ਗੁਰਵਿੰਦਰ ਦੀ ਇਹ ਦਿਲੀ ਇੱਛਾ ਸੀ ਕਿ ਉਸ ਦਾ ਵਿਆਹ ਕਿਸੇ ਸੋਹਣੇ,ਸੁਨੱਖੇ ਮੁੰਡੇ ਨਾਲ ਹੋਵੇ।ਆਖ਼ਰ ਉਸ ਦੀ ਇਹ ਇੱਛਾ ਪੂਰੀ ਹੋ ਗਈ। ਉਸ ਦਾ ਵਿਆਹ ਕੁੱਲੇਵਾਲ ਪਿੰਡ ਵਿੱਚ ਸੋਹਣੇ,ਸੁਨੱਖੇ ਸ਼ਾਮ ਨਾਲ ਹੋ ਗਿਆ।ਉਸ ਨੇ ਸ਼ਾਮ ਦਾ ਘਰ,ਬਾਰ ਦੇਖਣ ਦੀ ਵੀ ਲੋੜ ਨਹੀਂ ਸੀ ਸਮਝੀ।ਉਸ ਦਾ ਵਿਆਹ ਹੋਏ ਨੂੰ ਤਿੰਨ ਮਹੀਨੇ ਹੀ ਹੋਏ ਸਨ ਕਿ ਉਸ ਨੂੰ ਸ਼ਾਮ ਦੇ ਘਰ ਦੀ ਅਸਲੀਅਤ ਦਾ ਪਤਾ ਲੱਗ ਗਿਆ।ਸ਼ਾਮ ਆਪਣੇ ਵੱਡੇ ਭਰਾ ਅਤੇ ਛੋਟੇ ਭਰਾ ਨਾਲ ਮਿਲ ਕੇ ਕੰਮ ਕਰਦਾ ਸੀ।ਤਿੰਨਾਂ ਨੂੰ ਜੋ ਕੁਝ ਮਿਲਦਾ,ਉਹ ਵੱਡਾ ਭਰਾ ਰੱਖ ਲੈਂਦਾ ਤੇ ਅੱਗੇ ਆਪਣੀ ਪਤਨੀ ਨੂੰ ਦੇ ਦਿੰਦਾ। ਉਹ ਰੱਜ ਕੇ ਕੰਜੂਸ ਸੀ।ਉਹ ਨਿੱਤ ਵਰਤੋਂ ਦੀਆਂ ਚੀਜ਼ਾਂ ਲੈਣ ਨੂੰ ਵੀ ਪੈਸੇ ਨਹੀਂ ਸੀ ਦਿੰਦੀ।ਉਹ ਮੰਗਣ ਤੇ ਸ਼ਾਮ ਨੂੰ ਵੀ ਕੁਝ ਨਹੀਂ ਸੀ ਦਿੰਦੀ।ਪਰ ਕਹਿੰਦਾ ਕੁਝ ਨਾ ਕਿਉਂ ਕਿ ਉਸ ਦਾ ਆਪਣਾ ਦਿਮਾਗ ਕੰਮ ਨਹੀਂ ਸੀ ਕਰਦਾ।ਜੇ ਗੁਰਵਿੰਦਰ ਸ਼ਾਮ ਨੂੰ ਕੁਝ ਕਹਿੰਦੀ,ਤਾਂ ਉਹ ਜਾ ਕੇ ਆਪਣੀ ਵੱਡੀ ਭਰਜਾਈ ਨੂੰ ਦੱਸ ਦਿੰਦਾ।ਵੱਡੀ ਭਰਜਾਈ ਗੁਰਵਿੰਦਰ ਨੂੰ ਵੱਧ,ਘੱਟ ਬੋਲ ਕੇ ਚੁੱਪ ਕਰਾ ਦਿੰਦੀ।ਇਸ ਤਰ੍ਹਾਂ ਬਹੁਤਾ ਸਮਾਂ ਨਾ ਲੰਘਿਆ।ਗੁਰਵਿੰਦਰ ਆਪਣੇ ਪੇਕੇ ਆ ਕੇ ਆਪਣੀ ਮੰਮੀ ਕੋਲ ਰਹਿਣ ਲੱਗ ਪਈ।
ਅੱਜ ਜਦੋਂ ਗੁਰਵਿੰਦਰ ਦੀ ਭਾਣਜੀ ਮਨਜੀਤ ਦਾ ਫੋਨ ਆਇਆ ਕਿ ਉਸ ਦਾ ਰਿਸ਼ਤਾ ਸੋਹਣੇ,ਸੁਨੱਖੇ ਮੁੰਡੇ ਨਾਲ ਹੁੰਦਾ ਆ,ਤਾਂ ਉਸ ਨੇ ਮਨਜੀਤ ਨੂੰ ਝੱਟ ਆਖਿਆ, “ਮਨਜੀਤ ਮੁੰਡਿਆਂ ਦੇ ਰੰਗ,ਰੂਪ ਨ੍ਹੀ ਦੇਖੀਦੇ।ਸਗੋਂ ਕੰਮ,ਅਕਲ ਤੇ ਘਰ,ਬਾਰ ਦੇਖੀਦੇ ਆ।ਮੈਂ ਸੋਹਣੇ,ਸੁਨੱਖੇ ਨਾਲ ਵਿਆਹ ਕਰਵਾ ਕੇ ਪਛਤਾ ਰਹੀ ਆਂ। ਉਸ ਵੇਲੇ ਜੇ ਕਰ ਮੈਂ ਇਹ ਸੱਭ,ਕੁਝ ਦੇਖਿਆ ਹੁੰਦਾ,ਤਾਂ ਅੱਜ ਪੇਕੀਂ ਨਾ ਬੈਠੀ ਹੁੰਦੀ।”ਮਨਜੀਤ ਨੂੰ ਗੱਲ ਸਮਝ ਆ ਗਈ ਤੇ ਉਸ ਨੇ ਗੁਰਵਿੰਦਰ ਦੀ ਹਾਂ ਵਿੱਚ ਹਾਂ ਮਿਲਾ ਕੇ ਫੋਨ ਬੰਦ ਕਰ ਦਿੱਤਾ।

LEAVE A REPLY

Please enter your comment!
Please enter your name here