ਸਿਰ ਕਲਗੀ ਸੋਹਦੀ ਏ
ਹੇਠ ਘੋੜਾ ਨੀਲਾ,ਬੜਾ ਫੁਰਤੀਲਾ,
ਪੌੜਾਂ ਵਿਚ ਤਾਲ, ਤੇ ਨੱਚਦਾ ਕਾਲ
ਹਵਾ ਨੂੰ ਚੀਰੇ, ਖੜ੍ਹੇ ਕੌਣ ਮੂਹਰੇ।

ਦਸ਼ਮੇਸ਼ ਪਿਤਾ ਜੀ ਦੇ,
ਖੱਬੇ ਹੱਥ ਬਾਜ, ਤੇ ਸਿਰ ‘ਤੇ ਤਾਜ,
ਤਾਜ ‘ਤੇ ਚੱਕਰ, ਅਗੰਮੀ ਫੱਕਰ,
ਰੂਹਾਨੀ ਚਿਹਰਾ, ਮੌਤ ਨੂੰ ਘੂਰੇ।

ਹੱਥ ਤੇਗ਼ ਲਿਸ਼ਕਦੀ ਜੋ,
ਜ਼ੁਲਮ ਨੂੰ ਥੰਮਦੀ, ਵੈਰੀ ਰੂਹ ਕੰਬਦੀ,
ਇਹ ਬਣ ਕੇ ਚੰਡੀ, ਉਡਾਵੇ ਘੰਡੀ,
ਤੇਗ਼ ਦੇ ਅੱਗੇ, ਝੁਕਣ ਪਏ ਸੂਰੇ।

ਪਿਤਾ ਭੇਜਿਆ ਦਿੱਲੀ ਨੂੰ,
ਧਰਮ ਲਈ ਜਾਓ, ਸ਼ਹਾਦਤ ਪਾਓ,
ਬਚਾਇਆ ਹਿੰਦ ਸੀ, ਮੇਰੇ ਗੋਬਿੰਦ ਸੀ,
ਮੁਗ਼ਲ ਸਭ ਪੁੱਟਣੇ, ਜੋ ਉੱਗੇ ਧਤੂਰੇ।

ਪਾ ਗਏ ਸ਼ਹੀਦੀ ਜੀ,
ਨਿੱਕੇ ਦੋ ਤੇਰੇ, ਵੱਡੇ ਸੀ ਜੇਰੇ,
ਸੂਬੇ ਸਰਹੰਦ ਨੇ,ਚਿਣੇ ਵਿਚ ਕੰਧ ਨੇ,
ਸੁਣਾਈ ਵਿਥਿਆ ,ਇਹ ਮਾਹੀ ਨੂਰੇ।

ਦੋ ਜੰਗ ‘ਚ ਜੂਝੇ ਜੀ,
ਦਲੇਰਾਂ ਵਾਂਗੂੰ, ਕਿ ਸ਼ੇਰਾਂ ਵਾਂਗੂੰ,
ਤੇਗ਼ ‘ਤੇ ਨੱਚੇ, ਮਰਦ ਦੇ ਬੱਚੇ,
ਮੈਦਾਨ ਏ ਜੰਗ ‘ਚ, ਲੜੇ ਖ਼ੂਬ ਸੂਰੇ…..

———————–

NO COMMENTS

LEAVE A REPLY