ਕਈ ਲੋਕ ਜ਼ਿੰਦਗੀ ਵਿੱਚ ਕਵਿਤਾ ਰਚਦੇ ਹਨ ਤੇ ਕਈਆਂ ਦੀ ਜ਼ਿੰਦਗੀ ਹੀ ਕਵਿਤਾ ਵਰਗੀ ਹੁੰਦੀ ਹੈ। ਮਹਿੰਦਰ ਸਿੰਘ ਮਾਨ ਇਕ ਅਜਿਹਾ ਸ਼ਖਸ ਹੈ ਜੋ ਨਾ ਸਿਰਫ ਕਵਿਤਾ ਸਿਰਜ ਰਿਹਾ ਹੈ,ਸਗੋਂ ਜ਼ਿੰਦਗੀ ਨੂੰ ਕਵਿਤਾ ਵਾਂਗ ਜੀ ਰਿਹਾ ਹੈ।ਇਸੇ ਲਗਾਤਾਰਤਾ ਵਿੱਚ ਉਹ ਆਪਣਾ ਪੰਜਵਾਂ ਕਾਵਿ ਸੰਗ੍ਰਹਿ ਲੈ ਕੇ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। ‘ਚੜ੍ਹਿਆ ਸੂਰਜ’, ‘ਫੁੱਲ ਅਤੇ ਖ਼ਾਰ’, ‘ਸੂਰਜ ਦੀਆਂ ਕਿਰਨਾਂ’, ਅਤੇ ‘ਖ਼ਜ਼ਾਨਾ’ਮਗਰੋਂ ‘ਸੂਰਜ ਹਾਲੇ ਡੁੱਬਿਆ ਨਹੀਂ’ ਕਾਵਿ ਸੰਗ੍ਰਹਿ ਮਹਿੰਦਰ ਸਿੰਘ ਮਾਨ ਦੇ ਕਵਿਤਾ ਪ੍ਰਤੀ ਮੋਹ ਅਤੇ ਸਮਰਪਣ ਨੂੰ ਜ਼ਾਹਿਰ ਕਰਦਾ ਹੈ। ਇਸ ਸੰਗ੍ਰਹਿ ਵਿੱਚ 31 ਛੰਦ ਬੱਧ ਕਵਿਤਾਵਾਂ,77 ਹਾਇਕੂ,50 ਟੱਪੇ, 125 ਦੋਹੇ, 10 ਛੋਟੀਆਂ ਕਵਿਤਾਵਾਂ,11 ਗੀਤ ਅਤੇ 26 ਗ਼ਜ਼ਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਕਵਿਤਾਵਾਂ ਵਿੱਚ ਸਮਾਜਿਕ ਅਤੇ ਮਾਨਵੀ ਸਰੋਕਾਰਾਂ ਨਾਲ ਜੁੜੇ ਵਿਸ਼ੇ ਲਏ ਗਏ ਹਨ। ਮਾਂ ਬੋਲੀ ਪੰਜਾਬੀ, ਭਰੂਣ ਹੱਤਿਆ, ਰੁੱਖ, ਧੀ, ਧਰਮ, ਦੋਸਤੀ, ਮਾਂ, ਕੁੜੀਆਂ, ਨਸ਼ੇ, ਬੇਰੁਜ਼ਗਾਰੀ, ਮਜ਼ਦੂਰਾਂ ਦਾ ਸ਼ੋਸ਼ਣ, ਪੰਜਾਬ, ਆਪਣਾ ਆਲਾ ਦੁਆਲਾ, ਲੋਕ ਹਿੱਤ, ਦੇਸ਼ ਪ੍ਰੇਮ, ਪਿਆਰ, ਪਾਣੀ, ਕਿਸਾਨ, ਗਮ, ਡਾਕਟਰੀ ,ਗੱਲ ਕੀ ਸਧਾਰਣ ਮਨੁੱਖ ਦੀ ਜ਼ਿੰਦਗੀ ਨਾਲ ਜੁੜਿਆ ਸ਼ਾਇਦ ਹੀ ਕੋਈ ਅਜਿਹਾ ਪਹਿਲੂ ਹੋਵੇਗਾ ਜਿਸ ਨੂੰ ਮਹਿੰਦਰ ਸਿੰਘ ਮਾਨ ਨੇ ਆਪਣੀਆਂ ਕਵਿਤਾਵਾਂ ਵਿੱਚ ਸਮੇਟਣ ਦੀ ਕੋਸ਼ਿਸ਼ ਨਾ ਕੀਤੀ ਹੋਵੇ।
ਸਮਾਜਿਕ ਬੁਰਾਈਆਂ ਅਤੇ ਮਨੁੱਖ ਵਿਰੋਧੀ ਤਾਕਤਾਂ ਦਾ ਉਸ ਨੇ ਆਪਣੀ ਕਲਮ ਦੇ ਨਸ਼ਤਰ ਨਾਲ ਪੋਸਟ ਮਾਰਟਮ ਕੀਤਾ ਹੈ, ਜਾਂ ਇਉਂ ਕਹਿ ਲਉ ਅਜੋਕੇ ਨਿੱਘਰੇ ਹਾਲਾਤ ਲਈ ਜ਼ਿੰਮੇਵਾਰ ਲੋਕਾਂ ਨੂੰ ਕਵਿਤਾਵਾਂ ਰਾਹੀਂ ਆਈਨਾ ਵਿਖਾਉਣ ਦੀ ਸਫਲ ਕੋਸ਼ਿਸ਼ ਕੀਤੀ ਹੈ।ਕਵੀ ਦੀ ਸ਼ੋਸ਼ਿਤ ਤੇ ਕਿਸਾਨ ਮਜ਼ਦੂਰ ਨਾਲ ਪ੍ਰਤੀਬੱਧਤਾ ਪੁਖਤਾ ਤੌਰ ਤੇ ਇਨ੍ਹਾਂ ਕਵਿਤਾਵਾਂ ਵਿੱਚ ਵਿਖਾਈ ਦਿੰਦੀ ਹੈ।
ਮਹਿੰਦਰ ਸਿੰਘ ਮਾਨ ਦੀ ਕਵਿਤਾ ਸਰਲ, ਸਹਿਜ ਅਤੇ ਸੰਜਮਤਾ ਦੇ ਗੁਣਾਂ ਦੀ ਧਾਰਨੀ ਹੈ।ਕਵੀ ਉਪਰੋਕਤ ਵਿਸ਼ਿਆਂ ਨਾਲ ਆਪਣੀ ਕਵਿਤਾ ਰਾਹੀਂ ਜਾਣ ਪਛਾਣ ਕਰਾਉਂਦਾ ਹੈ। ਹਾਲਾਤ ਬਿਆਨ ਕਰਦਾ ਹੈ, ਘਟਨਾਵਾਂ ਦੀ ਮੰਜ਼ਰਕਸ਼ੀ ਕਰਦਾ ਹੈ।
ਵਿਸ਼ਿਆਂ ਦੀ ਚੋਣ, ਪੇਸ਼ਕਾਰੀ ਦੀ ਸਰਲਤਾ, ਸਾਦਗੀ, ਸੰਜੀਦਗੀ ਅਤੇ ਸੰਜਮਤਾ, ਉਸ ਦੀ ਕਵਿਤਾ ਨੂੰ ਸਹਿਜ ਸੁਭਾਉੇ ਪਾਠਕਾਂ ਦੇ ਗਿਆਨ ਦਾ ਹਿੱਸਾ ਬਣਦਿਆਂ, ਉਨ੍ਹਾਂ ਦੇ ਦਿਲਾਂ ਵਿੱਚ ਉਤਰਨ ਦੀ ਮਲਾਹਇਤ ਰੱਖਦੀ ਹੈ।ਉਸ ਦੀ ਕਵਿਤਾ ਪਾਠਕਾਂ ਦੀ ਕਾਵਿਕ ਸੰਤੁਸ਼ਟੀ ਕਰਾਉਣ ਵਿੱਚ ਸਫਲ ਜਾਪਦੀ ਹੈ।
ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਵਿਸ਼ਿਆਂ ਨੂੰ ਪੂਰੀ ਇਮਾਨਦਾਰੀ ਤੇ ਸਿਰੜਤਾ ਨਾਲ ਨਿਭਾਇਆ ਗਿਆ ਹੈ। ਕਵੀ ਦੀ ਸੋਚ ਸਕਰਾਤਮਕ ਹੈ।ਉਸ ਦੀ ਕਲਮ ਸੱਤਾ ਪੱਖ ਦੇ ਅਣਮਨੁੱਖੀ ਵਰਤਾਰਿਆਂ iਖ਼ਲਾਫ ਮੋਰਚਾ ਖੋਲ੍ਹਦੀ ਹੈ। ਕਵੀ ਕਿਸੇ ਵੀ ਤਰ੍ਹਾਂ ਸਮਝੌਤਾਵਾਦੀ ਨਹੀਂ ਜਾਪਦਾ।ਉਹ ਸਮਾਜ ਦੀ ਲਤਾੜੀ , ਨਿਮਾਣੀ ਧਿਰ ਨਾਲ ਖੜਾ ਹੈ।ਇਸ ਲਈ ਕਾਵਿ ਸੰਗ੍ਰਹਿ ਦੀਆਂ ਵਧੇਰੇ ਕਵਿਤਾਵਾਂ ਵਿੱਚ ਕਮਜ਼ੋਰ ਧਿਰ ਦਾ ਦਰਦ ਲੁਕੋਇਆ ਹੋਇਆ ਹੈ।ਆਪਣੇ ਸਰਲ ਸੁਭਾਉ ਵਾਂਗ ਹੀ ਆਪਣੀਆਂ ਕਵਿਤਾਵਾਂ, ਹਾਇਕੂ, ਗੀਤਾਂ, ਗ਼ਜ਼ਲਾਂ ਵਿੱਚ ਵੀ ਬਿਨਾਂ ਕਿਸੇ ਉਲਝਾਉ ਜਾਂ ਵਿਦਵੱਤਾ ਵਿਖਾਉਣ ਦੇ ਕਵੀ ਨੇ ਆਪਣੀ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਨੂੰ ਸੱਤ ਉਪਖੰਡਾਂ ਵਿੱਚ ਵੰਡ ਕੇ ਆਪਣੀ ਪ੍ਰਤਿਭਾ ਦਾ ਜ਼ਿਕਰਯੋਗ ਪ੍ਰਦਰਸ਼ਨ ਕੀਤਾ ਹੈ ਅਤੇ ਪਾਠਕਾਂ ਅੱਗੇ ਖੂਬਸੂਰਤ ਕਵਿਤਾਵਾਂ ਦਾ ਗੁਲਦਸਤਾ ਪੇਸ਼ ਕੀਤਾ ਹੈ।ਸੱਚ ਦੇ ਸੂਰਜ ਦੀ ਮੌਜ਼ੂਦਗੀ ਦੀ ਗਵਾਹੀ ਦਿੱਤੀ ਹੈ।
ਡਾ: ਧਰਮ ਪਾਲ ਸਾਹਿਲ
ਪੰਚਵਟੀ, ਏਕਤਾ ਇਨਕਲੇਵ-2.
ਬੂਲਾਂ ਬਾੜੀ, ਹੁਸ਼ਿਆਰਪੁਰ।
ਫੋਨ 9876156964

LEAVE A REPLY

Please enter your comment!
Please enter your name here