ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ,ਮਹਾਨ ਕਵੀਆਂ ਅਤੇ ਅਮੀਰ ਵਿਰਸੇ ਨਾਲ ਵਰੋਸਾਈ ਧਰਤੀ ਹੈ।ਸਾਡੀ ਇਸ ਪੰਜਾਬ ਦੀ ਧਰਤੀ ਨੂੰ ਕੁਦਰਤ ਦੀ ਦੇਣ ਵੱਖ ਵੱਖ ਰੁੱਤਾਂ ਅਤੇ ਮੌਸਮ ਹਨ।ਪੰਜਾਬੀ ਮਾਂ ਬੋਲੀ ਦਾ ਦੁਨੀਆਂ ਦੀਆਂ ਬੋਲੀਆਂ ਵਿੱਚ ਵਿਲੱਖਣ ਅਤੇ ਅਹਿਮ ਸਥਾਨ ਹੈ।ਸਾਡਾ ਅਮੀਰ ਸੱਭਿਆਚਾਰਕ ਵਿਰਸਾ ਅਤੇ ਲੋਕ ਗੀਤ ਦੁਨੀਆਂ ਵਿੱਚ ਆਪਣੀ ਵੱਖਰੀ ਟੌਰ ਰੱਖਦੇ ਹਨ। ਸਾਡੇ ਸੱਭਿਆਚਾਰ ਦੀ ਹਰ ਵੰਨਗੀ, ਰੁੱਤ, ਮੌਸਮ,ਰੁੱਤਾਂ, ਤਿਉਹਾਰਾਂ,ਪੰਜਾਬ ਦੀ ਸਮਾਜਿਕ, ਰਾਜਨੀਤਕ, ਧਾਰਮਿਕ ਸਥਿਤੀ, ਰਿਸ਼ਤੇ-ਨਾਤੇ,ਖੁਸ਼ੀ, ਗਮੀ ਆਦਿ ਨੂੰ ਦਰਸਾਉਂਦੇ ਲੇਖ,ਕਵਿਤਾਵਾਂ, ਗੀਤ,ਨਾਟਕ ਆਦਿ ਸਾਡੇ ਸਾਹਿਤਕਾਰਾਂ ਰਚੇ ਹਨ।ਅੱਜ ਇੱਥੇ ਸਿਰਫ ਪੰਜਾਬੀ ਮਾਂ ਬੋਲੀ ਦੀ ਆਣ,ਬਾਣ ਅਤੇ ਸ਼ਾਨ ਨੂੰ ਬਰਕਰਾਰ ਰੱਖਦੇ ਅਤੇ ਪੰਜਾਬੀ ਵਿਰਸੇ ਦੀ ਅਮੀਰੀ ਦਰਸਾਉਂਦੇ ਲੋਕ ਗੀਤਾਂ ਦਾ ਜ਼ਿਕਰ ਕਰਾਂਗੇ।
ਪੰਜਾਬ ਵਿੱਚ ਜੰਮਣ ਤੋਂ ਲੈਕੇ ਮਰਣ ਤਕ ਦੀਆਂ ਸਾਰੀਆਂ ਪਰੰਪਰਾਵਾਂ/ਕ੍ਰਿਆਵਾਂ ਗੀਤ ਸੰਗੀਤ ਨਾਲ ਹੀ ਨਿਭਾਈਆਂ ਜਾਂਦੀਆਂ ਹਨ।ਲੋਕ ਗੀਤਾਂ ਦੀ ਰਚਨਾ ਕਿਸੇ ਵਿਸ਼ੇਸ਼ ਨੇ ਨਹੀਂ ਕੀਤੀ,ਇਹ ਤਾਂ ਆਮ ਸਾਧਾਰਨ ਲੋਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਗੀਤਾਂ ਦੇ ਰੂਪ ਵਿੱਚ ਫੁੱਟ ਕੇ ਨਿਕਲੇ ਹਨ। ਲੋਕ ਗੀਤਾਂ ਵਿੱਚ ਲੇਖਕਾਂ ਦੀ ਸਾਦਗੀ, ਸਰਲਤਾ, ਅਲਬੇਲਾਪਣ ਅਤੇ ਗੂੜ੍ਹੀ ਸਾਂਝ ਛੁਪੀ ਹੁੰਦੀ ਹੈ।ਲੋਕ ਗੀਤ ਮਨੁੱਖੀ ਮਨ ਚੋਂ ਉੱਠਣ ਵਾਲੀਆਂ ਸੱਧਰਾਂ, ਤਾਂਘਾਂ, ਉਬਾਲਾਂ, ਪਿਆਰ ਦਾ ਇਜਹਾਰ, ਹੌਂਕੇ-ਹਾਵੇ ਦਾ ਆਪ ਮੁਹਾਰਾ ਪ੍ਰਗਟਾਅ ਹੁੰਦੇ ਹਨ।ਪੰਜਾਬੀ ਲੋਕ ਗੀਤ ਇਸ ਦ੍ਰਿਸ਼ਟੀ ਤੋਂ ਵਧੇਰੇ ਭਾਵਪੂਰਨ ਹਨ,ਕਿਉਂਕਿ ਪੰਜਾਬੀਆਂ ਦਾ ਜੀਵਨ ਵਧੇਰੇ ਕਠਿਨਾਈਆਂ ਭਰਪੂਰ, ਘੋਲਾਂ, ਸੰਗਰਾਮਾਂ, ਪਿਆਰ ਅਤੇ ਕੁਰਬਾਨੀਆਂ ਦਾ ਜੀਵਨ ਹੈ।
ਲੋਕ ਗੀਤਾਂ ਦੇ ਅਨੇਕਾਂ ਰੂਪ ਹਨ;ਜਿਵੇਂ ਖੁਸ਼ੀ ਗਮੀ ਦੇ ਗੀਤ,ਝੂਮਰ,ਢੋਲਾ, ਟੱਪੇ, ਮਾਹੀਆ, ਬੋਲੀਆਂ ਆਦਿ।ਜੀਵਨ ਦੀ ਹਰ ਰਸਮ,ਹਰ ਰੀਤ ,ਹਰ ਰਿਵਾਜ਼ ਗੀਤਾਂ ਦੀ ਕੋਮਲ ਅਤੇ ਮਿੱਠੀ ਧੁਨ ਦੁਆਲੇ ਕੇਂਦਰਿਤ ਹੈ।ਆਉ ਲੋਕ ਗੀਤਾਂ ਦੀਆਂ ਵੱਖੋ ਵੱਖ ਵੰਨਗੀਆਂ ਤੇ ਸੰਖੇਪ ਝਾਤ ਮਾਰੀਏ।
ਬਚਪਨ ਦੇ ਗੀਤ-
ਜਦੋਂ ਘਰ ਵਿੱਚ ਬੱਚਾ ਜੰਮਦਾ ਹੈ ਤਾਂ ਪਰਿਵਾਰਾਂ ਦੇ ਜੀਆਂ ਦੇ ਮਨਾਂ ਚ ਖੁਸ਼ੀ ਹੋਣਾ ਲਾਜਮੀ ਹੈ।ਬੱਚੇ ਦੀ ਮਾਂ,ਭੂਆ, ਦਾਦੀ ,ਨਾਨੀ, ਚਾਚੀ, ਤਾਈ,ਮਾਸੀਆਂ ਉਸਨੂੰ ਲੋਰੀਆਂ ਦਿੰਦੀਆਂ ਨਹੀਂ ਥਕਦੀਆਂ।
ਮਾਂ ਆਪਣੇ ਦਿਲ ਦੇ ਟੁਕੜੇ ਨੂੰ ਲੋਰੀਆਂ ਦਿੰਦੀ ਹੈ ਅਤੇ ਸੁਰ ਅਤੇ ਲੈਅ ਵਿਚ ਗਾਉਂਦੀ ਹੈ:-
“ਲੋਰੀ ਲੱਕੜੇ,..ਊਂ..ਊਂ…
ਤੇਰੀ ਮਾਂ ਸਦੱਕੜੇ,..ਊਂ…ਊਂ…”
ਨਾਨਕੇ ਘਰ ਮਾਸੀ ਪਿੱਠ ਥਾਪੜਦੀ ਗਾਉਂਦੀ ਹੈ:-
“ਸੌ ਜਾ ਕਾਕਾ ਤੂੰ,ਤੇਰੇ ਬੋਦੇ ਵੜ ਗਈ ਜੂੰ।
ਕੱਢਣ ਵਾਲੀਆਂ ਮਾਸੀਆਂ, ਕਢਾਉਣ ਵਾਲਾ ਤੂੰ।”
ਦਾਦਕੇ ਘਰ ਜੰਮੇ ਬੱਚੇ ਨੂੰ ਚਾਅ ਨਾਲ ਖੀਵੀ ਹੋਈ ਭੂਆ ਲੋਰੀਆਂ ਦਿੰਦੀ ਹੈ:-
“ਕਾਕੜੀਆਂ,ਬਲਾਕੜੀਆਂ,ਟਾਹਲੀਆਂ ਤੇਰੇ ਬੱਚੇ,
ਨਾਨਾ ਤੇਰਾ ਢੋਲ ਵਜਾਵੇ,ਨਾਨੀ ਤੇਰੀ ਨੱਚੇ”
ਕਿੱਕਲੀ ਪਾਉਂਦੀਆਂ ਕੁੜੀਆਂ ਆਪਣੇ ਵੀਰ ਪ੍ਰਤੀ ਪਿਆਰ ਦਾ ਇਜ਼ਹਾਰ ਕਰਦੀਆਂ ਝੂਮਦੀਆਂ ਤੇ ਗਾਉਂਦੀਆਂ ਹਨ:-
“ਕਿੱਕਲੀ ਕਲੀਰ ਦੀ ,ਪੱਗ ਮੇਰੇ ਵੀਰ ਦੀ।
ਦੁਪੱਟਾ ਮੇਰੇ ਭਾਈ ਦਾ,ਫਿੱਟੇ ਮੂੰਹ ਜਵਾਈ ਦਾ।”
ਵਿਆਹ ਸਮੇਂ ਦੇ ਗੀਤ:-
ਵਿਆਹ ਸਮੇਂ ਦੀ ਖੁਸ਼ੀ ਦਾ ਮਾਹੌਲ ਚਾਵਾਂ ਮਲ੍ਹਾਰਾਂ ਵਾਲਾ ਹੁੰਦਾ ਹੈ।ਇਸ ਵੇਲੇ ਗੀਤਾਂ ਦਾ ਜਿਵੇਂ ਹੜ੍ਹ ਆ ਜਾਂਦਾ ਹੈ।ਵਿਆਹ ਤੋਂ ਕੁੱਝ ਕੁ ਦਿਨ ਪਹਿਲਾਂ ਘਰ ਵਿੱਚ ਗਾਉਣ ਬਿਠਾਇਆ ਜਾਂਦਾ ਹੈ।ਮੁੰਡੇ ਵਾਲੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਕੁੜੀ ਵਾਲੇ ਘਰ ਸੁਹਾਗ।ਸਾਡੇ ਸੱਭਿਆਚਾਰਕ ਵਿਰਾਸਤ ਚ ਸੁਹਾਗ ਸੰਬੰਧੀ ਲੋਕ ਗੀਤ :-
1.”ਬਾਬਲ ਨੂੰ ਆਖ ਰਹੀ,
ਮੇਰਾ ਅੱਸੂ ਦਾ ਕਾਜ ਰਚਾਵੀਂ।
ਤੇਰਾ ਅੰਨ ਨਾ ਤਰੱਕੇ ਕੋਠੜੀ,
ਤੇਰਾ ਦਹੀਂ ਨਾ ਉਬਾਲਿਆ ਜਾਏ।”
2.”ਦੇਵੀਂ ਵੇ ਬਾਬਲ ਓਸ ਘਰੇ,
ਜਿੱਥੇ ਸੱਸ ਭਲੀ ਪਰਧਾਨ
ਸਹੁਰਾ ਸਰਦਾਰ ਹੋਵੇ।”
3.”ਮਾਏ ਨੀ ਸੁਣ ਮੇਰੀਏ ਵਾਰੀ,
ਮੇਰੇ ਬਾਬਲ ਨੂੰ ਸਮਝਾ।
ਸਾਡੇ ਤਾਂ ਹਾਣਦੀਆਂ ਸਹੁਰੇ ਵਾਰੀ,
ਸਾਡੜੇ ਮਨ ਵਿੱਚ ਚਾਅ”
ਮੁੰਡੇ ਘਰ ਵਿੱਚ ਵੀ ਇਸ ਖੁਸ਼ੀਆਂ ਖੇੜ੍ਹੇ ਭਰੇ ਮਾਹੌਲ ਵਿੱਚ ਘੋੜੀਆਂ,ਗੀਤ ਗਾਏ ਜਾਂਦੇ ਹਨ।ਇਸ ਵਿੱਚ ਮੁੰਡੇ ਦੀ ਮਾਂ,ਭੈਣ,ਭਰਜਾਈ, ਚਾਚੀਆਂ, ਤਾਈਆਂ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਇਸਤਰੀਆਂ ਮੁੰਡੇ ਦੇ ਖਾਨਦਾਨ ਦੀ ਵਡਿਆਈ ਅਤੇ ਵਿਆਹ ਦੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਹਨ।ਲੋਕ ਗੀਤਾਂ ਵਿੱਚ ਦੁਹਰਾ,ਪ੍ਰਾਕ੍ਰਿਤਿਕ,ਛੋਹਾਂ, ਲੋਅ ਅਤੇ ਬੋਲਾਂ ਵਿੱਚ ਰਵਾਨਗੀ ਹੁੰਦੀ ਹੈ:-
“ਹਰਿਆ ਨੀ ਮਾਏ,ਹਰਿਆ ਨੀ ਭੈਣੇ।
ਹਰਿਆ ਤੇ ਭਾਗੀਂ ਭਰਿਆ ।
ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆ।
ਸੋਈਓ ਦਿਹਾੜਾ ਭਾਗੀਂ ਭਰਿਆ।”
2.”ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ।
ਬਾਬਾ ਵਿਆਉਣ ਪੋਤੇ ਨੂੰ ਚੱਲਿਆ,
ਲੱਠੇ ਨੇ ਖੜ ਖੜ ਲਾਈ ਰਾਮਾ।”
ਸਾਡੇ ਸੱਭਿਆਚਾਰ ਚ ਵੱਟਣਾ ਮਲਣਾ ਵਿਆਹ ਵੇਲੇ ਦੀ ਇੱਕ ਅਹਿਮ ਰਸਮ ਹੁੰਦੀ ਹੈ।ਇਸ ਨੂੰ ਨਹਾਈ ਧੋਈ ਦੀ ਰਸਮ ਵੀ ਕਿਹਾ ਜਾਂਦਾ ਹੈ।ਇਸ ਸਮੇਂ ਮੁੰਡੇ ਅਤੇ ਕੁੜੀ ਦੇ ਘਰ ਦੀਆਂ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ ਗੀਤ :-
“ਆਂਗਨ ਸਾਡੇ ਚੀਕਣਾ ਵੇ,
ਕੀਹਨੇ ਡੋਲ੍ਹਿਆ ਪਾਣੀ।
ਬਾਬੇ ਦਾ ਪੋਤਾ ਨਾਤੜਾ ਵੇ,
ਉਹਨੇ ਡੋਲ੍ਹਿਆ ਪਾਣੀ।
…………………….
ਬਾਬਲ ਦਾ ਬੇਟਾ ਨਾਤੜਾ ਵੇ
ਉਹਨੇ ਡੋਲ੍ਹਿਆ ਪਾਣੀ।”
“ਫੁੱਲਾਂ ਭਰੀ ਚੰਗੇਰ ਇੱਕ ਤੋੜੀ ਦਾ ,
ਜੀ ਐਸ ਵੇਲੇ ਜਰੂਰ ਮਾਮਾ ਲੋੜੀਦਾ।”
“ਨ੍ਹਾਈ ਧੋਈ ਹੋਗੀ ਵੀਰਾ ਵੇ
ਭੈਣਾਂ ਨੇ ਗਾਏ ਗੀਤ।
ਮਾਮੇ ਨੇ ਪਟੜਿਓਂ ਲਾਹ ਲਿਆ
ਪੂਰੀ ਹੋ ਗਈ ਜੱਗ ਦੀ ਰੀਤ
ਵੇ ਵੀਰ ਪਿਆਰਿਆ ਵੇ।”
ਬਰਾਤ ਵਾਲੇ ਦਿਨ ਲਾੜੇ ਦੀਆਂ ਭੈਣਾਂ ਵੱਲੋਂ ਲਾੜੇ ਦੇ ਸਿਹਰਾ ਸਜਾਇਆ ਜਾਂਦਾ ਹੈ।ਅਤੇ ਲੋਕ ਗਾਇਆ ਜਾਂਦਾ ਹੈ:-
“ਮੱਥੇ ਤੇ ਚਮਕਣ ਵਾਲ
ਮੇਰੇ ਬੰਨੜੇ ਦੇ “
ਇੱਕ ਹੋਰ ਸਿਹਰਾ ਦਾ ਲੋਕ ਗੀਤ ਹੈ:-
“ਲੈ ਮੇਰੀ ਮਾਲਣ ,ਬੰਨ੍ਹ ਨੀਂ ਸਿਹਰਾ
ਬੰਨ੍ਹ ਨੀਂ ਲਾਲ ਜੀ ਦੇ ਮੱਥੇ।
ਹਰਿਆ ਨੀਂ ਮਾਲਣ ,ਹਰਿਆ ਨੀ ਭੈਣੇ
ਹਰਿਆ ਤੇ ਬਾਗੀ ਭਰਿਆ।”
ਲੜਕੀ ਵਾਲਿਆਂ ਦੇ ਘਰ ਜੰਝ ਢੁੱਕਣ ਤੇ ਲਾੜੀ ਦੀ ਸਹੇਲੀਆਂ ਇਉਂ ਸੁਨੇਹਾ ਦਿੰਦੀਆਂ ਹਨ:-
“ਆਇਆ ਲਾੜੀਏ ਨੀ,
ਤੇਰਾ ਸਿਹਰਿਆਂ ਵਾਲਾ ਵਿਆਹਣ ਆਇਆ।
ਆਇਆ ਤੇ ਸਦਾ ਰੰਗ ਲਾਇਆ ਨੀ,
ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ।”
ਸਿੱਠਣੀਆਂ ਦੇ ਗੀਤ :-
ਕੁੜੀ ਵਾਲੇ ਘਰ ਬਰਾਤੀਆਂ, ਵਿਚੋਲੇ ,ਲਾੜੇ ਅਤੇ ਲਾੜੇ ਦੇ ਬਾਪ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ, ਜਿਵੇ:-

“ਮੱਕੀ ਦਾਣਾ ਟਿੰਡ ਵਿੱਚ ਨੀ ,
ਵਿਚੋਲਾ ਨੀ ਰੱਖਣਾ ਪਿੰਡ ਵਿੱਚ ਨੀ।”
ਡੋਲੀ ਦੇ ਗੀਤ-
ਸਾਡੇ ਲੋਕ ਗੀਤ ਡੋਲੀ ਤੋਰਨ ਵੇਲੇ ਵਿਆਹੀ ਜਾਣ ਵਾਲੀ ਕੁੜੀ ਦੇ ਦਿਲ ਦੀ ਹੂਕ ਅਤੇ ਭਾਵਨਾਵਾਂ ਨੂੰ ਵੀ ਪ੍ਰਗਟਾਉਂਦੇ ਹਨ।
“ਮੇਰੀ ਡੋਲੀ ਤੇ ਪਾ ਦਿਉ ਲੋਈ,
ਮੈਂ ਅੱਜ ਪ੍ਰਦੇਸਣ ਹੋਈ।
ਮੇਰੀ ਡੋਲੀ ਤੇ ਪਾ ਦਿਉ ਖੇਸ
ਮੈਂ ਜਾਣਾ ਬਿਗਾਨੇ ਦੇਸ।”
ਭੈਣ ਭਰਾ ਦੇ ਰਿਸ਼ਤੇ ਦੇ ਗੀਤ-
ਭੈਣ ਅਤੇ ਭਰਾ ਦੇ ਰਿਸ਼ਤੇ ਵਿੱਚ ਅੰਤਾਂ ਦਾ ਪਿਆਰ ਛੁਪਿਆ ਹੁੰਦਾ ਹੈ।ਲੋਕ ਗੀਤਾਂ ਵਿੱਚ ਇਸ ਰਿਸ਼ਤੇ ਨੂੰ ਵਿਸ਼ੇਸ਼ ਦਰਜਾ ਹਾਸਿਲ ਹੈ।ਛੋਟੀ ਉਮਰ ਤੋਂ ਹੀ ਭੈਣ ਗੀਤਾਂ ਵਿੱਚ ਭਰਾ ਦੀਆਂ ਸੁੱਖਾ ਮੰਗਦੀ ਹੈ।
“ਇੱਕ ਵੀਰ ਦੇਈਂ ਵੇ ਰੱਬਾ
ਸੌਂਹ ਖਾਣ ਨੂੰ ਬੜਾ ਚਿੱਤ ਕਰਦਾ।”
ਭੈਣਾਂ ਜਦੋਂ ਵਿਆਹੀਆਂ ਜਾਂਦੀਆਂ ਹਨ ਤਾਂ ਸਭਨਾਂ ਅੰਗਾਂ ਸਾਕਾਂ ਵਿੱਚੋਂ ਕੇਵਲ ਆਪਣੇ ਵੀਰ ਉੱਤੇ ਹੀ ਆਸ ਹੁੰਦੀ ਹੈ, ਜੋ ਉਸਦੇ ਦੁੱਖ ਦਰਦ ਵਿੱਚ ਬਹੁੜਦਾ ਹੈ।
“ਉੱਡੀਂ-ਉੱਡੀਂ ਵੇ ਕਾਵਾਂ, ਜਾਈਂ ਬਾਬਲ ਦੇ ਦੇਸ।
ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ, ਰੋਊਗੀ ਗੁੱਡੀਆਂ ਫੋਲ ਕੇ।
ਇੱਕ ਨਾ ਦੱਸੀ ਮੇਰੇ ਰਾਜੇ ਬਾਬਲ ਨੂੰ ,ਰੋਊਗਾ ਕਚਿਹਰੀ ਛੱਡ ਕੇ……”
ਗਿੱਧੇ ਦੇ ਲੋਕ ਗੀਤ-
ਪੰਜਾਬ ਦਾ ਗਿੱਧਾ, ਭੰਗੜਾ, ਲੋਕ-ਨਾਚ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦੀ ਸ਼ਾਨ ਅਤੇ ਵਿਲੱਖਣਤਾ ਪੇਸ਼ ਕਰਦੇ ਹਨ।ਪੰਜਾਬ ਦੀਆਂ ਹੁਸਨ ਮੱਤੀਆਂ ਗਹਿਣਿਆਂ ਨਾਲ ਲੱਦੀਆਂ ਅੱਲ੍ਹੜ ਮੁਟਿਆਰਾਂ ਜਦੋਂ ਨੱਚਦੀਆਂ-ਟੱਪਦੀਆਂ ਅਤੇ ਦੂਹਰੀਆਂ ਹੋ ਹੋ ਕੇ ਬੋਲੀਆਂ ਪਾਉਂਦੀਆਂ ਹਨ ਤਾਂ ਧਰਤੀ ਤੇ ਭੂਝਾਲ ਲਿਆ ਦਿੰਦੀਆਂ ਹਨ।
“ਕੱਠੀਆਂ ਹੋਕੇ ਆਈਆਂ ਗਿੱਧੇ ਵਿੱਚ ਇੱਕੋ ਜਿਹੀਆਂ ਮੁਟਿਆਰਾਂ,
ਚਾਨਣ ਦੇ ਵਿੱਚ ਏਦਾਂ ਚਮਕਣ ਜਿਉ ਸੋਨੇ ਦੀਆਂ ਤਾਰਾਂ।
ਦੂਹਰੀਆਂ ਹੋ ਹੋ ਨੱਚਣ ਕੁੜੀਆਂ, ਜਿਉਂ ਹਰਨਾਂ ਦੀਆਂ ਡਾਰਾਂ,
ਜੋਰ ਜਵਾਨੀ ਦਾ ਲੁੱਟ ਲੈ ਮੌਜ ਬਹਾਰਾਂ।”
ਇਸੇ ਤਰ੍ਹਾਂ ਪੰਜਾਬੀ ਗੱਭਰੂਆਂ ਦੇ ਖੁੱਲ੍ਹੇ ਡੁੱਲ੍ਹੇ ਸੁਭਾਅ ਅਤੇ ਭਰਵੇਂ ਜੁੱਸੇ ,ਪਹਿਰਾਵੇ ਆਦਿ ਨੂੰ ਵੀ ਲੋਕ ਗੀਤਾਂ ਵਿੱਚ ਬਿਆਨ ਕੀਤਾ ਗਿਆ ਹੈ।
“ਸਾਡੇ ਪਿੰਡ ਦੇ ਮੁੰਡੇ ਦੇ ਲਓ, ਜਿਉਂ ਟਾਹਲੀ ਦੇ ਪਾਵੇ।
ਕੰਨੀਦਾਰ ਮੁੰਡੇ ਬੰਨਦੇ ਚਾਦਰੇ,ਜਿਉਂ ਪਿੰਜਣੀ ਨਾਲ ਸੁਹਾਵੇ।
ਗਿੱਧਾ ਪਾਉਂਦੇਂ ਮੁੰਡਿਆਂ ਦੀ ਸਿਫਤ ਕਰੀ ਨਾ ਜਾਵੇ।”
ਇਸ ਤੋਂ ਇਲਾਵਾ ਪੰਜਾਬ ਦੇ ਹੁਸਨ ਦੀ ਚਰਚਾ ਵੀ ਸਾਡੇ ਲੋਕ ਵਿੱਚ ਕੀਤੀ ਗਈ ਹੈ।
“ਹੁਸਨ ਕੁਆਰੀ ਦਾ
ਜਿਉਂ ਦਿਨ ਚੜ੍ਹਦੇ ਦੀ ਲਾਲੀ।”
“ਦੁੱਧ ਰਿੜਕੇ ਝਾਂਜਰਾਂ ਵਾਲੀ
ਕੈਂਠੇ ਵਾਲਾ ਧਾਰ ਕੱਢਦਾ”
ਆਰਥਿਕ ਮੰਦਹਾਲੀ ਦੇ ਗੀਤ –
ਸਾਡੇ ਲੋਕ ਗੀਤ ਪੰਜਾਬੀ ਸਮਾਜਿਕ ਦਸ਼ਾ ਦੀ ਸੁਚੱਜੀ ਤਰਜਮਾਨੀ ਕਰਦੇ ਹਨ।ਲੋਕ ਗੀਤਾਂ ਵਿੱਚ ਆਰਥਿਕ ਦਸ਼ਾ ਦਾ ਜ਼ਿਕਰ ਵੀ ਮਿਲਦਾ ਹੈ।
“ਜੱਟ ਜੱਟੀ ਨੂੰ ਲੈਣ ਨਾ ਜਾਵੇ,
ਡਰਦਾ ਕਬੀਲਦਾਰੀਉਂ।”
ਇਸ ਤੋਂ ਇਲਾਵਾ ਹੋਰ ਵੀ ਬਹੁਤ ਲੋਕ ਗੀਤ ਹਨ , ਕਿਉਂਕਿ ਪੰਜਾਬੀ ਸਾਹਿਤ ਬਹੁਤ ਹੀ ਅਮੀਰ ਅਤੇ ਵਿਲੱਖਣਤਾ ਭਰਿਆ ਹੈ।
**ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉੱਡ ਜਾਣਾ।
**ਲੈ ਦਿਉਰਾ ਤੈਨੂੰ ਅੱਡ ਕਰ ਦੇਨੀ ਆ
ਦੇ ਕੇ ਸੇਰ ਕੁ ਆਟਾ।
ਵੇ ਨਿੱਤ ਕੌਣ ਲੜੇ
ਕੌਣ ਪਵਾਵੇ ਝਾਟਾ।
**ਆਉਣ ਪੇਕਿਆਂ ਤੋਂ ਠੰਡੀਆਂ ਹਵਾਵਾਂ
ਵੀਰ ਮੇਰੇ ਰਹਿਣ ਵਸਦੇ।
**ਬਾਪੂ ਵੇ ਅੱਡ ਹੁੰਨੀ ਆਂ
ਗਾਂ ਲੈ ਦੇ ,ਇੱਕ ਮਹਿੰ ਲੈ ਦੇ ,
ਇੱਕ ਬੋਤੀ ਝਾਂਜਰਾਂ ਵਾਲੀ ਵੇ
ਅੱਡ ਹੁੰਨੀ ਆਂ।
“ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ,
ਕਰਦੀਆਂ ਗਾਲੜੀਆਂ।
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ।”
ਰੁੱਤਾਂ ਦੇ ਗੀਤ:- ਪੰਜਾਬ ਦੀ ਹਰ ਰੁੱਤ ਵੰਨ ਸੁਵੰਨਤਾ ਅਤੇ ਸੁਹਾਵਣਾਪਣ ਲੈ ਕੇ ਆਉਦੀ ਹੈ।
“ਚੇਤਰ ਨਾ ਜਾਈਂ ਚੰਨਾਂ
ਖਿੜ੍ਹੀ ਬਹਾਰ ਵੇ।
ਵਿਸਾਖ ਨਾ ਜਾਈਂ ਚੰਨਾਂ
ਕੰਮਾਂ ਦੀ ਮਾਰ ਵੇ।”
ਤੀਆਂ ਦੇ ਗੀਤ:-
“ਰਲ ਆਓ ਸਈਓ ਨੀ,
ਸਭ ਤੀਆਂ ਖੇਡਣ ਜਾਈਏ।
ਚੜ੍ਹ ਆ ਗਿਆ ਸਾਵਣ ਨੀ,
ਪੀਘਾਂ ਪਿੱਪਲੀਂ ਜਾ ਕੇ ਪਾਈਏ।”
ਸੱਥਰ ਵੇਲੇ ਦੇ ਵੈਣ-
ਪੰਜਾਬੀ ਸੁਆਣੀ ਦੁਖੀ ਦਿਲ ਦੀਆਂ ਅਸਹਿ ਸੱਟਾਂ ਨੂੰ ਮਰਨ ਸਮੇਂ ਵੈਣ ਪਾ ਕੇ ਦੁਨੀਆਂ ਦੀ ਬੇਸਬਾਸੀ,ਮੌਤ ਦੇ ਅੱਲਟ ਹੁਕਮ ਤੇ ਮਰਨ ਵਾਲੇ ਦੀਆਂ ਸਿਫਤਾਂ ਮਿਲਵੀ ਹੇਕ ਵਿੱਚ ਦਰਸਾਉਂਦੀ ਹੈ।
“ਤੈਨੂੰ ਮੌਤ ਪੁਛੇਂਦੀ ਆਈ, ਧੀਏ!
ਹਾਇਆ ਧੀਏ!
ਤੈਨੂੰ ਕੀ ਹੋਇਆ ਕੀ ਹੋਇਆ,
ਬੀਬੋ ਮੋਰਨੀਏ!
ਹਾਇਆ ਧੀਏ ਮੋਰਨੀਏ!”
ਨਸੀਹਤ ਵਾਲੇ ਗੀਤ:-
ਢਾਈਏ ਢਾਈਏ ਢਾਈਏ,
ਮਾਪੇ ਹੁੰਦੇ ਰੱਬ ਵਰਗੇ
ਸਦਾ ਰੱਬ ਦਾ ਨਾਮ ਧਿਆਈਏ।”
ਇਸ ਤੋਂ ਸਾਡੀ ਆਸਤਾ, ਇਤਿਹਾਸ ਅਤੇ ਧਰਮ ਦੀ ਸਹੀ ਤਰਜਮਾਨੀ ਕਰਦੇ ਗੀਤ ਵੀ ਸਾਡਾ ਸਾਹਿਤ ਸਮੋਈ ਬੈਠਾ ਹੈ।
ਪੰਜਾਬੀ ਲੋਕ ਗੀਤ ਪੰਜਾਬੀ ਸਾਹਿਤ, ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਜਿੰਦ ਜਾਨ ਹਨ।ਇਹ ਸਾਡੀ ਸੱਭਿਆਚਾਰਕ ਅਮੀਰੀ, ਸਮਾਜਿਕ ਕਦਰਾਂ ਕੀਮਤਾਂ ,ਸਾਡੀ ਸ਼ਾਨ ਅਤੇ ਮਾਣ ਦਾ ਪ੍ਰਤੀਕ ਹਨ।ਇਹਨਾਂ ਨੂੰ ਸੰਭਾਲਣ ਲਈ ਬਹੁਤ ਲੋੜ ਹੈ, ਨਹੀਂ ਤਾਂ ਅਸੀਂ ਇੱਕ ਦਿਨ ਸਾਡੀ ਇਸ ਅਮੀਰ ਵਿਰਾਸਤ ਤੋਂ ਵਿਰਵੇ ਹੋ ਜਾਵਾਂਗੇ।

LEAVE A REPLY

Please enter your comment!
Please enter your name here