ਆਪਣੀਆਂ ਕਵਿਤਾਂਵਾਂ, ਗ਼ਜ਼ਲਾਂ, ਗੀਤਾਂ, ਕਹਾਣੀਆਂ ਜਾਂ ਸ਼ੇਅਰਾਂ ਦੁਆਰਾ ਅਨੇਕਾਂ ਹੀ ਲਿਖਾਰੀ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ । ਇਸੇ ਲੜੀ ਵਿਚ ਹੀ ਸੀ ਆਰ ਪੀ ਐਫ ਦੀ ਵਰਦੀ ਪਾ ਕੇ ਰਾਇਫਲ ਦੇ ਨਾਲ-ਨਾਲ ਕਲਮ ਚਲਾਉਂਦਿਆਂ ਪੰਜਾਬੀ ਸਾਹਿਤ ਅਤੇ ਆਪਣੇ ਦੇਸ਼ ਦੀ ਸੇਵਾ ਕਰਨ ਵਾਲਾ ਮਾਣ-ਮੱਤਾ ਹਸੂ-ਹਸੂ ਕਰਦੇ ਚਿਹਰੇ ਵਾਲਾ ਛੈਲ-ਛਬੀਲਾ ਨੌਜਵਾਨ ਲੇਖਕ ਹੈ -‘ਗੁਰਜੰਟ ਪਟਿਆਲਾ’। ਇਸ ਨੌਜਵਾਨ ਲੇਖਕ ਦਾ ਜਨਮ ਪਟਿਆਲਾ ਜ਼ਿਲੇ ਦੇ ਪਿੰਡ ‘ਖੇੜੀ ਮੁਸਲਮਾਨਾ’ ਵਿਖੇ ਸ੍ਰ. ਫਕੀਰ ਸਿੰਘ ਦੇ ਘਰ ਮਾਤਾ ਗੁਰਮੇਲ ਕੌਰ ਦੀ ਪਾਕਿ ਕੁੱਖ ਤੋਂ ਹੋਇਆ ।
ਗੁਰਜੰਟ ਪਟਿਆਲਾ ਦਾ ਪਹਿਲਾ ਗੀਤ ‘ਬਾਬਾ ਤੇਰਾ ਲਾਲੋ’ 2015 ਵਿੱਚ ਰਿਲੀਜ ਹੋਇਆ । ਉਸਤੋਂ ਬਾਅਦ ‘ਵੀਹ ਕਿੱਲੇ’, ‘ਬੋਲੀਆਂ’, ‘ਪਰਦੇਸੀਆਂ ਦੇ ਦਰਦ’, ‘ਇਸ਼ਕੇ ਦਾ ਤੂੰਬਾ’, ‘ਕਾਲਾ ਧੰਨ’, ‘ਸਰਦਾਰ’, ‘ਝਾਂਜਰਾਂ’, ‘ਧੀਆਂ ਤੇ ਮਾਪੇ’, ‘ਪੱਥਰਾਂ ਚੋਂ ਰੱਬ’, ‘ਜੱਟੀ ਦਾ ਸੁਭਾਅ’, ‘ਸਰਹੰਦ ਦੀ ਧਰਤੀ’, ਆਦਿ ਡੇਢ ਦਰਜਨ ਤੋਂ ਵੱਧ ਗੀਤ ਅਲੱਗ-ਅਲੱਗ ਗਾਇਕਾੰ ਦੀ ਆਵਾਜ ਵਿੱਚ ਰਿਕਾਰਡ ਹੋਏ । ਉਸ ਦੇ ਲਿਖੇ ਹੋਏ ਹੋਰ ਵੀ ਕਈ ਗੀਤ ਰਿਕਾਰਡ ਹੋ ਚੁੱਕੇ ਹਨ ਜੋ ਜਲਦੀ ਹੀ ਰਿਲੀਜ ਹੋਣ ਵਾਲੇ ਹਨ।
ਪ੍ਰਕਾਸ਼ਨਾ ਪੱਖ ਵਿਚ ਗੁਰਜੰਟ ਪਟਿਆਲਾ ਦੀਆਂ ਲਿਖੀਆਂ ਕਵਿਤਾਂਵਾਂ ਨੂੰ ਛਪਣ ਦਾ ਪਹਿਲਾ ਮਾਣ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੇ ਸਾਂਝੇ ਕਾਵਿ-ਸੰਗ੍ਰਹਿ ‘ਕਲਮਾ ਦੀ ਪਰਵਾਜ਼’ ਵਿੱਚ ਮਿਲਿਆ । ਜਿਸ ਨਾਲ ਗੁਰਜੰਟ ਗੀਤਕਾਰੀ ਦੇ ਨਾਲ- ਨਾਲ ਕਵੀਆਂ ਦੀ ਗਿਣਤੀ ਵਿੱਚ ਵੀ ਆ ਗਿਆ । ਚਲਦੇ-ਚਲਦੇ ਜਨਵਰੀ 2017 ਨੂੰ ‘ਮਹੰਤ ਹਰਪਾਲ ਦਾਸ’ ਜੀ ਦੁਆਰਾ ਗੁਰਜੰਟ ਪਟਿਆਲਾ ਦੀ ਪਹਿਲੀ ਕਿਤਾਬ, ‘ਅਣਮੁੱਲੇ ਮੋਤੀ’ (ਕਾਵਿ-ਸੰਗ੍ਰਹਿ) ਪ੍ਰਕਾਸ਼ਿਤ ਹੋਈ । ਉਸਤੋਂ ਬਾਅਦ ਤਕਰੀਬਨ ਸੌ ਸਾਲ ਪੁਰਾਣੇ ਉਦਾਸੀ ਸੰਪ੍ਰਦਾ ਨਾਲ ਸੰਬੰਧਤ ‘ਡੇਰਾ ਇਮਾਮਗੜ’ (ਮਲੇਰਕੋਟਲਾ) ‘ਤੇ ਸੇਵਾ ਨਿਭਾਅ ਚੁੱਕੇ ਮਹਾਂ-ਪੁਰਖਾਂ ਦੇ ਜੀਵਨ ‘ਤੇ ਅਧਾਰਿਤ, ਉਸ ਦੁਆਰਾ ਲਿਖੀ ਕਿਤਾਬ, ‘ਜਿੰਨੀ ਚਲਣੁ ਜਾਣਿਆਂ’ ਪ੍ਰਕਾਸ਼ਿਤ ਹੋਈ । ਹੁਣ ਅਗਲੇ ਕਦਮ ਵਜੋਂ ਗੁਰਜੰਟ ਦੀ ਤੀਸਰੀ ਗੀਤਾਂ ਦੀ ਕਿਤਾਬ ਵੀ ਬਹੁਤ ਜਲਦੀ ਹੀ ਪਾਠਕਾਂ ਦੇ ਹੱਥਾਂ ਵਿਚ ਪਹੁੰਚਣ ਵਾਲੀ ਹੈ। ਗੁਰਜੰਟ ਦਾ ਕਹਿਣਾ ਹੈ ‘ਭਾਂਵੇਂ ਮੈਂ ਥੋੜਾ ਹੀ ਲਿਖਾਂਗਾ ਪਰ ਹਮੇਸ਼ਾਂ ਸਾਫ਼-ਸੁਥਰਾ ਅਤੇ ਸੱਭਿਅਕ ਹੀ ਲਿਖਾਂਗਾ । ਜੇਕਰ ਮੈਂ ਸੱਭਿਆਚਾਰ ਦੀ ਸੇਵਾ ਨਹੀ ਕਰ ਸਕਾਂਗਾ ਤਾਂ ਘੱਟੋ-ਘੱਟ ਅਸ਼ਲੀਲ ਅਤੇ ਘਟੀਆ ਲਿਖਕੇ ਸੱਭਿਆਚਾਰ ਨੂੰ ਗੰਦਾ ਵੀ ਨਾ ਕਰਾਂਗਾ ।’
ਭਾਂਵੇਂ ਗੁਰਜੰਟ ਪਟਿਆਲਾ ਦੀ ਡਿਊਟੀ ਅੱਜ-ਕੱਲ ‘ਗੁਹਾਟੀ’ (ਆਸਾਮ) ਵਿਖੇ ਹੈ ਪਰ ਫੁਰਸ਼ਿਤ ਭਰੇ ਪਲਾਂ ਵਿਚ ਫੇਸਬੁਕ ਦੇ ਜ਼ਰੀਏ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਲਿਖਣ ਦੀ ਕੋਸ਼ਿਸ਼ ਕਰਦਾ ਉਹ ਹਮੇਸ਼ਾਂ ਆਪਣੇ ਸਟੇਟ ਅਤੇ ਪੰਜਾਬੀ ਮਾਂ-ਬੋਲੀ ਨਾਲ ਜੁੜਿਆ ਰਹਿੰਦਾ ਹੈ । ਗੁਰਜੰਟ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ, ਗਰੀਬੀ, ਅਨਪੜਤਾ, ਦਾਜ ਭਰੂਣ ਹੱਤਿਆ, ਅਤੇ ਨਸ਼ੇ ਵਰਗੀਆਂ ਬਹੁਤ ਭਿਆਨਕ ਬੀਮਾਰੀਆਂ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਹਨ। ਪਰ ਗੀਤਕਾਰ ਇਹਨਾ ਕੁਰੀਤੀਆਂ ਨੂੰ ਛੱਡਕੇ ਕੁੜੀਆਂ ਦੇ ਅੰਗਾਂ ਅਤੇ ਹਥਿਆਰਾਂ ਉਤੇ ਜ਼ਿਆਦਾ ਲਿਖਦੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ । ਅਜਿਹੇ ਗੀਤ ਲਿਖਕੇ ਅਤੇ ਗਾ ਕੇ ਗੀਤਕਾਰਾਂ ਅਤੇ ਗਾਇਕਾਂ ਨੇ ਸੱਭਿਆਚਾਰ ਅਤੇ ਪੰਜਾਬੀ ਮਾਂ-ਬੋਲੀ ਦਾ ਬਹੁਤ ਨੁਕਸਾਨ ਕੀਤਾ ਹੈ । ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਗੀਤਾਂ ਤੇ ਰੋਕ ਲਾਈ ਜਾਵੇ ਜੋ ਸਾਡੇ ਸੱਭਿਆਚਾਰ ਨੂੰ ਗੰਧਲ਼ਾ ਕਰ ਰਹੇ ਹਨ ।
ਰੱਬ ਕਰੇ ! ਸੀ ਆਰ ਪੀ ਐਫ ਦੀ ਵਰਦੀ ਪਹਿਨ, ਹੱਥ ‘ਚ ਰਾਈਫਲ ਅਤੇ ਕਲਮ ਫੜ ਕੇ ਆਪਣੇ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ-ਬੋਲੀ ਅਤੇ ਦੇਸ਼ ਸੇਵਾ ਵਿਚ ਜੁਟਿਆ ਹੋਇਆ ਨੌਜਵਾਨ ਗੁਰਜੰਟ, ਨਵੀਆਂ ਪਗਡੰਡੀਆਂ ਸਿਰਜਦਾ, ਲਗਾਤਾਰ ਸ਼ੁਹਰਤਾਂ ਅਤੇ ਮਾਣ-ਵਡਿਆਈਆਂ ਖੱਟਦਾ ਰਵੇ ! ਆਮੀਨ !
-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : (7986140934)

LEAVE A REPLY

Please enter your comment!
Please enter your name here