ਮੈਡ੍ਰਿਡ

ਰੀਅਲ ਮੈਡ੍ਰਿਡ ਨੇ ਐਟਲੇਟਿਕੋ ਮੈਡ੍ਰਿਡ ਵਿਰੁੱਧ ਸੈਮੀਫਾਈਨਲ ਮੁਕਾਬਲੇ ਵਿਚ 1-2 ਨਾਲ ਮਿਲੀ ਹਾਰ ਦੇ ਬਾਵਜੂਦ ਕੁਲ 4-2 ਦੀ ਔਸਤ ਨਾਲ ਲਗਾਤਾਰ ਦੂਜੀ ਵਾਰ ਚੈਂਪੀਅਨਸ ਲੀਗ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ, ਜਿਥੇ ਉਹ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਜੁਵੈਂਟਸ ਨਾਲ ਭਿੜੇਗੀ । ਵਿਸੇਂਟ ਕੈਲਡੇਰੋਨ ਸਟੇਡੀਅਮ ਵਿਚ ਹੋਏ ਮੁਕਾਬਲੇ ਵਿਚ ਐਟਲੇਟਿਕੋ ਨੇ ਮੈਚ ਵਿਚ ਸਾਲ ਨਿਗੁਏਜ ਦੇ ਹੈਡਰ ਤੇ ਫਿਰ ਐਂਟੋਨੀ ਗ੍ਰਿਜੇਮੈਨ ਦੀ ਪੈਨਲਟੀ ਦੀ ਬਦੌਲਤ ਦੋ ਗੋਲਾਂ ਦੀ ਬੜ੍ਹਤ ਬਣਾਈ ਸੀ ਪਰ 42ਵੇਂ ਮਿੰਟ ਵਿਚ ਇਸਕੋ ਨੇ ਗੋਲ ਕਰ ਕੇ ਰੀਅਲ ਨੂੰ ਮੁਕਾਬਲੇ ਵਿਚ ਵਾਪਸੀ ਦਿਵਾਉਣ ਦੀ ਕੋਸ਼ਿਸ਼ ਕੀਤੀ। ਰੀਅਲ ਦੀ ਟੀਮ ਹਾਲਾਂਕਿ ਇਹ ਮੁਕਾਬਲਾ 1-2 ਨਾਲ ਹਾਰ ਗਈ ਪਰ ਉਸ ਨੇ ਦੋਵੇਂ ਗੇੜ ਦੇ ਕੁੱਲ 4-2 ਦੇ ਫਰਕ ਨਾਲ ਜਿੱਤ ਹਾਸਲ ਕਰਕੇ ਲਗਾਤਾਰ ਦੂਜੀ ਵਾਰ ਚੈਂਪੀਅਨਸ ਲੀਗ ਫਾਈਨਲ ਦੀ ਟਿਕਟ ਕਟਾ ਲਈ । ਰੀਅਲ ਨੇ ਚੈਂਪੀਅਨਸ ਲੀਗ ਵਿਚ ਲਗਾਤਾਰ ਚਾਰ ਸੈਸ਼ਨਾਂ ਵਿਚ ਐਟਲੇਟਿਕੋ ਦੀਆਂ ਉਮੀਦਾਂ ਨੂੰ ਤੋੜਿਆ ਹੈ, ਜਿਸ ਵਿਚ 2014 ਤੇ 2016 ‘ਚ ਉਸ ਨੇ ਐਟਲੇਟਿਕੋ ਨੂੰ ਫਾਈਨਲ ਵਿਚ ਹਰਾਇਆ ਸੀ। ਜਿਨੇਦਿਨ ਜਿਦਾਨ ਦੀ ਟੀਮ ਹੁਣ ਕਾਰਡਿਫ ਵਿਚ 3 ਜੂਨ ਨੂੰ ਜੁਵੈਂਟਸ ਵਿਰੁੱਧ ਫਾਈਨਲ ਵਿਚ ਉਤਰੇਗੀ ਤੇ ਜੇਕਰ ਉਹ ਜਿੱਤ ਦਰਜ ਕਰਦੀ ਹੈ ਤਾਂ ਉਹ ਪਹਿਲੀ ਟੀਮ ਹੋਵੇਗੀ, ਜਿਹੜੀ ਚੈਂਪੀਅਨਸ ਲੀਗ ਦਾ ਬਚਾਅ ਕਰ ਲਵੇਗੀ । ਰੀਅਲ ਦੀ ਮੈਚ ਵਿਚ ਹਾਰ ਦੇ ਬਾਵਜੂਦ ਔਸਤ ਨਾਲ ਮਿਲੀ ਜਿੱਤ ਦਾ ਸਿਹਰਾ ਕ੍ਰਿਸਟੀਆਨੋ ਰੋਨਾਲਡੋ ਨੂੰ ਜਾਂਦਾ ਹੈ, ਜਿਸ ਨੇ ਪਹਿਲੇ ਗੇੜ ਦੇ ਮੈਚ ਵਿਚ ਹੈਟ੍ਰਿਕ ਨਾਲ ਗੋਲ ਔਸਤ ਨੂੰ ਉੱਚਾ ਰੱਖਿਆ ਤੇ ਅੰਤ ਵਿਚ ਫਾਈਨਲ ਦੀ ਟਿਕਟ ਦਿਵਾਉਣ ਲਈ ਉਹ ਅਹਿਮ ਸਾਬਤ ਹੋਇਆ

NO COMMENTS

LEAVE A REPLY