ਸੈਨਾ ਤੇ ਸੈਨਿਕ, ਸੈਨਾ ਕਰਕੇ ਸੈਨਿਕ ਹੈ ਤੇ ਸੈਨਿਕ ਕਰਕੇ ਸੈਨਾ।ਸੈਨਾ ਕਰਕੇ ਚੈਨ ਦੀ ਨੀਂਦ ਹੈ,ਕੁਰਸੀਆਂ ਤੇ ਬੈਠਕੇ ਫੈਸਲੇ ਲੈਣ ਦਾ ਸਮਾਂ, ਕੁਰਸੀਆਂ ਤੇ ਰੁਤਬਿਆਂ ਦਾ ਨਿੱਘ ਵੀ ਇੰਨਾ ਕਰਕੇ ਮਾਣ ਰਹੇ ਹਾਂ।ਬਹੁਤ ਤਕਲੀਫ਼ ਹੁੰਦੀ ਹੈ,ਬਹੁਤ ਦੁੱਖ ਹੁੰਦਾ ਹੈ ਜਦੋਂ ਇੰਨਾ ਪ੍ਰਤੀ ਬੇਰੁਖੀ ਵਿਖਾਈ ਜਾਂਦੀ ਹੈ।ਕਈ ਵਾਰ ਕਈ ਲੋਕਾਂ ਨੂੰ ਏਹ ਕਹਿੰਦੇ ਸੁਣਿਆ ਗਿਆ ਹੈ ਕਿ ਇੰਨਾ ਨੂੰ ਤਨਖਾਹ ਮਿਲਦੀ ਹੈ ਏਸ ਕੰਮ ਦੀ,ਭਰਤੀ ਹੋਣ ਵੇਲੇ ਇੰਨਾ ਨੂੰ ਇਸ ਨੌਕਰੀ ਦੀਆਂ ਤਕਲੀਫਾਂ ਦਾ ਦੱਸਿਆ ਜਾਂਦਾ ਹੈ,ਮੌਤ ਤੇ ਗੋਲੀ ਦਾ ਇੰਨਾ ਨੂੰ ਪਤਾ ਹੁੰਦਾ ਹੈ।ਬਿਲਕੁੱਲ ਪਤਾ ਹੈ ਉਨਾਂ ਨੂੰ, ਆਪਣੀ ਜ਼ੁਮੇਵਾਰੀ ਦਾ ਅਹਿਸਾਸ ਹੈ ਉਨ੍ਹਾਂ ਨੂੰ, ਦੇਸ਼ ਦੇ ਝੰਡੇ ਦਾ ਸਨਮਾਨ ਕਰਨ ਦਾ ਪਤਾ ਹੈ ਇੰਨ੍ਹਾਂ ਨੂੰ।ਇਸੇ ਕਰਕੇ ਝੰਡੇ ਨੂੰ ਉੱਚੀਆਂ ਹਵਾਂਵਾਂ ਵਿੱਚ ਝੂਲਦਾ ਵੇਖਣ ਦੀ ਤਮੰਨਾ ਰੱਖਣ ਵਾਲਾ, ਉਸਦੀ ਸ਼ਾਨ ਖਾਤਰ ਤਰੰਗੇ ਵਿੱਚ ਲਿਪਟਕੇ ਆ ਜਾਂਦਾ ਹੈ।ਉਹ ਆਂਚ ਨਹੀਂ ਆਉਣ ਦਿੰਦਾ, ਕੁਰਬਾਨ ਹੋ ਜਾਂਦਾ ਹੈ ਤੇ ਸ਼ਹੀਦ ਹੋ ਜਾਂਦਾ ਹੈ।ਗੱਲ ਕਰਦੇ ਹਾਂ ਹੋਰ ਵਿਭਾਗਾਂ ਦੀ,ਉਨ੍ਹਾਂ ਨੂੰ ਨੌਕਰੀ ਵੇਲੇ ਇਮਾਨਦਾਰੀ ਨਾਲ ਕੰਮ ਕਰਨ ਲਈ ਨਹੀਂ ਦੱਸਿਆ ਜਾਂਦਾ, ਉਨਾਂ ਨੂੰ ਆਪਣੇ ਕੰਮ ਦੀ ਜ਼ੁਮੇਵਾਰੀ ਨਹੀਂ ਦੱਸੀ ਜਾਂਦੀ, ਕੰਮ ਕਰਨ ਦੇ ਘੰਟਿਆਂ ਬਾਰੇ ਨਹੀਂ ਦੱਸਿਆ ਜਾਂਦਾ।ਫੇਰ ਉਹ ਹਰ ਔਖੇ ਕੰਮ ਵੇਲੇ ਫੌਜ ਵੱਲ ਕਿਉਂ ਝਾਕਣ ਲੱਗ ਜਾਂਦੇ ਹਨ।ਹੈ ਕੋਈ ਗੱਲ ਕਰਨ ਵਾਲੀ।ਮੈਂ ਕੋਸ਼ਿਸ਼ ਕਰਾਂਗੀ ਕਿ ਹਰ ਪੱਖ ਨੂੰ ਰੱਖ ਸਕਾਂ।ਸੱਭ ਤੋਂ ਪਹਿਲਾਂ ਆਪਾਂ ਆਪਣੀਆਂ ਸਰਕਾਰਾਂ ਦੀ ਮਤਲਬ ਕਿ ਸਿਆਸੀ ਲੋਕਾਂ ਦੀ ਗੱਲ ਕਰਦੇ ਹਾਂ, ਏਹ ਸੌਂਹ ਚੁੱਕਦੇ ਨੇ,ਅਸੀਂ ਸਭ ਏਹ ਸਮਾਰੋਹ ਵੇਖਦੇ ਵੀ ਹਾਂ ਪਰ ਜੋ ਹੋ ਰਿਹਾ ਹੈ ਉਹ।ਕਿਸੇ ਤੋਂ ਛੁਪਿਆ ਹੋਇਆ ਨਹੀਂ।ਏਹ ਉਹ ਲੋਕ ਨੇ ਜਿਨਾਂ ਨੂੰ ਅਸੀਂ ਵੋਟਾਂ ਦੇਕੇ ਚੁਣਦੇ ਹਾਂ।ਇਥੇ ਅਸੀਂ ਵੀ ਗੁਨਾਹਗਾਰ ਹਾਂ।ਇੰਨਾ ਨੇ ਦੇਸ਼ ਚਲਾਉਣਾ ਹੈ,ਪੜ੍ਹਾਈ ਦੀ ਕੋਈ ਸ਼ਰਤ ਨਹੀਂ ਤੇ ਉਮਰ ਦੀ ਕੋਈ ਬੰਦਿਸ਼ ਨਹੀਂ।ਏਹ ਵੱਡੇ ਵੱਡੇ ਬਿਆਨ ਦਿੰਦੇ ਨੇ,ਕੁਰਬਾਨੀਆਂ ਦੀ ਗੱਲ ਕਰਦੇ ਹਨ,ਨਾ ਇੰਨਾ ਦਾ ਪੁੱਤ ਫੌਜ ਵਿੱਚ ਨਾ ਜਵਾਈ,ਰੋਜ਼ ਸ਼ਹੀਦ ਹੋ ਰਹੇ ਨੇ ਮਾਵਾਂ ਦੇ ਪੁੱਤ,ਨਿੱਕੇ ਨਿੱਕੇ ਬੱਚਿਆਂ ਦੇ ਬਾਪ ਤੇ ਜਵਾਨ ਧੀਆਂ ਭੈਣਾਂ ਹੋ ਰਹੀਆਂ ਨੇ ਵਿਧਵਾ।ਨਰਿੰਦਰ ਸਿੰਘ ਕਪੂਰ ਨੇ ਲਿਖਿਆ ਹੈ,”ਕੁਰਬਾਨੀਆਂ ਦੇਣ ਦਾ ਐਲਾਨ ਆਗੂ ਕਰਦੇ ਹਨ ਪਰ ਕੁਰਬਾਨੀਆਂ ਦਿੰਦੇ ਸਧਾਰਨ ਲੋਕ ਹਨ।”ਹਕੀਕਤ ਹੈ ਸਧਾਰਨ ਤੇ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਹੀ ਫੌਜ ਵਿੱਚ ਜਾਂਦੇ ਹਨ।ਸਿਵਲ ਵਿੱਚ ਕੰਮ ਕਰਨ ਵਾਲਿਆਂ ਦਾ ਦਫ਼ਤਰ ਦਾ ਖੁੱਲਣ ਦਾ ਸਮਾਂ ਨੌ ਵਜੇ ਹੈ ਜਾਂ ਦਸ ਵਜੇ,ਕੋਈ ਹੀ ਅਫਸਰ, ਕਰਮਚਾਰੀ ਅਧਿਕਾਰੀ ਜਾਂ ਮੁਲਾਜ਼ਮ ਸਮੇਂ ਸਿਰ ਪਹੁੰਚੇਗਾ।ਫੌਜ ਵਿੱਚ ਨੌ ਮਤਲਬ ਨੌ ਹੀ ਹੁੰਦਾ ਹੈ,ਉਨ੍ਹਾਂ ਦੇ
ਨੌ ਗਿਆਰਾਂ ਵਜੇ ਨਹੀਂ ਵੱਜਦੇ।ਅਗਰ ਉਹ ਇਵੇਂ ਵਕਤ ਦੀ ਕਦਰ ਨਾ ਕਰਨ ਤਾਂ ਹੱਦਾਂ ਖਾਲੀ ਰਹਿਣ ਤੇ ਜੋ ਸਾਡੀ ਹਾਲਤ ਹੋਵੇ, ਉਸਨੂੰ ਸੋਚਕੇ ਵੀ ਡਰ ਲਗਦਾ ਹੈ।ਮੀਲਾਂ ਤੱਕ ਬਰਫ਼,ਠੰਡ ਹੱਡ ਚੀਰਵੀਂ ਤੇ ਉਪਰੋਂ ਪੈਂਦੀ ਬਰਫ਼,ਸੋਚਕੇ ਵੀ ਕੰਬਣੀ ਛਿੜਦੀ ਹੈ।ਇਥੇ ਧੁੰਦ ਪੈ ਜਾਵੇ ਤਾਂ ਦਫ਼ਤਰ ਖਾਲੀ,ਜਿੰਨਾ ਨੇ ਕੰਮ ਕਰਵਾਉਣੇ ਹੁੰਦੇ ਨੇ ਉਹ ਦਫਤਰਾਂ ਦੇ ਦਰਵਾਜ਼ਿਆਂ ਦੇ ਬਾਹਰ ਖੜੇ ਰੋਣ ਹਾਕੇ ਹੋ ਜਾਂਦੇ ਨੇ।ਇੰਨਾ ਕੋਲੋਂ ਸਾਰਾ ਸਾਲ ਆਪਣੇ ਕੰਮਾਂ ਦੀ ਪੂਰੀ ਨਹੀਂ ਪੈਂਦੀ,ਨਾ ਏਹ ਹੜ੍ਹਾਂ ਦਾ ਸਾਹਮਣਾ ਕਰਨ ਦੇ ਪ੍ਰਬੰਧ ਕਰ ਸਕਦੇ ਹਨ,ਨਾ ਸੋਕੇ ਦਾ,ਨਾ ਗਲਤੀਆਂ ਕਰਕੇ ਬੇਕਾਬੂ ਹੋਏ ਹਾਲਾਤਾਂ ਦਾ ਸਾਹਮਣਾ ਕਰਦੇ ਹਨ।ਪੰਚਕੂਲਾ ਵਿੱਚ ਰਾਮ ਰਹੀਮ ਦੇ ਵਕਤ ਹੋਏ ਖਰਾਬ ਹਾਲਾਤਾਂ ਵਿੱਚ ਪੁਲਿਸ ਨੂੰ ਦਰਸ਼ਕਾਂ ਦੀ ਤਰ੍ਹਾਂ ਖੜੇ ਵੇਖਿਆ ਗਿਆ, ਲੋਕਾਂ ਨੇ ਫੌਜ ਨੂੰ ਵੇਖਕੇ ਸੁੱਖ ਦਾ ਸਾਹ ਲਿਆ।ਇਹ ਤਾਂ ਨਾਲੇ ਚੋਪੜੀਆਂ ਖਾਂਦੇ ਨੇ ਤੇ ਨਾਲੇ ਦੋ ਦੋ ਖਾਂਦੇ ਨੇ।ਵਿਗੜੇ ਹਾਲਾਤਾਂ ਨੂੰ ਆਪੇ ਫੌਜ ਸੰਭਾਲ ਲਉ।ਫੌਜ ਹੱਦਾਂ ਤੇ ਹਰ ਨਾਗਰਿਕ ਤੇ ਦੇਸ਼ ਲਈ ਲੜਦੀ ਹੈ।ਜੋ ਸੈਨਿਕ ਸ਼ਹੀਦ ਹੁੰਦਾ ਹੈ ਉਹ ਆਪਣੇ ਪਰਿਵਾਰ ਲਈ ਸ਼ਹੀਦ ਨਹੀਂ ਹੁੰਦਾ।ਹਰ ਸ਼ਹੀਦ ਦੇਸ਼ ਦਾ ਸ਼ਹੀਦ ਹੁੰਦਾ ਹੈ।ਸ਼ਹੀਦ ਧਰਮਾਂ ਜਾਤਾਂ ਤੋਂ ਵਿੱਚ ਨਹੀਂ ਵੰਡਿਆ ਜਾਣਾ ਚਾਹੀਦਾ।ਸ਼ਹੀਦ ਦੀ ਸ਼ਹਾਦਤ ਤੇ ਸਿਆਸੀ ਰੋਟੀਆਂ ਸੇਕਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।ਸ਼ਹੀਦ ਦੇ ਪਰਿਵਾਰ ਦੀ ਵੀ ਕੁਰਬਾਨੀ ਹੈ,ਉਸਦੇ ਪਰਿਵਾਰ ਨੂੰ ਇੱਜ਼ਤ ਮਾਣ ਸਨਮਾਨ ਦੇਣਾ ਦੇਸ਼ ਦੇ ਹਰ ਨਾਗਰਿਕ ਦਾ ਫਰਜ਼ ਹੈ ਤੇ ਇੱਜ਼ਤ ਹੋਵੇ ਏਹ ਉਸਦਾ ਹੱਕ ਹੈ।ਉਸਦੇ ਪਰਿਵਾਰ ਨੂੰ ਦੇਣ ਵਾਲੀ ਹਰ ਮਦਦ ਪ੍ਰਸ਼ਾਸਨ ਉਸਨੂੰ ਪੂਰੇ ਸਤਿਕਾਰ ਨਾਲ ਦੇਵੇ।ਸਰਕਾਰਾਂ ਸੈਨਿਕਾਂ ਨੂੰ ਹਰ ਜਿੱਤ ਤੋਂ ਬਾਦ ਉਪਰ ਨੂੰ ਲੈਕੇ ਜਾਣ ਦੀ ਥਾਂ ਰੁਤਬਾ ਹੇਠਾਂ ਕਰ ਰਹੀ ਹੈ,ਇਸ ਨਾਲ ਦੇਸ਼ ਦੇ ਸੈਨਿਕਾਂ ਦੇ ਮਨੋਬਲ ਨੂੰ ਠੇਸ ਪਹੁੰਚਦੀ
ਹੈ।ਸਾਡੇ ਸਿਆਸਤਦਾਨ ਵਿਦੇਸ਼ਾਂ ਵਿੱਚ ਜਾਂਦੇ ਹਨ,ਉਥੇ ਸੈਨਾ ਦਾ ਰੁਤਬਾ ਹਰ ਕਿਸੇ ਤੋਂ ਉਪਰ ਰਹਿੰਦਾ ਹੈ।ਉਹ ਸੈਨਾ ਨੂੰ ਤਨਖਾਹਾਂ ਤੇ ਭੱਤੇ ਦੇਣ ਲੱਗੇ, ਇੰਜ ਖੱਜਲ ਨਹੀਂ ਕਰਦੇ ਜਿਵੇਂ ਸਾਡੇ ਦੇਸ਼ ਵਿੱਚ ਕੀਤਾ ਗਿਆ।ਬਾਬੂਸ਼ਾਹੀ ਨੇ ਫੌਜ ਦੇ ਰੁਤਬੇ, ਤਨਖਾਹਾਂ ਤੇ ਭੱਤਿਆਂ ਦਾ ਐਸਾ ਗਿਲਾ ਪੀਣ ਪਾਇਆ ਕਿ ਸੁਲਝਣ ਦਾ ਨਾਮ ਹੀ ਨਹੀਂ ਲੈਂਦਾ।ਕਿੰਨੇ ਮਸਲੇ ਸਾਲਾਂ ਤੋਂ ਲਟਕੇ ਹੋਏ ਨੇ,ਹਰ ਸਿਆਸੀ ਪਾਰਟੀ ਵਾਅਦਾ ਕਰਦੀ ਹੈ ਤੇ ਫੇਰ ਵਾਅਦਾ ਪੂਰਾ ਕਰਨ ਵੱਲ ਕੋਈ ਨਹੀਂ ਜਾਂਦਾ।ਕਿੰਨੇ ਦੁੱਖ ਦੀ ਗੱਲ ਹੈ ਕਿ ਆਪਣੇ ਹੱਕਾਂ ਵਾਸਤੇ ਅਦਾਲਤ ਦੇ ਦਰਵਾਜ਼ੇ ਖੜਕਾਉਣੇ ਪਏ,ਮਾਨਯੋਗ ਅਦਾਲਤ ਨੇ ਕਿਹਾ ਕਿ ਸੈਨਿਕ ਮੰਗਤੇ ਨਹੀਂ ਹਨ ਇੰਨਾ ਦੇ ਏਹ ਬਣਦੇ ਹੱਕ ਦਿਉ ਪਰ ਸਰਕਾਰ ਨੇ ਫਿਰ ਵੀ ਕੰਨ ਨਹੀਂ ਕੀਤੇ ਅਖੀਰ ਵਿੱਚ ਧਰਨਾ ਦੇਣ ਦੀ ਨੌਬਤ ਆ ਗਈ, ਢਾਈ ਸਾਲ ਹੋ ਚੱਲੇ ਨੇ ਕੁਝ ਮਸਲੇ ਹੱਲ ਕੀਤੇ, ਕੁਝ ਵਿੱਚ ਵਿਚਾਲੇ ਲਟਕਾ ਦਿੱਤੇ, ਕੁਝ ਵੀ ਸਪਸ਼ਟ ਨਹੀਂ ਹੋਇਆ।ਇਸਦੇ ਨਾਲ ਹੀ ਜੋ ਸੈਨਿਕਾਂ ਨਾਲ ਕੀਤਾ ਉਹ ਵਧੇਰੇ ਕਰਕੇ ਲੋਕਾਂ ਨੂੰ ਹਜ਼ਮ ਨਹੀਂ ਹੋਇਆ ਤੇ ਸੈਨਿਕ ਪਰਿਵਾਰਾਂ ਵਿੱਚ ਉਸ ਨੂੰ ਬੇਹੱਦ ਬੁਰਾ ਮਨਾਇਆ ਗਿਆ।ਦਿੱਲੀ ਪੁਲਿਸ ਵੱਲੋਂ ਸਾਬਕਾ ਸੈਨਿਕਾਂ ਦੀ ਖਿੱਚ ਧੂਅ ਕਰਨੀ, ਸ਼ਹੀਦਾਂ ਦੀਆਂ ਵਿਧਵਾਂਵਾ ਨਾਲ ਕੀਤੀ ਬਦਸਲੂਕੀ,ਬਜ਼ੁਰਗ ਸੈਨਿਕਾਂ ਨਾਲ ਹੱਥੋਪਾਈ,ਉਨ੍ਹਾਂ ਦੇ ਮੈਡਲਾਂ ਨੂੰ ਖਿਚਣਾ ਤੇ ਉਨ੍ਹਾਂ ਨੂੰ ਸੁੱਟਣਾ।ਜਰਨੈਲ ਰੈਂਕ ਦੇ ਆਫਿਸਰ ਨੂੰ ਖਿਚਣਾ ਤੇ ਉਹ ਆਪਣੀ ਪੱਗ ਨੂੰ ਬਚਾ ਰਹੇ ਵੇਖਣਾ,ਬੇਹੱਦ ਸ਼ਰਮਨਾਕ ਸੀ।ਏਹ ਉਹ ਸਾਬਕਾ ਸੈਨਿਕ ਹਨ ਜਿੰਨਾ ਨੇ ਤਕਰੀਬਨ ਸਾਰੀਆਂ ਲੜਾਈਆਂ ਲੜੀਆਂ ਹਨ।ਏਸ ਦਾ ਅਸਰ ਮੌਜੂਦਾ ਸੈਨਿਕਾਂ ਦੇ ਮਨੋਬਲ ਤੇ ਵੀ ਅਸਰ ਪੈਂਦਾ ਹੈ।ਚੈਨਲਾਂ ਤੇ ਬੈਠਕੇ ਜਿਵੇਂ ਸੈਨਿਕਾਂ ਵਾਸਤੇ ਬਹਿਸ ਕਰਦੇ ਹਨ ਦੁੱਖ ਹੁੰਦਾ ਹੈ।ਅੱਜ ਅਸੀਂ ਚੈਨ ਦੀ ਨੀਂਦ ਸੌਂ ਰਹੇ ਹਾਂ ਤਾਂ ਇੰਨਾ ਸੈਨਿਕਾਂ ਦੇ ਕਰਕੇ, ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ ਤਾਂ ਇੰਨਾ ਦੀ ਬਦੌਲਤ।ਕੁਰਸੀਆਂ ਦਾ ਆਨੰਦ ਇੰਨਾ ਕਰਕੇ ਮਾਣਿਆ ਜਾ ਰਿਹਾ ਹੈ।ਏਹ ਆਪਣੀ ਡਿਊਟੀ ਤੇ ਅਗਰ ਏਹ ਸੋਚ ਵਰਤਣ ਲੱਗਣ ਕਿ ਮੈਂ ਹਰ ਕਦਮ ਰਿਸ਼ਵਤ ਲੈਕੇ ਕਰਨਾ ਹੈ ਤਾਂ ਸਾਡਾ ਕੀ ਬਣੇ,ਏਸ ਨੂੰ ਹਰ ਨਾਗਰਿਕ ਤੇ ਹਰ ਉਹ ਸੋਚੇ ਜੋ ਸੈਨਿਕਾਂ ਲਈ ਕੁਝ ਵੀ ਬੋਲਣ ਤੋਂ ਗੁਰੇਜ਼ ਨਹੀਂ ਕਰਦੇ।ਸੈਨਿਕ ਆਪਣੇ ਪਰਿਵਾਰ ਦਾ ਨਾ ਹੋਕੇ ਦੇਸ਼ ਦਾ ਹੁੰਦਾ ਹੈ।ਦੇਸ਼ ਦੀ ਵਾੜ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੈ।ਉਸ ਤੇ ਕਿੰਨਾ ਖਰਚਾ ਹੁੰਦਾ ਹੈ ਏਹ ਸੋਚਣਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।ਇਸ ਆਜ਼ਾਦ ਫਿਜ਼ਾ ਦਾ ਆਨੰਦ,ਸੁਖ ਚੈਨ ਦੀ ਜ਼ਿੰਦਗੀ,ਜਿੰਨਾ ਦੀ ਬਦੌਲਤ ਮਾਣ ਰਹੇ ਹਾਂ ਉਨ੍ਹਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ ਤੇ ਸੈਨਾ ਤੇ ਸੈਨਿਕਾਂ ਦਾ ਮਾਣ ਸਨਮਾਨ ਕਰਨਾ ਬੇਹੱਦ ਜ਼ਰੂਰੀ ਹੈ।

NO COMMENTS

LEAVE A REPLY