ਸਤਿੰਦਰ ਸਰਤਾਜ ਇੱਕ ਅਜਿਹੀ ਸ਼ਖ਼ਸੀਅਤ ਹੈ ਜਿਸਦਾ ਨਾਮ ਸੁਣ ਕੇ ਹੀ ਮਨ ਵਿੱਚ ਸੂਫ਼ੀ ਤੇ ਸੁਚੱਜੀ ਗਾਇਕੀ ਦਾ ਖਿਆਲ ਆ ਜਾਂਦਾ ਹੈ। ਉਹ ਹਰ ਵਾਰ ਇੱਕ ਅਲੱਗ ਅੰਦਾਜ਼ ਵਿੱਚ ਗੀਤ ਲੈ ਕੇ ਆਉਂਦਾ ਹੈ ਤੇ ਲੋਕਾਂ ਨੂੰ ਸੋਚਣ ’ਤੇ ਮਜਬੂਰ ਕਰ ਦਿੰਦਾ ਹੈ ਕਿ ਅਜਿਹੀ ਸੁਚੱਜੀ ਗਾਇਕੀ ਹਾਲੇ ਵੀ ਜਿਊਂਦੀ ਹੈ ਤੇ ਲੋਕ ਉਸਨੂੰ ਸੁਣਨਾ ਪਸੰਦ ਕਰਦੇ ਹਨ। ਪੇਸ਼ ਹਨ ਸਤਿੰਦਰ ਸਰਤਾਜ ਨਾਲ ਉਸਦੀ ਗਾਇਕੀ ਸਬੰਧੀ ਹੋਈ ਗੱਲਬਾਤ ਦੇ ਅੰਸ਼:
-ਤੁਹਾਡੀ ਗਾਇਕੀ ਦੇ ਲੋਕ ਕਾਇਲ ਹਨ, ਤੁਸੀਂ ਕਦੀਂ ਪੋਪ ਗਾਇਕੀ ਬਾਰੇ ਲਿਖਣ ਜਾਂ ਗਾਉਣ ਬਾਰੇ ਕਿਉਂ ਨਹੀਂ ਸੋਚਿਆ?
– ਮੈਂ ਪੋਪ ਗਾਉਂਦਾ ਚੰਗਾ ਹੀ ਨਹੀਂ ਲੱਗਣਾ ਤੇ ਨਾ ਮੈਂ ਇਹੋ ਜਿਹੇ ਮਾਹੌਲ ਵਿੱਚੋਂ ਆਇਆ ਹਾਂ ਜਿੱਥੇ ਮੈਂ ਇਹ ਸਿੱਖਿਆ ਹੋਵੇ ਕਿ ਕੁਝ ਵੀ ਲਿਖ ਦਿਓ ਤੇ ਕੁਝ ਵੀ ਗਾ ਦਿਓ। ਮੈਂ ਸਾਹਿਤ ਬਹੁਤ ਪੜ੍ਹਿਆ ਹੈ ਤੇ ਮੇਰੇ ਮੁਤਾਬਿਕ ਇਹ ਤੁਹਾਡੀ ਜ਼ਿੰਦਗੀ ’ਤੇ ਬਹੁਤ ਪ੍ਰਭਾਵ ਪਾਉਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਪੜ੍ਹਨਾ ਤੇ ਸੁਣਨਾ ਪਸੰਦ ਕਰਦੇ ਹੋ। ਇਸ ਲਈ ਸਾਹਿਤ ਤੋਂ ਮੈਂ ਹਮੇਸ਼ਾਂ ਸੁਚੱਜਾ ਗਾਉਣਾ ਤੇ ਲਿਖਣਾ ਹੀ ਸਿੱਖਿਆ।
-ਤੁਸੀਂ ਹਮੇਸ਼ਾਂ ਆਪਣੇ ਲਿਖੇ ਗੀਤ ਗਾਉਂਦੇ ਹੋ, ਕਦੀਂ ਹੋਰਾਂ ਦੇ ਲਿਖੇ ਗੀਤ ਗਾਉਣ ਬਾਰੇ ਸੋਚਿਆ?
– ਮੈਨੂੰ ਕਦੀਂ ਲੋੜ ਹੀ ਨਹੀਂ ਪਈ ਤੇ ਨਾ ਮਹਿਸੂਸ ਹੋਈ। ਆਪਣੇ ਲਿਖੇ ਹੋਏ ਗੀਤਾਂ ਵਿੱਚ ਹੀ ਮੈਨੂੰ ਬਹੁਤ ਸਕੂਨ ਮਿਲ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਜੇ ਮੈਂ ਕਿਸੇ ਹੋਰ ਦੇ ਲਿਖੇ ਗੀਤ ਗਾਵਾਂਗਾ ਤਾਂ ਸਹਿਜ ਮਹਿਸੂਸ ਨਹੀਂ ਕਰਾਂਗਾ।
-ਤੁਹਾਨੂੰ ਲੱਗਦਾ ਹੈ ਕਿ ਗੀਤਾਂ ਦੇ ਬੋਲਾਂ ਦਾ ਲੋਕਾਂ ‘ਤੇ ਅਸਰ ਪੈਂਦਾ ਹੈ?
– ਹਾਂ, ਮੈਂ ਇਸ ਨਾਲ ਬਿਲਕੁਲ ਸਹਿਮਤ ਹਾਂ, ਗੀਤਾਂ ਦੇ ਬੋਲਾਂ ਦਾ ਲੋਕਾਂ ਦੇ ਮਨਾਂ ਉੱਤੇ, ਉਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਅਸਰ ਪੈਂਦਾ ਹੈ। ਤੁਸੀਂ ਖ਼ੁਦ ਸੋਚੋ ਜਦੋਂ ਮਾਰਕੀਟ ਵਿੱਚ ਨਵੇਂ ਕੱਪੜਿਆਂ ਦਾ ਫੈਸ਼ਨ ਆਉਂਦਾ ਹੈ ਤਾਂ ਲੋਕ ਉਸ ਤੋਂ ਪ੍ਰਭਾਵਿਤ ਹੋ ਕੇ ਉਹੋ ਜਿਹੇ ਕੱਪੜੇ ਖ਼ਰੀਦਣੇ ਸ਼ੁਰੂ ਕਰ ਦਿੰਦੇ ਹਨ ਤਾਂ ਫਿਰ ਗੀਤਾਂ ਦਾ ਅਸਰ ਕਿਉਂ ਨਹੀਂ ਪਵੇਗਾ।
-ਪਰ ਜਿਵੇਂ ਅੱਜਕੱਲ੍ਹ ਗੱਲ ਚੱਲ ਰਹੀ ਹੈ ਕਿ ਗਾਇਕਾਂ ਨੂੰ ਭੜਕਾਊ ਗੀਤ ਨਹੀਂ ਗਾਉਣੇ ਚਾਹੀਦੇ। ਤੁਸੀਂ ਉਸ ’ਤੇ ਕੀ ਕਹੋਗੇ?
– ਦੇਖੋ ਗੀਤ ਸੁਣਦਾ ਕੌਣ ਹੈ… ਅਸੀਂ ਲੋਕ ਹੀ ਸੁਣਦੇ ਹਾਂ। ਜੇ ਕੋਈ ਗੀਤ ਕਿਸੇ ਦੀ ਗੱਡੀ, ਟੈਕਸੀ, ਆਟੋ, ਬੱਸ ਵਿੱਚ ਚੱਲ ਰਿਹਾ ਹੈ ਤਾਂ ਇਸਦਾ ਸਾਫ਼-ਸਾਫ਼ ਮਤਲਬ ਹੈ ਕਿ ਲੋਕ ਉਸ ਗੀਤ ਨੂੰ ਪਸੰਦ ਕਰ ਰਹੇ ਹਨ, ਉਸਦੀ ਮੰਗ ਵਧਾ ਰਹੇ ਹਨ। ਅਜਿਹੇ ਗੀਤ ਉਦੋਂ ਹੀ ਬੰਦ ਹੋਣਗੇ ਜਦੋਂ ਅਸੀਂ ਇਹੋ-ਜਿਹੇ ਭੜਕਾਊ ਗੀਤਾਂ ਨੂੰ ਸੁਣਨਾ ਬੰਦ ਕਰਾਂਗੇ। ਸਾਨੂੰ ਆਪਣੇ ਆਪ ਬਹੁਤ ਕੁਝ ਕਰਨ ਦੀ ਲੋੜ ਹੈ ਜੋ ਅਸੀਂ ਨਹੀਂ ਕਰ ਰਹੇ।
-ਸੋਸ਼ਲ ਮੀਡੀਆ ਨੂੰ ਲੈ ਕੇ ਤੁਸੀਂ ਕਿੰਨੇ ਕੁ ਸੰਜੀਦਾ ਹੋ?
-ਮੈਨੂੰ ਸੋਸ਼ਲ ਮੀਡੀਆ ਦਾ ਕੋਈ ਖ਼ਾਸ ਸ਼ੌਕ ਨਹੀਂ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾਂ ਸਟੇਜ ’ਤੇ ਲਾਈਵ ਗਾਇਕੀ ਨੂੰ ਵੱਧ ਤਵੱਜੋ ਦਿੱਤੀ ਹੈ। ਕਦੀਂ ਇਹ ਨਹੀਂ ਸੋਚਿਆ ਕਿ ਆਪਣੇ ਗੀਤ ਨੂੰ ਸੋਸ਼ਲ ਮੀਡੀਆ ਰਾਹੀਂ ਵੱਧ ਲੋਕਾਂ ਤਕ ਪਹੁੰਚਾਵਾਂ। ਜਦੋਂ ਮੇਰਾ ਗੀਤ ਆਉਂਦਾ ਹੈ ਤਾਂ ਇੰਨਾ ਜ਼ਰੂਰ ਹੁੰਦਾ ਹੈ ਕਿ ਉਹ ਯੂ-ਟਿਊਬ ’ਤੇ ਪਾ ਦੇਵਾਂ, ਤੇ ਸੱਚ ਜਾਣਿਓ ਮੈਂ ਕਦੀਂ ਇਹ ਵੀ ਨਹੀਂ ਦੇਖਿਆ ਕਿ ਮੇਰੇ ਗੀਤ ਨੂੰ ਕਿੰਨੇ ਲੋਕਾਂ ਨੇ ਦੇਖਿਆ/ਸੁਣਿਆ ਹੈ। ਇੰਸਟਾਗ੍ਰਾਮ ਵੀ ਹੁਣ ਚਲਾਉਣਾ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਆਪਣੇ ਲਾਈਵ ਪ੍ਰੋਗਰਾਮਾਂ ਬਾਰੇ ਦੱਸ ਸਕਾਂ। ਮੈਂ ਹੁਣ ਤਕ ਤੇ ਅੱਗੇ ਵੀ ਹਮੇਸ਼ਾਂ ਲਾਈਵ ਗਾਇਕੀ ਤੇ ਸਟੇਜ ਗਾਇਕੀ ਨੂੰ ਹੀ ਤਵੱਜੋ ਦੇਵਾਂਗਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਲਾਈਵ ਗਾਇਕੀ ਨਾਲ ਤੁਸੀਂ ਲੋਕਾਂ ਨੂੰ ਆਪਣੇ ਨਾਲ ਜਿੰਨਾ ਜੋੜ ਸਕਦੇ ਹੋ, ਉਹ ਕਿਸੇ ਹੋਰ ਤਰੀਕੇ ਨਾਲ ਨਹੀਂ ਜੋੜ ਸਕਦੇ।
-‘ਦਿ ਬਲੈਕ ਪ੍ਰਿੰਸ’ ਦਾ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਚਾਰ ਕਰਕੇ ਕਿਵੇਂ ਮਹਿਸੂਸ ਹੋਇਆ ਸੀ?
-ਬਹੁਤ ਵਧੀਆ, ਜਦੋਂ ਕਾਨ ਫ਼ਿਲਮ ਫੈਸਟੀਵਲ ਵਿੱਚ ਮੈਂ ਦਸਤਾਰ ਸਜਾ ਕੇ ਗਿਆ ਤਾਂ ਇੱਕ ਅਲੱਗ ਜਿਹਾ ਹੀ ਅਹਿਸਾਸ ਸੀ, ਜੋ ਮੈਂ ਬਿਆਨ ਨਹੀਂ ਕਰ ਸਕਦਾ ਤੇ ਸਭ ਤੋਂ ਵੱਡੀ ਗੱਲ ਮੈਂ ਉਸ ਫ਼ਿਲਮ ਦਾ ਪ੍ਰਚਾਰ ਕਰਨ ਗਿਆ ਸੀ, ਜੋ ਸਾਡੇ ਸਿੱਖ ਇਤਿਹਾਸ ਨਾਲ ਜੁੜੀ ਹੋਈ ਸੀ ਤੇ ਸਾਡੇ ਸਿੱਖ ਰਾਜ ਦੇ ਆਖਿਰੀ ਰਾਜੇ ਮਹਾਰਾਜਾ ਦਲੀਪ ਸਿੰਘ ’ਤੇ ਸੀ। ਮੈਨੂੰ ਖ਼ੁਸ਼ੀ ਸੀ ਕਿ ਪੰਜਾਬੀ ਸਿਨਮਾ ਵਿੱਚ ਕੁਝ ਵੱਖਰਾ ਦੇਖਣ ਤੇ ਕਰਨ ਦਾ ਮੌਕਾ ਮਿਲਿਆ ਹੈ।
-‘ਦਿ ਬਲੈਕ ਪ੍ਰਿੰਸ’ ਜਿੰਨੀ ਵਿਦੇਸ਼ਾਂ ਵਿੱਚ ਚੱਲੀ ਓਨੀ ਪੰਜਾਬ ’ਚ ਨਹੀਂ, ਇਸ ਦਾ ਕੀ ਕਾਰਨ ਰਿਹਾ?
– ਮੈਂ ਇਸ ਗੱਲ ਨਾਲ ਸਹਿਮਤ ਹਾਂ… ਪੰਜਾਬ ਦੇ ਲੋਕਾਂ ਨੇ ਇਸ ਫ਼ਿਲਮ ਨੂੰ ਓਨਾ ਹੁੰਗਾਰਾ ਨਹੀਂ ਦਿੱਤਾ ਜਿੰਨਾ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਦਿੱਤਾ। ਇਸ ਫ਼ਿਲਮ ਨੂੰ ਲੈ ਕੇ ਸਾਡੀ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਸੀ ਤੇ ਮੇਰੇ ਨਾਲ ਸ਼ਬਾਨਾ ਆਜ਼ਮੀ ਵੀ ਸਨ ਜੋ ਕਿ ਇਸ ਫ਼ਿਲਮ ਵਿੱਚ ਮੇਰੇ ਮਾਤਾ ਜੀ ਦਾ ਕਿਰਦਾਰ ਨਿਭਾਅ ਰਹੇ ਸਨ। ਉਨ੍ਹਾਂ ਨੇ ਮੈਨੂੰ ਕਿਹਾ ਕਿ ਸਰਤਾਜ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਫ਼ਿਲਮ ਲੋਕ ਦੇਖਣਗੇ ਤਾਂ ਮੇਰਾ ਇੱਕੋ ਜਵਾਬ ਸੀ ‘ਨਹੀਂ’ ਤਾਂ ਉਨ੍ਹਾਂ ਨੇ ਬਹੁਤ ਹੈਰਾਨਗੀ ਨਾਲ ਮੈਨੂੰ ਪੁੱਛਿਆ ਕਿ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ। ਮੇਰਾ ਜਵਾਬ ਸੀ ਕਿ ਹਾਲੇ ਸਾਡੇ ਪੰਜਾਬ ਦੇ ਦਰਸ਼ਕਾਂ ਨੂੰ ਇਹੋ-ਜਿਹਾ ਵਿਸ਼ਾ ਦੇਖਣ ਤੇ ਸਮਝਣ ਵਿੱਚ ਸਮਾਂ ਲੱਗੇਗਾ ਤੇ ਉੱਤੋਂ ਸਾਡੀ ਇਹ ਫ਼ਿਲਮ ਹੌਲੀ ਸੀ ਤੇ ਘੱਟ ਲੋਕ ਹੀ ਇੰਨੇ ਸਬਰ ਨਾਲ ਕੋਈ ਫ਼ਿਲਮ ਦੇਖ ਸਕਦੇ ਹਨ ਤੇ ਉਹੀ ਗੱਲ ਹੋਈ। ਮੈਂ ਇਸ ਫ਼ਿਲਮ ਨੂੰ ਉਚੇਚੇ ਤੌਰ ’ਤੇ ਪੰਜਾਬੀ ਭਾਸ਼ਾ ਵਿੱਚ ਡੱਬ ਕਰਾਇਆ ਸੀ ਕਿਉਂਕਿ ਮੈਂ ਚਾਹੁੰਦਾ ਸੀ ਕਿ ਆਪਣੇ ਪੰਜਾਬੀ ਇਹ ਫ਼ਿਲਮ ਦੇਖਣ। ਫ਼ਿਲਮ ਨੇ ਯੂਕੇ, ਨਿਊਜ਼ੀਲੈਂਡ ਤੇ ਆਸਟਰੇਲੀਆ ਵਿੱਚ ਬਹੁਤ ਵਧੀਆ ਕੰਮ ਕੀਤਾ ਤੇ ਪੰਜਾਬ ਦਾ ਤੁਹਾਨੂੰ ਪਤਾ ਹੀ ਹੈ।
-ਤੁਸੀਂ ਹੁਣ ਦਰਸ਼ਕਾਂ ਲਈ ਹੋਰ ਕੀ ਲੈ ਕੇ ਆ ਰਹੇ ਹੋ?
– ਮੇਰੇ ਚਾਰ ਗੀਤ ਰਿਲੀਜ਼ ਹੋਣ ਜਾ ਰਹੇ ਹਨ ਤੇ ਮੈਨੂੰ ਉਮੀਦ ਹੈ ਕਿ ਸਰੋਤੇ ਉਨ੍ਹਾਂ ਨੂੰ ਵੀ ਓਨਾ ਹੀ ਪਿਆਰ ਦੇਣਗੇ ਜਿੰਨਾ ਉਨ੍ਹਾਂ ਨੇ ਮੇਰੇ ਹੁਣ ਤਕ ਦੇ ਗੀਤਾਂ ਨੂੰ ਦਿੱਤਾ ਹੈ। ਹਾਲ ਹੀ ਵਿੱਚ ਮੇਰੀ ਐਲਬਮ ‘ਸੀਜ਼ਨਜ਼ ਆਫ ਸਰਤਾਜ’ ਵਿੱਚੋਂ ‘ਨਿਲਾਮੀ’ ਗੀਤ ਰਿਲੀਜ਼ ਹੋਇਆ ਹੈ। ਫ਼ਿਲਮਾਂ ਦੀਆਂ ਵੀ ਪੇਸ਼ਕਸ਼ਾਂ ਆ ਰਹੀਆਂ ਹਨ, ਪਰ ਕੋਸ਼ਿਸ਼ ਇਹੀ ਰਹੇਗੀ ਕਿ ਵਧੀਆ ਕਿਰਦਾਰ ਨਿਭਾਵਾਂ ਜੋ ਮੈਨੂੰ ਵੀ ਤਸੱਲੀ ਦੇਵੇ ਤੇ ਦਰਸ਼ਕਾਂ ਨੂੰ ਵੀ।

LEAVE A REPLY

Please enter your comment!
Please enter your name here