ਹੋ  ਗਈ  ਰਫਤਾਰ  ਤੇਰੀ ਤੇਜ਼ ਬੰਦੇ।
ਕਰ ਰਿਹਾਂ ਇਖਲਾਕ ਤੋਂ ਪਰਹੇਜ਼ ਬੰਦੇ 

ਨਫਰਤਾਂ ਦੇ ਕੀਟ ਨਾਸ਼ਕ ਨਿੱਤ ਸੁੱਟੇ,
ਸੋਚ ਤੇਰੀ ਨਾ ਰਹੀ ਜਰਖੇਜ਼ ਬੰਦੇ।

ਰੋਲਦਾ ਤੂੰ ਹੋਰਨਾਂ ਨੂੰ ਕੰਡਿਆਂ ਵਿਚ,
ਭਾਲਦਾ ਏਂ ਆਪ ਪੋਲੀ ਸੇਜ ਬੰਦੇ।

ਪੈ ਗਈ ਵੱਡੀ ਖਰਾਬੀ ਬੰਦਿਆਂ ਵਿਚ,
ਐ ਖੁਦਾ ਕਰਕੇ ਮੁਰੰਮਤ ਭੇਜ ਬੰਦੇ।

ਪਾਪ ਦੀ ਕਰਕੇ ਕਮਾਈ ਢੇਰ ਤੂੰ,
ਭਰ ਲਿਆ ਹਰ ਜਿੰਦਗੀ ਦਾ ਪੇਜ਼ ਬੰਦੇ।

ਮਾਤ ਭਾਸ਼ਾ ਆਪਣੀ ਤੋਂ ਦੂਰ ਹੋ ਕੇ,
ਬਣ ਗਇਓਂ ਕੱਚਾ ਜਿਹਾ ਅੰਗਰੇਜ਼ ਬੰਦੇ।

ਰਿਸ਼ਤਿਆਂ ਨੂੰ ਚਾੜ ਦਿੱਤਾ ਸੂਲੀਆਂ ਤੇ,
ਸਿਰਫ਼ ਤੈਨੂੰ ਦੌਲਤਾਂ ਦਾ ਕ੍ਰੇਜ਼ ਬੰਦੇ।

ਤੂੰ ਭਲਾ ਮਾਨਸ ਬਨਣ ਦਾ ਢੌਂਗ ਕਰਦੈਂ,
ਬੋਲ  ਤੇਰੇ  ਨੇ  ਧਮਾਕਾ  ਖੇਜ਼  ਬੰਦੇ।

ਜੀਣ ਨਾ ਦਿੰਦੇ ਬਿਸ਼ੰਬਰ ਲੋਕ ਹੁਣ ਤਾਂ,
ਹੋ ਗਏ ਜਗ ਤੇ ਕਈ ਨਿਸਤੇਜ਼ ਬੰਦੇ।

LEAVE A REPLY

Please enter your comment!
Please enter your name here