ਅਮਰਜੀਤ ਚੰਦਰ


ਬੱਚਿਓ!
ਕਿਸੇ ਦੁਰਘਟਨਾ ਵਿੱਚ ਫਸੇ ਲੋਕਾਂ ਨੂੰ ਬਚਾਉਣਾ ਹੋਵੇ, ਹੜ੍ਹ ਜਾਂ ਤੁਫ਼ਾਨ ਪੀੜਤਾਂ ਦੀ ਸਹਾਇਤਾ ਕਰਨੀ ਹੋਵੇ, ਲੜਾਈ ਦੇ ਸਮੇਂ ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਹੋਵੇ, ਸੈਨਿਕਾਂ ਨੂੰ ਵੱਖ ਵੱਖ ਮੋਰਚਿਆਂ ’ਤੇ ਲਾਉਣਾ ਆਦਿ ਕੰਮਾਂ ਵਿੱਚ ਹੈਲੀਕਾਪਟਰ ਵਰਦਾਨ ਸਾਬਤ ਹੁੰਦਾ ਹੈ। ਆਓ ਆਪਾਂ ਇਸ ਦੀ ਵਿਕਾਸ ਯਾਤਰਾ ’ਤੇ ਚੱਲੀਏ।
ਹੈਲੀਕਾਪਟਰ ਮਤਲਬ ਸਿੱਧੀ ਉਡਾਣ ਭਰਨ ਵਾਲੇ ਹਵਾਈ ਵਾਹਨਾਂ ਦੀ ਕਲਪਨਾ ਸਭ ਤੋਂ ਪਹਿਲਾਂ ਸਾਲ 1500 ਦੇ ਲਗਭਗ ਲੀਓਨਾਰਡੋ ਦਿ ਵਿੰਚੀ ਨੇ ਕੀਤੀ ਸੀ। ਉਸ ਨੇ ਹੈਲੀਕਾਪਟਰ ਦੇ ਸਰਲ ਅਤੇ ਕੁੰਡਲਦਾਰ ਪੇਚਾਂ ਉੱਤੇ ਆਧਾਰਿਤ ਅਨੇਕਾਂ ਚਿੱਤਰ ਵੀ ਬਣਾਏ। ਸਾਲ 1800 ਦੇ ਲਗਭਗ ਸਰ ਜੌਰਜ ਕੈਲੀ ਨਾਂ ਦੇ ਅੰਗਰੇਜ਼ ਨੇ ਵੀ ਹੈਲੀਕਾਪਟਰ ’ਤੇ ਕੁਝ ਤਜਰਬੇ ਕੀਤੇ। ਉਸ ਦਾ ਬਣਾਇਆ ਹੈਲੀਕਾਪਟਰ ਦਾ ਮਾਡਲ 90 ਫੁੱਟ ਦੀ ਉੱਚਾਈ ਤਕ ਉੱਡਿਆ। ਇਸੇ ਤਰ੍ਹਾਂ ਇਟਲੀ ਦੇ ਇੱਕ ਨੌਜਵਾਨ ਨੇ ਵੀ ਭਾਫ਼ ਨਾਲ ਚੱਲਣ ਵਾਲੀ ਮਸ਼ੀਨ ਨੂੰ 40 ਫੁੱਟ ਉੱਪਰ ਤਕ ਉਡਾਇਆ।
20ਵੀਂ ਸਦੀ ਦੇ ਸ਼ੁਰੂ ਵਿੱਚ ਬਰਲਿਨ ਵਾਸੀ ਹਰਮਾਨ ਗੈਂਸ ਵਿੰਟ ਨੇ ਇੱਕ ਹੈਲੀਕਾਪਟਰ ਬਣਾਇਆ ਜੋ ਸਾਈਕਲ ਦੇ ਪੈਡਲਾਂ ਨਾਲ ਚਲਾਇਆ ਜਾਂਦਾ ਸੀ। 1907 ਵਿੱਚ ਫਰਾਂਸੀਸੀ ਖੋਜੀ ਕੋਰਨੂ ਨੇ ਇੱਕ ਨੌਜਵਾਨ ਨਾਲ ਬੈਠ ਕੇ ਇੱਕ ਮਿੰਟ ਤਕ ਆਪਣਾ ਹੈਲੀਕਾਪਟਰ ਉਡਾਇਆ।
ਈਗੋਰ ਸਿਕੋਰਸਕੀ (ਰੂਸੀ ਅਮਰੀਕੀ) ਨੇ ਲਗਭਗ 1909 ਵਿੱਚ ਆਪਣਾ ਪਹਿਲਾ ਹੈਲੀਕਾਪਟਰ ਤਿਆਰ ਕੀਤਾ। ਇਸ ਵਿੱਚ ਪੈਟਰੋਲ ਇੰਜਣ ਦੀ ਵਰਤੋਂ ਕੀਤੀ ਗਈ ਸੀ। ਇਸ ਹੈਲੀਕਾਪਟਰ ਦੀ ਉੱਡਣ ਸ਼ਕਤੀ ਇਸ ਦੇ ਭਾਰ ਨਾਲੋਂ ਘੱਟ ਸੀ। 1938 ਵਿੱਚ ਜਰਮਨੀ ਦੀ ਫੋਕ ਜਹਾਜ਼ ਕੰਪਨੀ ਵਿੱਚ ਇੱਕ ਜਰਮਨ ਦਲ ਨੇ ਇਹੋ ਜਿਹਾ ਹੈਲੀਕਾਪਟਰ ਬਣਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਜੋ ਹਵਾ ਵਿੱਚ ਸਿੱਧਾ ਉੱਪਰ ਉੱਠਕੇ ਉੱਡ ਸਕਦਾ ਸੀ। ਇਸ ਵਿੱਚ 150 ਹਾਰਸ ਪਾਵਰ ਦਾ ਇੰਜਣ ਲਗਾਇਆ ਗਿਆ ਸੀ। ਪ੍ਰਦਰਸ਼ਨ ਦੌਰਾਨ ਇਹ ਹੈਲੀਕਾਪਟਰ 11500 ਫੁੱਟ ਦੀ ਉੱਚਾਈ ਤਕ ਜਾ ਪੁੱਜਾ ਸੀ। ਫੋਕ ਕੰਪਨੀ ਦਾ ਹੀ ਦੂਜਾ ਹੈਲੀਕਾਪਟਰ ਫੋਕ-223 ਸਾਲ 1940 ਵਿੱਚ ਬਣਕੇ ਤਿਆਰ ਹੋਇਆ। ਇਹ ਲਗਭਗ 23 ਹਜ਼ਾਰ 400 ਫੁੱਟ ਦੀ ਉੱਚਾਈ ਤਕ ਜਾ ਪੁੱਜਿਆ ਸੀ। ਇਸ ਹੈਲੀਕਾਪਟਰ ਵਿੱਚ 1 ਹਜ਼ਾਰ ਹਾਰਸ ਪਾਵਰ ਦਾ ਇੰਜਣ ਲਗਾਇਆ ਗਿਆ ਸੀ, ਪਰ ਦੂਜੇ ਵਿਸ਼ਵ ਯੁੱਧ ਦੇ ਕਾਰਨ ਇਸ ਦੀ ਚਰਚਾ ਜਰਮਨੀ ਦੇ ਬਾਹਰ ਨਾ ਹੋ ਸਕੀ।
ਸਿਕੋਰਸਕੀ ਨੇ ਅਮਰੀਕੀ ਸੈਨਾ ਲਈ ਵੀ ਹੈਲੀਕਾਪਟਰ ਬਣਾਇਆ। ਇਸ ਦਾ ਤਜਰਬਾ ਦਸੰਬਰ, 1940 ਵਿੱਚ ਕੀਤਾ। ਇਸ ਪ੍ਰਕਾਰ ਸਿਕੋਰਸਕੀ ਹੈਲੀਕਾਪਟਰ ਖੋਜੀ ਦੇ ਰੂਪ ਵਿੱਚ ਸਥਾਪਿਤ ਹੋ ਗਏ। ਇਸ ਦੇ ਬਾਅਦ ਇਸ ਵਿੱਚ ਅਨੇਕਾਂ ਹੀ ਸੁਧਾਰ ਕਰਕੇ ਇਸ ਨੂੰ ਹੋਰ ਉਪਯੋਗੀ, ਭਰੋਸੇਮੰਦ ਬਣਾਇਆ ਗਿਆ। ਵਰਤਮਾਨ ਸਮੇਂ ਵਿੱਚ ਵਿਗਿਆਨਕ ਤਕਨੀਕ ਨੇ ਹੈਲੀਕਾਪਟਰ ਵਿੱਚ ਬਹੁਤ ਹੀ ਹੈਰਾਨਕੁੰਨ ਸੁਧਾਰ ਕਰ ਦਿੱਤੇ ਹਨ।
ਸੰਪਰਕ: 94176-00014

LEAVE A REPLY

Please enter your comment!
Please enter your name here