ਨਿਊਯਾਰਕ, 18 ਜਨਵਰੀ (ਰਾਜ ਗੋਗਨਾ )-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਕੈਲੀਫੋਰਨੀਆ ਦੇ ਸ਼ਹਿਰ ਐਲਕ ਗਰੋਵ ਸਿਟੀ ਦੇ ਮਲਟੀਕਲਚਰਲ ਕਮਿਸ਼ਨ ਮੈਂਬਰ ਤੇ ਡੈਮੋਕਰੇਟ ਪਾਰਟੀ ਦੇ ਨੈਸ਼ਨਲ ਡੈਲੀਗੇਟ ਅਤੇ ਪੰਜਾਬ ਮੇਲ ਯੂ.ਐੱਸ.ਏ. ਦੇ ਮੁੱਖ ਸੰਪਾਦਕ ਸ. ਗੁਰਜਤਿੰਦਰ ਸਿੰਘ ਰੰਧਾਵਾ ਅਤੇ ਰਿਚਮੰਡ ਹਿਲ ਨਿਊਯਾਰਕ ਪੁਲਿਸ ਕਮਿਊਨਿਟੀ ਦੇ ਉਪ ਪ੍ਰਧਾਨ ਸ. ਰਣਜੀਤ ਸਿੰਘ ਸੰਗੋਜਲਾ ਵੀ ਨਤਮਸਤਕ ਹੋਏ। ਇਸ ਮੌਕੇ ਸ. ਰੰਧਾਵਾ ਦੀ ਮਾਤਾ ਬੀਬੀ ਸਤਵੰਤ ਕੌਰ ਅਤੇ ਧਰਮ ਪਤਨੀ ਬੀਬੀ ਨਿਰਮਲਜੀਤ ਕੌਰ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਸ. ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਡਾ ਵਿਦੇਸ਼ ਵਿਚ ਬੈਠਿਆਂ ਦਾ ਚਿਤ ਪੰਜਾਬ ਵਿਚ ਹੀ ਹੁੰਦਾ ਹੈ। ਹਰ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਲੋਚਾ ਹੁੰਦੀ ਹੈ। ਅੱਜ ਸਾਡੇ ਵੱਡੇ ਭਾਗ ਹਨ ਕਿ ਦਰਸ਼ਨ ਕਰਨ ਦਾ ਮੌਕਾ ਨਸੀਬ ਹੋਇਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਜਿਸਦੇ ਦਰਸ਼ਨ ਕਰਨ ਲਈ ਲਾਲਸਾ ਹਰ ਸਿੱਖ ਦੇ ਮਨ ਅੰਦਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਆਤਮਿਕ ਸਕੂਨ ਪ੍ਰਾਪਤ ਹੋਇਆ ਹੈ। ਯਾਦ ਰਹੇ ਕਿ ਸ. ਰੰਧਾਵਾ ਪੰਜਾਬ ‘ਚ ਰਹਿਣ ਸਮੇਂ ਵੀ ਪੱਤਰਕਾਰਤਾ ਨਾਲ ਜੁੜੇ ਰਹੇ ਹਨ ਅਤੇ ਹੁਣ ਵੀ ਉਹ ਅਮਰੀਕਾ ਵਿਚ ਆਪਣਾ ਅਖਬਾਰ ਚਲਾ ਰਹੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਡਾ. ਪਰਮਜੀਤ ਸਿੰਘ ਸਰੋਆ ਤੇ ਸ. ਬਿਜੈ ਸਿੰਘ ਨੇ ਸਨਮਾਨਿਤ ਕੀਤਾ। ਇਸ ਮੌਕੇ ਸ. ਗੁਰਜਤਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।