ਨਵੀਂ ਦਿੱਲੀ 

ਸੀਰੀਆ ‘ਚ ਇੰਨੀ ਦਿਨੀਂ ਚੱਲ ਰਹੇ ਘਟਨਾਕ੍ਰਮ ਤੋਂ ਪੂਰੀ ਦੁਨੀਆ ਜਾਣੂ ਹੈ। ਇਮਾਰਤਾਂ ਢਾਹੀਆਂ ਜਾ ਰਹੀਆਂ ਹਨ। ਨਸਲਾਂ ਤਬਾਹ ਹੋ ਰਹੀਆਂ ਹਨ। ਲੱਖਾਂ ਬੇਕਸੂਰ ਲੋਕ ਘਰੋਂ ਬੇਘਰ ਹੋ ਗਏ ਹਨ। ਮਾਸੂਮ ਬੱਚੇ, ਔਰਤਾਂ ਤੇ ਬਜ਼ੁਰਗ ਤੜਫ ਰਹੇ ਹਨ। ਪਰ ਸੱਤਾ ‘ਤੇ ਕਾਬਿਜ਼ ਸ਼ਖਸ ਦਾ ਦਿਲ ਆਪਣੇ ਮੁਲਕ ਦੇ ਲੋਕਾਂ ਦੀ ਬਰਬਾਦੀ ਦਾ ਖੌਫਨਾਕ ਮੰਜ਼ਰ ਦੇਖ ਕੇ ਵੀ ਨਹੀਂ ਪਸੀਜ ਰਿਹਾ ਹੈ। ਉਸ ਨੇ ਆਪਣੀ ਹਕੂਮਤ ਬਚਾਉਣ ਦੇ ਲਈ ਪੂਰੀ ਦੁਨੀਆ ਨੂੰ ਜੰਗ ਦੇ ਲਈ ਮਜਬੂਰ ਕਰ ਦਿੱਤਾ ਹੈ। ਜਿਸ ਤੋਂ ਬਾਅਦ 24 ਸਾਲ ਪੁਰਾਣੇ ਉਸ ਹਾਦਸੇ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ, ਜਿਸ ਨੇ ਬਸ਼ਰ ਅਲ ਅਸਦ ਨੂੰ ਸੀਰੀਆ ਦੀ ਸੱਤਾ ਦੇ ਸਿਖਰ ਤੱਕ ਪਹੁੰਚਾ ਦਿੱਤਾ।
1994 ‘ਚ ਹੋਈ ਸੀ ਬਸ਼ਰ ਦੇ ਵੱਡੇ ਭਰਾ ਦੀ ਮੌਤ
ਬਸ਼ਰ ਅਲ ਅਸਦ ਨੂੰ ਸੀਰੀਆ ਦੀ ਸੱਤਾ ਵਿਰਾਸਤ ‘ਚ ਮਿਲੀ ਹੈ। ਅਸਦ ਉਸ ਪਰਿਵਾਰ ਦਾ ਮੈਂਬਰ ਹੈ, ਜੋ ਦਹਾਕਿਆਂ ਤੱਕ ਇਸ ਦੇਸ਼ ‘ਤੇ ਰਾਜ ਕਰ ਚੁੱਕਾ ਹੈ। ਅਸਦ ਦੇ ਪਿਤਾ ਹਾਫਿਜ਼ ਅਲ ਅਸਦ ਨੇ 1971 ਤੋਂ ਸਾਲ 2000 ਤੱਕ ਇਸ ਮੁਲਕ ‘ਤੇ ਅਧਿਕਾਰ ਕੀਤਾ। ਹਾਫਿਜ਼ ਅਲ ਅਸਦ ਤੋਂ ਬਾਅਦ ਇਸ ਸਿਆਸੀ ਵਿਰਾਸਤ ਦਾ ਜ਼ਿੰਮਾ ਉਨ੍ਹਾਂ ਦੇ ਵੱਡੇ ਬੇਟੇ ਬਾਸਿਲ ਅਲ ਅਸਦ ਨੂੰ ਮਿਲਣਾ ਸੀ। ਪਰ ਸਾਲ 1994 ‘ਚ ਉਨ੍ਹਾਂ ਦੀ ਇਕ ਸੜਕ ਹਾਦਸੇ ‘ਚ ਮੌਤ ਹੋ ਗਈ। ਇਹੀ ਹਾਦਸਾ ਬਸ਼ਰ ਅਲ ਅਸਦ ਦੇ ਸਿਆਸਤ ‘ਚ ਆਉਣ ਦਾ ਸਬਬ ਬਣਿਆ।
ਭਰਾ ਦੀ ਮੌਤ ਤੋਂ ਬਾਅਦ ਮਿਲੀ ਜ਼ਿੰਮੇਦਾਰੀ
ਹਾਫਿਜ਼ ਅਲ ਅਸਦ ਦੇ 6 ਬੱਚਿਆਂ ‘ਚੋਂ ਬਸ਼ਰ ਅਲ ਅਸਦ ਤੀਜੇ ਨੰਬਰ ‘ਤੇ ਪੈਦਾ ਹੋਏ। ਪਰਿਵਾਰ ‘ਚ ਸਭ ਤੋਂ ਵੱਡੀ ਉਨ੍ਹਾਂ ਦੀ ਭੈਣ ਹੈ, ਬਸ਼ਰ ਤੋਂ ਵੱਡੇ ਭਰਾ ਬਾਸਿਲ ਅਲ ਅਸਦ ਦੀ ਸੜਕ ਹਾਦਸੇ ‘ਚ ਮੌਤ ਹੋ ਚੁੱਕੀ ਹੈ। ਹਾਫਿਜ਼ ਅਲ ਅਸਦ ਦੇ ਵੱਡੇ ਬੇਟੇ ਬਾਸਿਲ ਨੂੰ ਉਨ੍ਹਾਂ ਦਾ ਸਿਆਸੀ ਉੱਤਰਾਧਿਕਾਰੀ ਮੰਨਿਆ ਜਾਂਦਾ ਸੀ। ਉਹ ਰਾਸ਼ਟਰਪਤੀ ਦੀ ਸੁਰੱਖਿਆ ਦੇ ਚੀਫ ਸਨ ਤੇ ਫੌਜੀ ਵਰਦੀ ‘ਚ ਹੀ ਦਿਖਾਈ ਦਿੰਦੇ ਸਨ। ਸਾਲ 1994 ‘ਚ ਇਕ ਕਾਰ ਹਾਦਸੇ ‘ਚ ਬਾਸਿਲ ਦੀ ਮੌਤ ਹੋ ਗਈ ਤੇ ਸਾਰੀ ਸਿਆਸੀ ਜ਼ਿੰਮੇਦਾਰੀਆਂ ਬਾਸਿਲ ਦੇ ਛੋਟੇ ਭਰਾ ਬਸ਼ਰ ਅਲ ਅਸਦ ਨੂੰ ਸੌਂਪ ਦਿੱਤੀਆਂ ਗਈਆਂ।
ਬਸ਼ਰ ਅਲ ਅਸਦ ਦੀ ਜ਼ਿੰਦਗੀ
ਬਸ਼ਰ ਅਲ ਅਸਦ ਸੀਰੀਆ ਤੋਂ ਹੀ ਗ੍ਰੇਜੁਏਟ ਹੋਏ ਹਨ। ਉਨ੍ਹਾਂ ਨੇ ਦਮਿਸ਼ਕ ਯੂਨੀਵਰਸਿਟੀ ਤੋਂ 1988 ‘ਚ ਮੈਡੀਕਲ ਦੀ ਪੜਾਈ ਕੀਤੀ ਸੀ। ਇਸ ਤੋਂ ਬਾਅਦ ਉੱਚ ਸਿੱਖਿਆ ਦੇ ਲਈ ਉਹ ਲੰਡਨ ਚਲੇ ਗਏ ਸਨ। ਜਦੋਂ ਬਾਸਿਲ ਦੀ ਮੌਤ ਹੋਈ ਤਾਂ ਉਸ ਵੇਲੇ ਬਸ਼ਰ ਲੰਡਨ ‘ਚ ਹੀ ਸਨ। ਮੀਡੀਆ ਰਿਪੋਰਟਸ ਦੇ ਮੁਤਾਬਕ ਸਿਆਸਤ ‘ਚ ਬਸ਼ਰ ਦੀ ਕੋਈ ਖਾਸ ਦਿਲਚਸਪੀ ਨਹੀਂ ਸੀ ਪਰ ਬਾਸਿਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਵਾਪਸ ਸੀਰੀਆ ਬੁਲਾ ਲਿਆ।
ਪਿਤਾ ਦੀ ਮੌਤ ਤੋਂ ਬਾਅਦ ਬਣੇ ਰਾਸ਼ਟਰਪਤੀ
ਬਸ਼ਰ ਅਲ ਅਸਦ ਦੇ ਸੀਰੀਆ ਪਰਤਣ ‘ਤੇ ਉਨ੍ਹਾਂ ਨੂੰ ਪਹਿਲਾਂ 1994 ‘ਚ ਹੀ ਟੈਂਕ ਬਟਾਲੀਅਨ ਦਾ ਕਮਾਂਡਰ ਬਣਾਇਆ ਗਿਆ। ਇਸ ਤੋਂ ਬਾਅਦ 1997 ਉਹ ਲੈਫਟੀਨੈਂਟ ਕਰਨਲ ਬਣੇ ਤੇ 1999 ‘ਚ ਉਨ੍ਹਾਂ ਨੂੰ ਕਰਨਲ ਬਣਾ ਦਿੱਤਾ ਗਿਆ। ਸਾਲ 2000 ‘ਚ ਬਸ਼ਰ ਦੇ ਪਿਤਾ ਹਾਫਿਜ਼ ਅਲ ਅਸਦ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰਕ ਸੱਤਾ ਨੂੰ ਸੰਭਾਲਣ ਦੀ ਜ਼ਿੰਮੇਦਾਰੀ ਬਸ਼ਰ ਨੇ ਚੁੱਕੀ ਤੇ ਸਾਲ 2000 ‘ਚ ਹੀ ਬਸ਼ਰ ਅਲ ਅਸਦ ਸੀਰੀਆ ਦੇ ਰਾਸ਼ਟਰਪਤੀ ਬਣ ਗਏ। ਅੱਜ 18 ਸਾਲ ਬਾਅਦ ਵੀ ਬਸ਼ਰ ਸੱਤਾ ਦੇ ਸਿਖਰ ‘ਤੇ ਕਾਬਿਜ਼ ਹਨ । 2011 ਦੀ ਅਰਬ ਕ੍ਰਾਂਤੀ ਵੀ ਉਨ੍ਹਾਂ ਦੀ ਕੁਰਸੀ ਨਹੀਂ ਹਿਲਾ ਸਕੀ। ਇਹ ਉਨ੍ਹਾਂ ਦੀ ਤਾਕਤ ਦਾ ਹੀ ਨਤੀਜਾ ਹੈ ਕਿ 74 ਫੀਸਦੀ ਸੁੰਨੀ ਮੁਸਲਮਾਨ ਅਬਾਦੀ ਵਾਲੇ ਸੀਰੀਆ ‘ਚ 10 ਫੀਸਦੀ ਤੋਂ ਘੱਟ ਆਬਾਦੀ ਵਾਲੇ ਸ਼ਿਆ ਭਾਈਚਾਰੇ ਦੇ ਬਸ਼ਰ ਅਲ ਅਸਦ ਲਗਾਤਾਰ ਰਾਜ ਕਰ ਰਹੇ ਹਨ। ਚਾਰ ਦਹਾਕਿਆਂ ਤੋਂ ਚੱਲੀ ਆ ਰਹੀ ਇਸ ਸੱਤਾ ਨੂੰ ਬਚਾਉਣ ਦੇ ਲਈ ਉਨ੍ਹਾਂ ਨੇ ਸੀਰੀਆ ਨੂੰ ਜੰਗ ਦਾ ਅਖਾੜਾ ਬਣਾ ਦਿੱਤਾ ਹੈ। ਜਿਥੇ ਦੁਨੀਆ ਦੇ ਦੋ ਤਾਕਤਵਰ ਗੁੱਟ ਆਪਸ ‘ਚ ਜ਼ੋਰ ਅਜ਼ਮਾ ਰਹੇ ਹਨ ਤੇ ਸੀਰੀਆ ਦੀ ਧਰਤੀ ‘ਤੇ ਪੈਦਾ ਹੋਏ ਬੇਕਸੂਰਾਂ ਨੂੰ ਕਬਰ ਤੱਕ ਨਸੀਬ ਨਹੀਂ ਹੋ ਰਹੀ।

LEAVE A REPLY

Please enter your comment!
Please enter your name here