ਸਾਡੀਆਂ ਪੁਰਾਤਨ ਸੁਆਣੀਆਂ ਦੇ ਕੱਪੜੇ ਤਿਆਰ ਕਰਨ ਤੱਕ ਦੀ ਬਹੁਤ ਮਿਹਨਤ ਤੇ ਘਾਲਣਾ ਇਸ ਚਰਖੇ  ਰਾਹੀਂ ਨੇਪਰੇ ਚੜ੍ਹਦੀ ਸੀ । ਪਹਿਲਾਂ ਕਪਾਹ ਤੋਂ ਵੇਲਣੇ ਰਾਹੀਂ ਨੂੰ ਵੇਲ ਕੇ ਪਿੰਜਾਈ ਜਾਂਦੀ ਸੀ ਫਿਰ ਔਰਤਾਂ ਇਕੱਠੀਆਂ  ਹੋ ਕੇ ਕਾਨੇ ਦੀਆਂ ਸਲਾਈਆਂ ਨਾਲ ਪੂਣੀਆਂ ਵੱਟਦੀਆਂ ਸੀ ਫਿਰ ਚਰਖੇ ਤਿਆਰ ਕਰਕੇ ਕੋਲ ਗੁੜ ਦੀ ਰੋੜੀ ਰੱਖ ਕੇ ਸ਼ਗਨ ਵਿਚਾਰ ਕੇ ਪੂਣੀਆਂ ਦਾ ਛੱਜ ਭਰ ਕੇ ਰੱਖਿਆਂ ਜਾਂਦਾ ਛੱਜ ੱਿਚ ਚਾਰ-ਚਾਰ ਪੂਣੀਆਂ ਦੇ ਗੁੱਡੇ ਰੱਖੇ ਜਾਂਦੇ ਤੇ ਇੱਕ-ਇੱਕ ਗੁੱਡਾ ਕੱਤਣ ਲਈ ਵੰਡ ਦਿੰਦੀ ਫਿਰ ਸਾਰੀਆਂ ਹੱਸਦੀਆਂ ਗਾਉਂਦੀਆਂ ਇੱਕ ਦੂਜੀ ਤੋਂ ਪਹਿਲਾਂ ਆਪਣਾ ਗੁੱਡਾ ਨਬੇੜਨ ਦਾ ਯਤਨ ਕਰਦੀਆਂ। ਫਿਰ ਤੱਕਲੇ ਤੇ ਲੰਮੇ-ਲੰਮੇ ਤੰਦ ਪਾਉਂਦੀਆਂ ਗਲੋਟੇ ਲਾਉਂਦੀਆਂ। ਇੰਨਾ ਗਲੋਟਿਆਂ ਨੂੰ ਕੋਲ ਬੈਠੀ ਕੋਈ ਬਜ਼ੁਰਗ ਔਰਤ ਅਟੇਰਨ ਨਾਲ ਅਟੇਰਦੀ ਰਹਿੰਦੀ। ਅਟੇਰੇ ਹੋਏ ਸੂਤ ਨੂੰ ਆਪਣੇ ਮਨ ਪਸੰਦ ਦਾ ਰੰਗ ਲੈ ਕੇ ਰੰਗਦੀਆਂ ਜਿਸ ਤੋਂ ਦਰੀਆਂ ਖੇਸ ਟੋਟੇ, ਫੁਲਕਾਰੀਆਂ, ਮੰਜੇ ਆਦਿ ਤਿਆਰ ਕਰਦੀਆਂ। ਜ਼ਿਆਦਾਤਰ ਲੋਕ ਆਪਣੇ ਕੱਪੜੇ ਵੀ ਸੂਤ ਤੋਂ ਘਰੇ ਬਣਾਏ ਖੱਦਰ ਨੂੰ ਰੰਗ ਕੇ ਹੀ ਸਿਲਾਈ ਕਰਕੇ ਪਾਉਂਦੇ। ਇਹ ਖੱਦਰ ਗਰਮੀਆਂ ਵਿੱਚ ਠੰਡਾ ਤੇ ਸਰਦੀਆਂ ਵਿੱਚ ਨਿੱਘਾ ਰਹਿੰਦਾ। ਹੁਣ ਚਰਖੇ ਦੇ ਨਾਲ ਨਾਲ ਚਰਖੇ ਦੇ ਸੂਤ ਤੋਂ ਤਿਆਰ ਬਸਤਰ ਵੀ ਅਲੋਪ ਹੋ ਗਏ। ਚਰਖੇ ਦਾ ਸਾਰਾ ਕੰਮ ਵੱਡੀਆਂ ਵੱਡੀਆਂ ਮਸ਼ੀਨਾ ਅਤੇ ਕਾਰਖਾਨਿਆਂ ਨੇ ਲੈ ਕੇ ਚਰਖੇ ਵਿਚਾਰੇ ਦਾ ਨਾਮ ਨਿਸ਼ਾਨ ਹੀ ਮਿਟਾ ਦਿੱਤਾ। ਚਰਖਾ ਤਾਂ ਹੁਣ ਸੁਪਨਾ ਬਣ ਕੇ ਰਹਿ ਗਿਆ ਹੈ। ਹੁਣ ਚਰਖਾ ਪੁਰਾਤਨ ਸੱਭਿਆਚਾਰ ਚੀਜ਼ਾਂ ਸੰਭਾਲੀ ਬੈਠੇ ਅਜਾਇਬ ਘਰ ਦਾ ਸ਼ਿੰਗਾਰ ਹੋ ਗਿਆ ਹੈ। ਪਰ ਸਾਡੇ ਲੋਕ ਗੀਤਾਂ ਵਿੱਚ ਹਮੇਸ਼ਾ ਇਸਦੀ ਘੂਕ ਸੁਣਦੀ ਰਹੇਗੀ-
“ਸੁਣ ਚਰਖੇ ਦੀ ਮਿੱਠੀ-ਮਿੱਠੀ ਹੂਕ
ਮਾਹੀਆਂ ਮੈਨੂੰ ਯਾਦ ਆਵਦਾਂ…”

ਚੱਕਣਾ ਵੀ ਭੁੱਲ ਗਈ
ਤੇ ਰੱਖਣਾ ਵੀ ਭੁੱਲ ਗਈ
ਕਹਿੰਦੇ ਨੇ ਗਲੋਟੇ ਕੁੜੀ
ਕੱਤਣਾ ਵੀ ਭੁੱਲ ਗਈ
ਤੰਦ ਤੱਕਲੇ ਤੇ ਰੋਣ ਵਿਚਾਰੇ…
ਨੀ ਚਰਖਾ ਬੋਲ ਪਿਆ
ਬੋਲ ਪਿਆ ਮੁਟਿਆਰੇ…
ਕਦੇ ਸੁਣ ਅੱਲੜੇ ਮੁਟਿਆਰੇ…
ਸਾਡੇ ਲੋਕ ਗੀਤਾਂ ਦਾ ਸਿਰਤਾਜ, ਸਾਡੇ ਪੰਜਾਬੀ ਸੱਭਿਆਚਾਰ ਦੀ ਅਮੀਰੀ, ਸਾਡੇ ਵਿਰਸੇ ਦੀ ਸ਼ਾਨ ਦਾ ਪ੍ਰਤੀਕ ਹੈ ਚਰਖਾ। ਅਜੋਕੇ ਮਸ਼ੀਨੀ ਯੁੱਗ ਵਿੱਚ ਚਰਖਾ ਇੱਕ ਸ਼ੋ-ਪੀਸ ਬਣਕੇ ਹੀ ਰਹਿ ਗਿਆ ਹੈ ਪਰ ਅਸੀਂ ਇਸਨੂੰ ਕਦੇ ਅਣਗੌਲਿਆ ਨੀ ਕਰ ਸਕਦੇ। ਇਸ ਦਾ ਸਾਡੇ ਵੱਡੇ-ਵਡੇਰਿਆਂ ਦੀ ਜ਼ਿੰਦਗੀ ‘ਚ ਅਹਿਮ ਸਥਾਨ ਰਿਹਾ ਹੈ। ਜਿੱਥੇ ਚਰਖਾ ਸਾਨੂੰ ਸਾਝੀਵਾਲਤਾ ਦਾ ਸੰਦੇਸ਼ ਦਿੰਦਾ ਸੀ ਉੱਥੇ ਘਰੇਲੂ ਜ਼ਰੂਰਤਾਂ ਦਾ ਤਾਣਾ-ਬਾਣਾ ਚਰਖੇ ਦੇ ਆਲੇ-ਦੁਆਲੇ ਘੁੰਮਦਾ ਸੀ।
ਹੁਣ ਹਰੇਕ ਕੱਪੜਾ, ਬਿਸਤਰਾ ਤੇ ਹੋਰ ਅਜਿਹਾ ਸਮਾਨ ਜੋ ਘਰ ਵਿੱਚ ਸੂਤ ਤੋਂ ਤਿਆਰ ਹੁੰਦਾ ਸੀ ਬਜ਼ਾਰੋਂ ਬੜੀ ਆਸਾਨੀ ਨਾਲ ਖ੍ਰੀਦ ਸਕਦੇ ਹਾਂ ਪਰ ਪੁਰਾਤਨ ਸਮਿਆਂ ‘ਚ ਚਰਖੇ ਤੋਂ ਹੀ ਸੂਤ ਕੱਤਕੇ ਤਿਆਰ ਕੀਤਾ ਜਾਂਦਾ ਸੀ। ਧੀ ਦੇ ਜੰਮਣ ਤੋਂ ਲੈਕੇ ਵਿਆਹ ਤੱਕ ਉਸਦੇ ਦਹੇਜ਼ ਦੀ ਤਿਆਰੀ ਚ ਮਾਂ ਚਰਖੇ ਨਾਲ ਜੁੜੀ ਰਹਿੰਦੀ ਤੇ ਧੀ ਨੂੰ ਵੀ ਇਹੋ ਕਹਿੰਦੀ ਸੀ ਕਿ ਹੋਰ ਪਾਸੇ ਧਿਆਨ ਦੇਣ ਦੀ ਬਜਾਇ ਉਹ ਚਰਖਾ ਕੱਤੇ, ਜਿਸਦਾ ਸਾਡੇ ਲੋਕ ਗੀਤਾਂ ਵਿੱਚ ਵੀ ਜਿਕਰ ਇਸ ਤਰ੍ਹਾਂ ਆਉਂਦਾ ਹੈ:-
“ਉਠ ਨੀ ਧੀਏ ਸੁੱਤੀਏ ਲੈ ਚਰਖੇ ਦੀ ਸਾਰ ਨੀ
ਪੁੰਨੂੰ ਵਰਗੀਆਂ ਮੂਰਤਾਂ ਤੈਨੂੰ ਲੈ ਦਿਆਂ ਦੋ ਤੋਂ ਚਾਰ ਨੀ”।
ਅੱਗੋਂ ਧੀ ਆਖਦੀ ਹੈ:
“ਅੱਗ ਲੱਗਣ ਤੇਰੀਆਂ ਪੂਣੀਆਂ, ਚਰਖਾ ਦੇਵਾਂ ਤੋੜ ਨੀ
ਪੁੰਨੂੰ ਵਰਗੀਆਂ ਮੂਰਤਾਂ ਮਿਲਣ ਕਿਤੇ ਨਾ ਹੋਰਨ ੀ”।
ਸਾਡੇ ਸਾਂਝੇ ਪਰਿਵਾਰ ਹੋਣ ਕਰਕੇ ਘਰ ਦੀ ਨੂੰਹ ਖੁੱਲ ਕੇ ਬੋਲ ਵੀ ਨਹੀਂ ਸਕਦੀ ਸੀ, ਉਹ ਆਪਣੇ ਮਨ ਦੇ ਹਾਵ-ਭਾਵ ਚਰਖੇ ਕੋਲ ਬੈਠ ਕੇ ਗੁਣ ਗੁਣਾ ਕੇ ਹੀ ਕੱਢਦੀ। ਹਰ ਦੁੱਖ-ਸੁੱਖ ਚਰਖੇ ‘ਤੇ ਤੰਦ ਪਾਉਂਦੀ ਹੀ ਕਰਦੀ। ਜੇ ਕਿਸੇ ਦਾ ਪਤੀ ਪ੍ਰਦੇਸ ਗਿਆ ਹੁੰਦਾ ਤਾਂ ਉਹ ਚਰਖਾ ਕੱਤਦੀ ਇਹ ਗੀਤ ਗਾਉਂਦੀ:-
“ਚਰਖਾ ਮੈਂ ਆਵਦਾ ਕੱਤਾਂ
  ਤੰਦ ਤੇਰੀਆਂ ਯਾਦਾਂ ਦੇ ਪਾਵਾਂ”
ਕੁੜੀਆਂ, ਵਹੁਟੀਆਂ ਤੇ ਬਜ਼ੁਰਗ ਔਰਤਾਂ ਸਾਰੀਆਂ ਇਕੱਠੀਆਂ ਹੋ ਕੇ ਚਰਖੇ ਇੱਕੋ ਥਾਂ ਡਾਹੁੰਦੀਆਂ। ਜਿਸ ਨੂੰ ਤ੍ਰਿਝਣ ਆਖਦੇ ਸੀ। ਪਿੰਡਾਂ ਵਿੱਚ ਬਣੇ ਵੱਡੇ ਵੱਡੇ ਦਲਾਨਾ ਵਿੱਚ ਸਾਰੀਆਂ ਸੁਆਣੀਆਂ ਚਰਖੇ ਕੱਤਦੀਆਂ, ਹਾਸੇ ਠੱਠੇ ਕਰਦੀਆਂ ਗੀਤ ਗਾਉਂਦੀਆਂ। ਕੋਈ ਕੁੜੀ ਸਹੁਰੀਂ ਬੈਠੀ ਸਹੇਲੀਆਂ ਨੂੰ ਯਾਦ ਕਰਦੀ ਆਪਣੇ ਵੀਰ ਨੂੰ ਸਨੇਹੇ ਦਿੰਦੀ।
ਛੱਲੀਆਂ……ਛੱਲੀਆਂ……
ਵੀਰਾ ਮੈਨੂੰ ਲੈ ਚੱਲੇ ਵੇ
ਮੇਰੀਆਂ ਕੱਤਣ ਸਹੇਲੀਆਂ ‘ਕੱਲੀਆਂ
ਅੱਗੋਂ ਵੀਰ ਆਖਦਾ:-
ਝਾਂਵੇਂ……ਝਾਂਵੇਂ……
ਭੈਣੇ ਤੇਰੀ ਸੱਸ ਡਾਹਢੀ
ਮੇਰੀ ਪੇਸ਼ ਕੋਈ ਨਾ ਜਾਵੇ।
 

NO COMMENTS

LEAVE A REPLY