ਹਰਿਆਣਾ ਦੇ ਜਿਲਾ ਕਰਨਾਲ ਦੀ ਜੰਮਪਲ ਬਲਜੀਤ ਕੌਰ ਸਾਹਿਤਕ ਤੇ ਸੱਭਿਆਚਾਰਕ ਖੇਤਰ ਵਿਚ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀ। ਉਹ ਆਪਣੀ ਸਖਤ ਮਿਹਨਤ ਅਤੇ ਸੰਘਰਸ਼ ਦੇ ਬੱਲ-ਬੂਤੇ ਆਪਣੀ ਪਛਾਣ ਕਾਇਮ ਕਰ ਚੁੱਕੀ ਹੈ। ਆਪਣੇ ਸੰਘਰਸ਼ ਦੀ ਗਾਥਾ ਬਿਆਨ ਕਰਦਿਆਂ ਉਸ ਦੱਸਿਆ ਕਿ ਉਹ ਇਕ ਬਹੁਤ ਹੀ ਸਾਧਾਰਣ ਜਿਹੇ ਪਰਿਵਾਰ ਦੀ ਜੰਮਪਲ ਹੈ। ਸਾਂਝੇ ਪਰਿਵਾਰ ਵਿਚ ਪੈਦਾ ਹੋਇਆ ਪਹਿਲਾ ਬੱਚਾ ਹੋਣ ਸਦਕਾ ਸਭਨਾਂ ਵਲੋ ਉਸ ਨੂੰ ਰੱਜਵਾਂ ਪਿਆਰ ਅਤੇ ਚਾਅ-ਲਾਡ ਮਿਲਦਾ ਸੀ। ਉਹ ਦੱਸਦੀ ਹੈ ਕਿ ਉਸ ਦੀ ਡੋਲੀ ਤੋਰਨ ਵੇਲੇ ਉਸ ਦੇ ਪਤੀ ਨੂੰ ਦਾਦੀ-ਮਾਂ ਵਲੋ ਆਖੇ ਹੋਏ ਬੋਲ, ‘ਪੁੱਤਰ! ਬੜੇ ਲਾਡਾਂ ਨਾਲ ਪਾਲੀ ਹੈ ਅਸੀਂ ਆਪਣੀ ਧੀ, ਵੇਖੀਂ ਇਹਨੂੰ ਕਦੀ ਕੋਈ ਦੁੱਖ ਨਾ ਆਵੇ’, ਅੱਜ ਵੀ ਇੰਨ-ਬਿੰਨ ਕੰਨਾਂ ਵਿਚ ਗੂੰਜ ਰਹੇ ਹਨ ਉਸ ਦੇ ।
ਬਲਜੀਤ ਨੇ ਅੱਗੇ ਕਿਹਾ, ‘ਮੇਰੀ ਮਾਂ ਨੇ ਮੈਨੂੰ ਖਾਲਸਾ ਸਕੂਲ ਵਿਚ ਪੜਨੇ ਪਾਇਆ ਜਿੱਥੋਂ ਕਿ ਧਾਰਮਿਕ ਸਿੱਖਿਆ ਹਾਸਲ ਕਰਨੀ ਜਰੂਰੀ ਸੀ, ਜਿਸ ਦੇ ਯਰੀਏ ਧਰਮ ਨਾਲ ਵੀ ਮੇਰੀ ਇਕ ਗੂਹੜੀ ਸਾਂਝ ਪੈ ਗਈ। ਧਾਰਮਿਕ ਸਰਗਰਗੀਆਂ ਦੇ ਨਾਲ-ਨਾਲ ਮੈਂ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਵੀ ਵੱਧ ਚੜ ਕੇ ਹਿੱਸਾ ਲੈਂਦੀ ਰਹੀ। ਜਿਸ ਨਾਲ ਮੇਰਾ ਆਤਮ-ਵਿਸਵਾਸ ਕਾਫੀ ਵਧਿਆ।’ ਕਾਲਜ ਦੀਆਂ ਡਿਗਰੀਆਂ ਕਰਨ ਉਪਰੰਤ ਬਲਜੀਤ ਸਕੂਲ ਵਿਚ ਅਧਿਆਪਕਾ ਲੱਗ ਗਈ ਅਤੇ ਅਰਥ-ਸਾਸ਼ਤਰ ਵਿਸ਼ੇ ਵਿਚ ਮਾਸਟਰ-ਡਿਗਰੀ ਦੀ ਤਿਆਰੀ ਦੇ ਨਾਲ-ਨਾਲ ਉਸ ਨੇ ਇਕ ਸਾਲ ਦਾ ਕੰਪਿਊਟਰ-ਡਿਪਲੋਮਾ ਕੀਤਾ। ਪਰ, ਖਾਲਸਾ ਸਕੂਲ ਦੀ ਸਟੂਡੈਂਟ ਰਹੀ ਹੋਣ ਕਰਕੇ ਧਾਰਮਿਕ ਸਿੱਖਿਆ ਵੱਲ ਰੁਝਾਨ ਜਿਆਦਾ ਸੀ। ਸੋ ਇਕ ਸਾਲ ਦਾ ਸਿੱਖ ਮਿਸ਼ਨਰੀ ਡਿਪਲੋਮਾ ਅਤੇ ਦੋ ਤਿੰਨ ਹੋਰ ਛੋਟੇ-ਛੋਟੇ ਡਿਪਲੋਮੇ ਕੀਤੇ। ਫਿਰ, ਕੁਰੂਕਸ਼ੇਤਰ ਯੁਨੀਵਰਸਿਟੀ ਤੋ ਹੀ ਅੰਗ੍ਰੇਜੀ ਦੀ ਮਾਸਟਰ ਕੀਤੀ।
ਲਿਖਣ ਦੇ ਹੁਨਰ ਦੀ ਗੱਲ ਛੇੜਦਿਆਂ ਉਸ ਦੱਸਿਆ ਕਿ ਲਿਖਣ ਦਾ ਉਸ ਅੰਦਰ ਛੁਪਿਆ ਹੁਨਰ ਕਾਲਜ ਟਾਈਮ ‘ਚ ਉਦੋਂ ਬਾਹਰ ਆਇਆ, ਜਦੋਂ ਉਸ ਨੇ ਯੂਥ-ਫੈਸਟੀਵਲ ਵਿਚ ਸਮੂਹ-ਗਾਨ ਦਾ ਇਕ ਪੈਰਾ ਲਿਖ ਕੇ ਆਪਣੇ ਪ੍ਰੋਫੈਸਰ ਨੂੰ ਦਿਖਾਇਆ। ਉਨਾਂ ਨੂੰ ਪਸੰਦ ਆ ਗਿਆ ਅਤੇ ਉਹ ਪੈਰਾ ਗੀਤ ਦਾ ਹਿੱਸਾ ਬਣ ਗਿਆ। ਇਹ ਸੀ ਉਸ ਦੀ ਕਲਮੀ-ਸ਼ੁਰੂਆਤ। ਬਸ, ਉਸ ਦਿਨ ਤੋ ਦੂਹਾ-ਦੂਹ ਲਿਖਦੀ ਨੇ ਉਸ ਨੇ ਡਾਇਰੀਆਂ ਭਰ-ਭਰ ਰੱਖ ਦਿੱਤੀਆਂ। ਫਿਰ, ਇਕ ਦਿਨ ਅਚਾਨਕ ਦਿਮਾਗ ‘ਚ ਆਇਆ ਕਿ ਜੇਕਰ ਇਹ ਡਾਇਰੀਆਂ ਘਰਦਿਆਂ ਦੇ ਹੱਥ ਲੱਗ ਗਈਆਂ ਤਾਂ ਉਹ ਇਸਦਾ ਅਰਥ ਇਹ ਹੀ ਨਾ ਕੱਢ ਬੈਠਣ ਕਿ ਸਾਡੀ ਕੁੜੀ ਖਬਰੇ ਕੁਰਾਹੇ ਹੀ ਪੈ ਗਈ ਹੈ। ਉਸ ਨੇ ਪੰਜਾਬੀ ਸਿੱਖ-ਪਰਿਵਾਰਾਂ ਦੀ ਮਰਿਯਾਦਾ ਯਾਦ ਕਰਦਿਆਂ ਸਭੇ ਡਾਇਰੀਆਂ ਚੁੱਲੇ ਦੀ ਬਲਦੀ ਅੱਗ ਵਿਚ ਪਾ ਦਿੱਤੀਆਂ। ਉਸ ਕਿਹਾ ਕਿ ਉਸ ਨੇ ਡਾਇਰੀਆਂ ਸਾੜ ਤਾਂ ਦਿੱਤੀਆਂ ਪਰ ਇਸ ਦਾ ਦੁੱਖ ਉਸ ਨੂੰ ਸਦਾ-ਸਦਾ ਲਈ ਹੀ ਰੜਕਦਾ ਰਹੇਗਾ।
ਬਲਜੀਤ ਨੇ ਦੱਸਿਆ ਕਿ ਸਕੂਲ ਵਿਚ ਬੱਚੇ ਪੜਾਉਣ ਦਾ ਜਜਬਾ ਤਾਂ ਦਿਲ ਵਿਚ ਸੀ ਪਰ ਵਿਚਾਰ ਕ੍ਰਾਂਤੀਕਾਰੀ ਹੋਣ ਕਾਰਨ ਉਸ ਨੂੰ ਅਧਿਆਪਨ ਦਾ ਕਿੱਤਾ ਰਾਸ ਨਾ ਆਇਆ ਅਤੇ ਇਕ ਸਾਲ ਅੰਦਰ ਹੀ ਸਕੂਲ ਛੱਡ ਦਿੱਤਾ। ਫਿਰ, ਮਾਂ ਨਾਲ ਮਿਲ ਕੇ ਸਕੂਲ ਖੋਲਿਆਂ, ਉਸ ਵਿਚ ਵੀ ਕਾਮਯਾਬੀ ਨਾ ਮਿਲੀ। ਉਪਰੰਤ, ਇਕ ਗੈਰ-ਸਰਕਾਰੀ ਸਿੱਖ ਸੰਸਥਾ ‘ਚ ਕੰਮ ਕਰਨ ਦਾ ਮੌਕਾ ਮਿਲਿਆ ਪਰ, ਉਥੋਂ ਦੇ ਸਿਸਟਮ ਤੋਂ ਵੀ ਉਸ ਨੂੰ ਨਿਰਾਸ਼ਾ ਹੀ ਮਿਲੀ। ਹਾਂ, ਫਾਇਦਾ ਇਹ ਜਰੂਰ ਹੋਇਆ ਕਿ ਸੰਸਥਾ ‘ਚ ਕੰਮ ਕਰਕੇ ਇਕ ਤਾਂ ਉਸ ਦਾ ਆਤਮ-ਵਿਸ਼ਵਾਸ਼ ਵਧਿਆ ਅਤੇ ਦੂਜੇ ਫਿਰ ਜ਼ਿੰਦਗੀ ਦੇ ਵੱਡਮੁੱਲੇ ਤਜ਼ਰਬੇ ਹਾਸਲ ਹੋਏ, ਜਿਨਾਂ ਨੂੰ ਕਲਮ-ਬੱਧ ਕਰਨ ਲਈ ਉਸ ਨੇ ਮੁੜ ਡਾਇਰੀਆਂ ਚੁੱਕ ਲਈਆਂ।
ਇਸੇ ਦੌਰਾਨ ਬਲਜੀਤ ਦਾ ਵਿਆਹ ਹੋ ਗਿਆ। ਉਸ ਦੇ ਜੀਵਨ-ਸਾਥੀ ਨੇ ਉਸ ਦੇ ਲਿਖਣ ਦੇ ਹੁਨਰ ਦੀ ਪਛਾਣ ਕੀਤੀ ਅਤੇ ਉਹ ਲਿਖਣ ਲਈ ਲਗਾਤਾਰ ਪ੍ਰੇਰਦੇ ਰਹੇ। ਗ੍ਰਹਿਸਥੀ ਜਿੰਮੇਵਾਰੀਆਂ ਸੰਭਾਲਦਿਆਂ ਬਲਜੀਤ ਨੇ ਫਿਰ ਪੱਤਰਕਾਰਤਾ ਵਿਚ ਡਿਗਰੀ ਕਰ ਲਈ। ਇਸ ਦੌਰਾਨ ਕਲਮੀ-ਵਲਵਲੇ ਹੋਰ ਵੀ ਠਾਠਾਂ ਮਾਰਨ ਲੱਗੇ। ਹੌਲੀ-ਹੌਲੀ ਅਖਬਾਰਾਂ ‘ਚ ਛਪਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਫਲ ਕਦਮੀ ਚੱਲਦਿਆਂ ‘ਹਰਮਨ ਰੇਡੀਓ ਆਸਟ੍ਰੇਲੀਆ’ ਨੇ ਉਸ ਦੇ ਲੇਖ, ‘ਕਾਨੂੰਨ ਤੇ ਕਿਰਦਾਰ’ ਬਾਰੇ ਉਸ ਦਾ ਇੰਟਰਵਿਊ ਕੀਤਾ। ਫਿਰ ਇਸੇ ਹੀ ਰੇਡੀਓ ਨੇ ਦੋਬਾਰਾ ਇੰਟਰਵਿਊ ਕੀਤਾ, ਜਿਹੜਾ ਕਿ ਫਿਲਮਾਂ ਬਾਰੇ ਸੀ। ਚੱਲਦੇ-ਚੱਲਦੇ ਉਸ ਨੇ ਕੁਝ ਹਿੰਦੀ ਕਵਿਤਾਵਾਂ ਦੀ ਅਕਾਸ਼ਵਾਣੀ ਕੁਰੂਕਸ਼ੇਤਰ ਵਿਚ ਰਿਕਾਰਡਿੰਗ ਕਰਵਾਈ। ਸਬੱਬੀ ਹੀ ਉਸ ਦੀ ਚੋਣ ਡੀ. ਪੀ. ਐਸ. ਸਕੂਲ ਵਿਚ ਪ੍ਰਿੰਸੀਪਲ ਵਜੋਂ ਹੋ ਗਈ ਅਤੇ ਨਾਲ ਹੀ ਅਕਾਸ਼ਵਾਣੀ ਕੁਰੂਕਸ਼ੇਤਰ ‘ਤੇ ਉਸ ਦੀ ਅਨਾਂਊਸਰ ਦੇ ਤੌਰ ਤੇ ਚੋਣ ਹੋ ਗਈ। ਇਹ ਸ਼ਾਇਦ ਕੁਦਰਤ ਮੇਹਰਬਾਨ ਸੀ ਜਾਂ ਕਿ ਬਲਜੀਤ ਦੀ ਮੂੰਹ-ਬੋਲਦੀ ਉਚ-ਲਿਆਕਤ ਸੀ ਕਿ ਉਨਾਂ ਦਿਨਾਂ ਵਿਚ ਹੀ ਉਸ ਦੀ ਚੋਣ ਦਿਲੀ ਵਿਚ ਅਕਾਸ਼ਬਾਣੀ ਵਿਚ ਪੰਜਾਬੀ ਨਿਊਜ਼ ਰੀਡਰ-ਕਮ-ਟਰਾਂਸਲੇਟਰ ਵਜੋਂ ਵੀ ਹੋ ਗਈ। ਦਿੱਲੀ ਵਿਚ ਕੰਮ ਕਰਨ ਦਾ ਫੈਸਲਾ ਹੈ ਤਾਂ ਬੇਸ਼ੱਕ ਉਸ ਲਈ ਔਖਾ ਹੀ ਸੀ ਪਰ ਇਹ ਮੌਕਾ ਉਸ ਦੇ ਲਈ ਕਿਸੇ ਉਪਲਭਦੀ ਤੋਂ ਘੱਟ ਨਹੀ ਸੀ। ਉਸ ਨੇ ਇਸ ਨੂੰ ਪਹਿਲ ਦਿੰਦਿਆਂ ਜਾਇੰਨ ਕੀਤਾ। ਉਸ ਦੱਸਿਆ ਕਿ ਨਿਊਜ-ਰੀਡਰ ਦੇ ਅਹੁੱਦੇ ਉਤੇ ਅਜੇ ਤਿੰਨ ਸਾਲ ਹੀ ਹੋਏ ਹਨ ਪਰ ਇਕ ਪੂਰੀ ਜ਼ਿੰਦਗੀ ਦੇ ਤਜ਼ਰਬੇ ਇੱਥੇ ਆਕੇ ਮਿਲ ਗਏ ਹਨ, ਉਸ ਨੂੰ। ਇੱਥੇ ਲਿਖਣ ਦਾ ਕੰਮ ਵੀ ਹੁਣ ਉਹ ਬਕਾਇਦਾ ਸਰਗਰਮੀ ਨਾਲ ਕਰ ਰਹੀ ਹੈ। ਸਾਹਿਤਕ ਮਿਲਣੀਆਂ ਵਿਚ ਜਾ ਕੇ ਚੰਗੇ ਅਤੇ ਨਾਮਵਰ ਲੇਖਕਾਂ ਨਾਲ ਮੁਲਾਕਾਤ ਕਰਨ ਦੇ ਅਕਸਰ ਮੌਕੇ ਮਿਲਦੇ ਹੀ ਰਹਿੰਦੇ ਹਨ।
ਪਾਠਕਾਂ ਨਾਲ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਨ ਵਾਲੀ ਬਲਜੀਤ ਨੇ ਇਕ ਸਵਾਲ ਦਾ ਜੁਵਾਬ ਦਿੰਦਿਆਂ ਕਿਹਾ, ‘ਅਖਬਾਰਾਂ ਅਤੇ ਰਸਾਲੇ ਨਾਮਵਰ ਸਥਾਪਿਤ ਲੇਖਕਾਂ ਨੂੰ ਵੱਧ ਮੌਕੇ ਦਿੰਦੇ ਹਨ ਅਤੇ ਉਭਰਦੇ ਨਵੇਂ ਲੇਖਕਾਂ ਲਈ ਮੌਕੇ ਘੱਟ ਹੀ ਬਣਦੇ ਹਨ, ਜਦ ਕਿ ਉਨਾਂ ਨੂੰ ਵੱਧ ਤੋ ਵੱਧ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਕਿ ਉਨਾਂ ਨਵਿਆਂ ਦਾ ਹੁਨਰ ਉਨਾਂ ਦੇ ਅੰਦਰ ਹੀ ਨਾ ਦਮ ਦੋੜ ਜਾਵੇ।’
ਸ਼ਾਲਾ ! ਸਿਦਕ, ਸਿਰੜ ਅਤੇ ਸੰਘਰਸ਼ ਦੀ ਮੂਰਤ ਬਲਜੀਤ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੀ ਜ਼ਿੰਦਗੀ ਦੇ ਹਰ ਖੇਤਰ ਦੀਆਂ ਉਚ-ਬੁਲੰਦੀਆਂ ਨੂੰ ਜਾ ਛੂਹਵੇ, ਦਿਲੀ ਦੁਆਵਾਂ, ਇੱਛਾਵਾਂ ਅਤੇ ਅਕਾਲ-ਪੁਰਖ ਅੱਗੇ ਜੋਦੜੀਆਂ ਹਨ, ਮੇਰੀਆਂ ! ਆਮੀਨ !
-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : ਬਲਜੀਤ ਕੌਰ, ਪਿੰਡ ਤੇ ਡਾ. ਉਮੀਰ (ਗੁਰਾਯਾ ਫਾਰਮ), ਜਿਲਾ- ਕੁਰੂਕਸ਼ੇਤਰ (ਹਰਿਆਣਾ) (9729974646)

NO COMMENTS

LEAVE A REPLY