਾਰਤ ਸਰਕਾਰ ਦੇ ਸੰਸਕ੍ਰਿਤਕ (ਕਲਚਰਲ) ਵਿਭਾਗ ਵਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਜਿਸ ਅਨੁਸਾਰ ਰਾਸ਼ਟ੍ਰਪਤੀ ਦੀ ਸਹਿਮਤ ਨਾਲ ਸੰਸਕ੍ਰਿਤਕ ਵਿਭਾਗ ਵਲੋਂ ‘ਸੇਵਾ ਭੋਜ ਯੋਜਨਾ’ ਅਧੀਨ 2018-19 ਅਤੇ 2019-20 ਦੇ ਦੋ ਵਿੱਤੀ ਵਰਿ੍ਹਆਂ ਲਈ 325 ਕਰੋੜ ਰੁਪਿਆਂ ਦੀ ਰਾਸ਼ੀ ਨਾਲ ‘ਵਿੱਤੀ ਸਹਾਇਤਾ ਸਕੀਮ’ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦੇ ਤਹਿਤ ‘ਚੇਰਿਟੇਬਲ (ਪਰਉਪਕਾਰੀ) ਧਾਰਮਕ ਸੰਸਥਾਵਾਂ ਵਲੋਂ ‘ਸੇਵਾ ਭੋਜ’ ਲਈ ਖਰੀਦੀਆਂ ਗਈਆਂ_ ਚੋਣਵੀਆਂ ਵਸਤਾਂ ਪੁਰ ਅਦਾ ਕੀਤੇ ਗਏ ਸੀਜੀਐਸਟੀ ਵਿਚਲੇ ਕੇਂਦਰ ਸਰਕਾਰ ਦੇ ਹਿੱਸੇ ਆਈਜੀਐਸਟੀ ਦੀ ਭਰਪਾਈ ਕਰਨ ਲਈ ਸੰਸਕ੍ਰਿਤਕ ਵਿਭਾਗ ਵਲੋਂ ਜਾਰੀ ਨਿਯਮਾਂ ਅਨੁਸਾਰ ਭਾਰਤ ਸਰਕਾਰ ਵਲੋਂ ‘ਆਰਥਕ ਅਨੁਦਾਨ’ ਦਿੱਤਾ ਜਾਇਆ ਕਰੇਗਾ। ਇਸ ਨੋਟੀਫਿਕੇਸ਼ਨ ਅਨੁਸਾਰ ਅਦਾ ਕੀਤੇ ਗਏ ਜੀਐਸਟੀ ਦੀ ਭਰਪਾਈ ਦਾ ਲਾਭ ਲੈਣ ਦੀਆਂ ਇੱਛਕ ਗੁਰਦੁਆਰਾ ਕਮੇਟੀਆਂ ਤੇ ਹੋਰ ਚੇਰਿਟੇਬਲ (ਪਰਉਪਕਾਰੀ) ਧਾਰਮਕ ਸੰਸਥਾਵਾਂ ਨੂੰ ‘ਸੇਵਾ ਭੋਜ ਯੋਜਨਾ’ ਅਧੀਨ ਆਪਣੇ ਆਪਨੂੰ ਨਿਸ਼ਚਤ ਨਿਯਮਾਂ ਅਨੁਸਾਰ ਰਜਿਸਟਰਡ ਕਰਵਾਣਾ ਹੋਵੇਗਾ ਅਤੇ ‘ਸੇਵਾ ਭੋਜ’ ਲਈ ਖਰੀਦੀਆਂ ਗਈਆਂ ‘ਚੋਣਵੀਆਂ’ ਵਸਤਾਂ ਪੁਰ ਅਦਾ ਕੀਤੇ ਗਏ ਸੀਜੀਐਸਟੀ ਵਿਚਲੇ ਕੇਂਦਰ ਸਰਕਾਰ ਦੇ ਹਿੱਸੇ ਦੀ ਵਾਪਸੀ ਦੀ ਮੰਗ ਲਈ ਸਮੇਂ-ਸਮੇਂ ਪੂਰੇ ਵੇਰਵਿਆਂ ਸਹਿਤ ਸੰਸਕ੍ਰਿਤਕ ਵਿਭਾਗ ਨੂੰ ਦਰਖਾਸਤ ਦੇਣੀ ਹੋਵੇਗੀ, ਜਿਸਕੀ ਡੂੰਘੀ ਪੁਣ-ਛਾਣ ਕਰਨ ਤੋਂ ਬਾਅਦ ਸੰਸਕ੍ਰਿਤਕ ਵਿਭਾਗ ਵਲੋਂ ਅਨੁਦਾਨ (ਦਾਨ) ਰਾਸ਼ੀ ਜਾਰੀ ਕੀਤੀ ਜਾਇਆ ਕਰੇਗੀ। ਇਸਦੇ ਵਿਰੁਧ ਵਿੱਤੀ ਮਾਮਲਿਆਂ ਦੇ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਵਲੋਂ ਇਸ ਨੀਤੀ ਦੀ ਬਜਾਏ ਕੋਈ ਹੋਰ ਅਜਿਹਾ ਰਸਤਾ ਅਪਨਾਇਆ ਜਾਣਾ ਚਾਹੀਦਾ ਸੀ, ਜਿਸ ਨਾਲ ਧਾਰਮਕ ਸੰਸਥਾਵਾਂ ਦੀ ਮਾਣ-ਮਰਿਆਦਾ ਦੇ ਨਾਲ ਹੀ ਉਨ੍ਹਾਂ ਦੇ ਧਾਰਮਕ ਸਿਧਾਂਤਾਂ ਦੀ ਰਖਿਆ ਵੀ ਹੋ ਸਕਦੀ। ਭਾਰਤ ਸਰਕਾਰ ਵਲੋਂ ਅਪਨਾਈ ਗਈ ਇਸ ਨੀਤੀ ਦੇ ਪਿੱਛੇ ਉਸਦੀ ਕੋਈ ਮਜਬੂਰੀ ਹੈ ਜਾਂ ਫਿਰ ਉਸਦੀ ਕੋਈ ਹੋਰ ਸੋਚ ਕੰਮ ਕਰ ਰਹੀ ਹੈ, ਕਿਹਾ ਨਹੀਂ ਜਾ ਸਕਦਾ।
ਦੂਜੇ ਪਾਸੇ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਦੇ ਤੁਰੰਤ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਤੀਨਿਧੀ ਦੇ ਰੂਪ ਵਿੱਚ ਕੇਂਦ੍ਰੀ ਮੰਤਰੀ ਮੰਡਲ ਵਿੱਚ ਸ਼ਾਮਲ ਬੀਬੀ ਹਰਸਿਮਰਤ ਕੌਰ ਨੇ ਪਤ੍ਰਕਾਰ ਸੰਮੇਲਨ ਅਯੋਜਤ ਕਰ ਇਹ ਦਾਅਵਾ ਕਰ ਦਿੱਤਾ ਕਿ ਉਨ੍ਹਾਂ ਵਲੋਂ ਬਣਾਏ ਗਏ ਦਬਾਉ ਦੇ ਚਲਦਿਆਂ ਭਾਰਤ ਸਰਕਾਰ ਨੇ ਗੁਰੂ ਕੇ ਲੰਗਰ ਸਹਿਤ ਸਾਰੀਆਂ ਚੇਰਿਟੇਬਲ (ਪਰਉਪਕਾਰੀ) ਧਾਰਮਕ ਸੰਸਥਾਵਾਂ ਵਲੋਂ ਕੀਤੇ ਜਾਂਦੇ ‘ਸੇਵਾ ਭੋਜ’ ਲਈ ਵਰਤੀਆਂ ਜਾਦੀਆਂ ਵਸਤਾਂ ਪੁਰ ਅਦਾ ਕੀਤਾ ਜਾਂਦਾ ਚਲਿਆ ਆ ਰਿਹਾ ਜੀਐਸਟੀ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਹੈ। ਅਰਥਾਤ ਗੁਰੂ ਘਰਾਂ ਵਿੱਚ ਚਲਾਇਆ ਜਾ ਰਿਹਾ ਲੰਗਰ ਸੀਜੀਐਸਟੀ ਤੋਂ ਮੁਕਤ ਹੋ ਗਿਆ ਹੈ। ਇਤਨਾ ਹੀ ਨਹੀਂ ਇਹ ਅਕਾਲੀ ਆਗੂ ਇਸ ਕਥਤ ਕੇਂਦਰੀ ਜੀਐਸਟੀ ਤੋਂ ਹੋਈ ਲੰਗਰ ਦੀ ਮੁਕਤੀ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਲਈ ਸਿੱਖ ਸਾਂਸਦਾਂ ਅਤੇ ਕਈ ਹੋਰ ਸਿੱਖ ਮੁਖੀਆਂ ਨੂੰ ਲੈ ਪ੍ਰਧਾਨ ਮੰਤਰੀ ਦੇ ਨਿਵਾਸ ਤੇ ਜਾ ਪੁਜੇ। ਜਦਕਿ ਕਾਨੂੰਨੀ ਅਤੇ ਵਿੱਤੀ ਮਾਹਿਰਾਂ ਨੇ ਇਨ੍ਹਾਂ ਅਕਾਲੀ ਮੁੱਖੀਆਂ ਵਲੋਂ ਕੀਤੇ ਗਏ ਦਾਅਵੇ ਪੁਰ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਜਾਪਦਾ ਹੈ ਕਿ ਇਨ੍ਹਾਂ ਅਕਾਲੀ ਮੁੱਖੀਆਂ ਨੇ ਜਿਵੇਂ ਕਾਹਲ ਵਿੱਚ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਹੀ ਨਾ ਕੀਤੀ ਹੋਵੇ ਜਾਂ ਫਿਰ ਕਿਸੇ ‘ਅਪ੍ਰੱਖ’ ਕਾਰਣ, ਸ਼ਾਇਦ ਬੀਬੀ ਹਰਸਿਮਰਤ ਕੌਰ ਵਲੋਂ ਕੀਤੇ ਗਏ ਇਸ ਦਾਅਵੇ, ਕਿ ਜੇ ਗੁਰੂ ਕੇ ਲੰਗਰ ਤੋਂ ਪੂਰੀ ਤਰ੍ਹਾਂ ‘ਜੀਐਸਟੀ’ ਮਾਫ ਨਾ ਹੋਇਆ ਤਾਂ ਉਹ ਕੇਂਦਰੀ ਮੰਤਰੀ ਪਦ ਤੋਂ ਅਸਤੀਫਾ ਦੇ ਦੇਣਗੇ, ਪੁਰ ਅਮਲ ਲਈ ਸਿੱਖ ਜਥੇਬੰਦੀਆਂ ਵਲੋਂ ਪਾਏ ਜਾਣ ਵਾਲੇ ਦਬਾਉ ਦੀ ਅਵਾਜ਼ ਨੂੰ ਅਣਗੋਲਿਆਂ ਕੀਤੇ ਦੀ ਸੋਚ ਨੂੰ ਮੁੱਖ ਰਖ, ਉਨ੍ਹਾਂ ਇਸ ਨੋਟੀਫਿਕੇਸ਼ਨ ਦੇ ਮਜ਼ਮੂਨ ਨੂੰ ਆਪਣੀ ਹੀ ਵਿਅਖਿਆ ਦੇ ਦਿੱਤੀ।
ਜਿਥੋਂ ਤਕ ਧਾਰਮਕ ਸਿੱਖ ਮਾਨਤਾਵਾਂ ਅਤੇ ਸਿਧਾਤਾਂ ਦੀ ਗਲ ਹੈ, ਉਸ ਅਨੁਸਾਰ ਅਜਿਹੇ ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਅਨੁਦਾਨ (ਦਾਨ) ਦੀ ਮੰਗ ਕਰਨਾ, ‘ਭਿਖਿਆ’ ਮੰਗਣ ਦੇ ਤੁਲ ਹੈ ਤੇ ਇਸ ‘ਭਿਖਿਆ’ ਨੂੰ ਸਵੀਕਾਰ ਕਰਨ ਨਾਲ, ਸ੍ਰੀ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿੱਚ, ‘ਲੋਭ-ਲਾਲਚ ਆਦਿ ਦੇ ਨਾਲ ਹੀ, ਪ੍ਰਾਧੀਨਤਾ (ਗੁਲਾਮੀ) ਦਾ ਅਹਿਸਾਸ ਵੀ ਪੈਦਾ ਹੋਵੇਗਾ ਅਤੇ ਆਪਸੀ ਲੜਾਈ-ਝਗੜਿਆ ਦਾ ਵਾਤਾਵਰਣ ਵੀ ਬਣ ਜਾਇਗਾ। ਗੁਰੂ ਸਾਹਿਬ ਨੇ ਇਹ ਵਿਚਾਰ ਉਸ ਸਮੇਂ ਪ੍ਰਗਟ ਕੀਤੇ, ਜਦੋਂ ਬਾਦਸ਼ਾਹ ਅਕਬਰ ਨੇ ਲੰਗਰ ਦੀ ਪਰੰਪਰਾ ਦੇ ਨਿਰੰਤਰ ਚਲਦਿਆਂ ਰਹਿਣ ਦੀ ਕਾਮਨਾ ਕਰਦਿਆਂ, ਗੁਰੂ-ਘਰ ਲਈ ਕੁਝ ਪਿੰਡ, ਜਗੀਰ ਵਜੋਂ ਭੇਟਾ ਕਰਨ ਦੀ ਪੇਸ਼ਕਸ਼ ਕੀਤੀ ਸੀ। ਸਿੱਖ ਇਤਿਹਾਸ ਅਨੁਸਾਰ ਬਾਦਸ਼ਾਹ ਅਕਬਰ ਨੇ ਅਜਿਹੀ ਪੇਸ਼ਕਸ਼ ਸ੍ਰੀ ਗੁਰੂ ਅਮਰਦਾਸ ਜੀ ਨੂੰ ਵੀ ਉਸ ਸਮੇਂ ਕੀਤੀ ਸੀ, ਜਦੋਂ ਉਹ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਗਿਆ ਸੀ ਅਤੇ ਉਥੇ ਉਸਨੇ ਗੁਰੂ ਘਰ ਦੀ ਪਰੰਪਰਾ, ‘ਪਹਿਲੇ ਪੰਗਤ ਪਾਛੇ ਸੰਗਤ’ ਤਹਿਤ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਪਹਿਲਾਂ ਆਮ ਲੋਕਾਂ ਦੇ ਨਾਲ ਪੰਗਤ ਵਿੱਚ ਬੈਠ ਲੰਗਰ ਛਕਿਆ। ਉਸ ਸਮੇਂ ਵੀ ਸ੍ਰੀ ਗੁਰੂ ਅਮਰਦਾਸ ਜੀ ਨੇ ਉਸਦੀ ਪੇਸ਼ਕਸ਼ ਨੂੰ ਇਹ ਕਹਿੰਦਿਆਂ ਅਸਵੀਕਾਰ ਕਰ ਦਿੱਤਾ ਸੀ ਕਿ ਇਹ ਲੰਗਰ ਗੁਰੂ ਦੀ ਸੰਗਤ ਦਾ ਹੈ ਤੇ ਉਹੀ ਇਸਨੂੰ ਆਪਣੇ ਦਸਵੰਧ ਨਾਲ ਬਿਨਾਂ ਕਿਸੇ ਰੋਕ-ਟੋਕ ਦੇ ਚਲਾਈ ਰਖਣ ਦੇ ਸਮਰਥ ਹੈ। …ਅਤੇ ਇਤਿਹਾਸ ਗੁਆਹ ਹੈ ਕਿ ਅੰਤਹੀਨ ਰੁਕਾਵਟਾਂ ਦੇ ਬਾਵਜੂਦ ਇਹ ਲੰਗਰ ਨਿਰੰਤਰ ਚਲਦਾ ਰਿਹਾ। ਉਸ ਸਮੇਂ ਵੀ ਮਠਾ ਨਹੀਂ ਪਿਆ ਜਦੋਂ ਸਿੱਖਾਂ ਨੂੰ ਆਪਣੇ, ਆਦਰਸ਼ਾਂ ਦੀ ਰਖਿਆ ਪੁਰ ਪਹਿਰਾਂ ਦਿੰਦਿਆਂ ਗਰੀਬ-ਮਜ਼ਲੂਮ ਦੀ ਰਖਿਆਂ ਅਤੇ ਜਬਰ-ਜ਼ੁਲਮ ਦਾ ਨਾਸ ਕਰਨ ਲਈ ਸੰਘਰਸ਼ਾਂ ਵਿੱਚ ਜੁਟੇ ਰਹਿਣ ਦੀ ਵਚਨਬੱਧਤਾ ਦਾ ਪਾਲਣ ਕਰਦਿਆਂ, ਜੰਗਲਾਂ ਵਿੱਚ ਸ਼ਰਨ ਲੈ, ਦਿਨ ਕਟੀ ਕਰਨੀ ਪੈ ਰਹੀ ਸੀ। ਇਤਿਹਾਸ ਅਨੁਸਾਰ ਉਸ ਸਮੇਂ ਵੀ ਜਦੋਂ ਲੰਗਰ ਤਿਆਰ ਹੁੰਦਾ ਤਾਂ ਉਹ ਉਚੀ ਅਵਾਜ਼ ਵਿੱਚ ਹੋਕਾ ਦੇ ਸਦਾ ਦਿੰਦੇ ‘ਹੈ ਕੋਈ ਭੁਖਾ, ਗੁਰੂ ਕਾ ਲੰਗਰ ਤਿਆਰ ਹੈ’। ਅਜਿਹੇ ਸਮੇਂ ਜੇ ਕੋਈ ਭੁਖਾ ਉਨ੍ਹਾਂ ਦਾ ਦੁਸ਼ਮਣ ਵੀ ਆ ਜਾਂਦਾ ਤਾਂ ਉਹ ਉਸਨੂੰ ਪਹਿਲਾਂ ਲੰਗਰ ਛਕਾਂਦੇ, ਬਾਅਦ ਵਿੱਚ ਆਪ ਛਕਦੇ।
ਅੱਜ ਵੀ ਸੋਸ਼ਲ-ਮੀਡੀਆ ਪੁਰ ਕਈ ਅਜਿਹੀਆਂ ਪੋਸਟਾਂ ਵੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿੱਚ ਕਈ ਸਿੱਖ ਬਜ਼ੁਰਗ, ਅਪੰਗ ਅਤੇ ਸ਼ਕਤੀਹੀਨ ਸਿੱਖ ਛੋਟਾ-ਮੋਟਾ ਸਾਮਾਨ ਵੇਚ, ਆਪਣਾ ਪੇਟ ਪਾਲਦੇ ਵਿਖਾਈ ਦਿੰਦੇ ਹਨ। ਜਦੋਂ ਉਨ੍ਹਾਂ ਪਾਸੋਂ ਅਜਿਹੀ ਹਾਲਤ ਵਿੱਚ ਵੀ ਮਿਹਨਤ-ਮਜ਼ਦੂਰੀ ਕਰ ਪੇਟ ਪਾਲਣ ਬਾਰੇ ਪੁਛਿਆ ਜਾਦਾ ਹੈ, ਤਾਂ ਉਹ ਬੜੇ ਮਾਣ ਨਾਲ ਦਸਦੇ ਹਨ ਕਿ ਉਹ ‘ਸਿੱਖ’ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਮੰਗ ਕਰ ਖਾਣ ਦੀ ਬਜਾਏ, ਦਸਾਂ ਨਹੂੰਆਂ ਦੀ ਕਿਰਤ ਕਰ ਅਤੇ ਵੰਡ ਕੇ ਛਕਣ ਦਾ ਹੁਕਮ ਦਿੱਤਾ ਹੈ। ਇਸ ਕਾਰਣ ਕੋਈ ਵੀ ਸਿੱਖ ਮੰਗਤਾ ਨਹੀਂ ਹੋ ਸਕਦਾ। ਸਿੱਖ ਇਤਿਹਾਸ ਦੀਆਂ ਉਪਰੋਕਤ ਮਾਨਤਾਵਾਂ ਅਤੇ ਸਿੱਖੀ ਜੀਵਨ ਦੀਆਂ ਸੱਚਾਈਆਂ ਸਾਹਮਣੇ ਹੁੰਦਿਆਂ ਹੋਇਆਂ ਇਹ ਸਵਾਲ ਉਠਣਾ ਸੁਭਾਵਕ ਹੈ ਕਿ ਕੀ ਸਿੱਖਾਂ ਦੀ ਧਾਰਮਕ, ਸਿਧਾਂਤਕ ੳਤੇ ਵਿਚਾਰਕ ਪ੍ਰਤੀਨਿਧਤਾ ਕਰਨ ਅਤੇ ਸਿੱਖੀ ਦੀਆਂ ਸਥਾਪਤ ਮਾਣ-ਮਰਿਆਦਾਵਾਂ ਦੀ ਰਖਿਆ ਕਰਨ ਦੀਆਂ ਦਾਅਵੇਦਾਰ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਦੇ ਮੁਖੀਆਂ ਵਲੋਂ (ਭਿਖਾਰੀਆਂ ਵਾਂਗ) ਗੁਰੂ ਕੇ ਲੰਗਰ ਲਈ ਸਰਕਾਰੀ ਅਨੁਦਾਨ (ਦਾਨ) ਦੀ ਮੰਗ ਕਰਨਾ ਤੇ ਸਰਕਾਰੀ ਵਿੱਤੀ ਸਹਾਇਤਾ (ਦਾਨ) ਪ੍ਰਾਪਤ ਕਰਨਾ ਸਿੱਖ ਧਰਮ ਦੇ ਸਿਧਾਂਤਾਂ ਅਤੇ ਸਥਾਪਤ ਮਾਨਾਵਾਂ ਦੇ ਅਨੁਕੂਲ ਹੋਵੇਗਾ?
…ਅਤੇ ਅੰਤ ਵਿੱਚ : ਜੇ ਸਿੱਖ ਸੰਸਥਾਵਾਂ ਵਲੋਂ ਅਜਿਹਾ ਕੋਈ ਅਨੁਦਾਨ ਜਾਂ ਦਾਨ ਪ੍ਰਾਪਤ ਕੀਤਾ ਜਾਂਦਾ ਹੈ, ਤਾਂ ਕੀ ਇਨ੍ਹਾਂ ਵਲੋਂ ਚਲਾਇਆ ਜਾ ਰਿਹਾ ਲੰਗਰ ‘ਗੁਰੂ ਕਾ ਲੰਗਰ’ ਅਖਵਾ ਸਕੇਗਾ? ਉਹ ਤਾਂ ਸਰਕਾਰੀ ਅਨੁਦਾਨ (ਦਾਨ) ਦੇ ਸਹਾਰੇ ਚਲਣ ਵਾਲਾ ‘ਸਰਕਾਰੀ ਸੇਵਾ ਭੋਜ’ ਹੀ ਅਖਵਾਇਗਾ! ਕੀ ਸਿੱਖ-ਜਗਤ ਆਪਣੇ ਆਤਮ-ਸਨਮਾਨ ਪੁਰ ਇਤਨੀ ਗਹਿਰੀ ਸੱਟ ਸਹਿਣ ਲਈ ਤਿਆਰ ਹੋ ਪਾਇਗਾ?
———-000———–
ਮੋਬਾਈਲ: + 91 95 82 71 98 90

LEAVE A REPLY

Please enter your comment!
Please enter your name here