ਮਨ ਦੀ ਬੌਰੀ ਬੱਦਲੀ ਲਈ ਮੋਕ੍ਹਲਾ ਅੰਬਰ ਬਣੀਂ!
ਹੋ ਸਕੇ ਤਾਂ ਤੂੰ ਮੇਰੀ ਪਰਵਾਜ਼ ਦੇ ਲਈ ਪਰ ਬਣੀਂ!

ਬਲ਼ਦਿਆਂ ਸਫ਼ਿਆਂ ‘ਤੇ ਜਦ ਮੈਂ ਨੱਚਣਾਂ ਚਾਹਾਂ ਕਦੇ,
ਤਾਂ ਮੇਰੇ ਹਰ ਗੀਤ ਦੇ ਪੈਰਾਂ ਦੀ ਤੂੰ ਝਾਂਜਰ ਬਣੀਂ!

ਜ਼ਿੰਦਗੀ ਦੀ ਖਲਜਗਣ ਜਦ ਖੋਹ ਲਵੇ ਦਿਲ ਦਾ ਸਕੂਨ,
ਤਾਂ ਮੇਰੀ ਮੁਕਤੀ ਲਈ ਦਰਗਾਹ ਦੇ ਵਰਗਾ ਦਰ ਬਣੀਂ!

ਪਿਆਰ ਦੀ ਸ਼ਿੱਦਤ ਨੇ ਇਕ ਦਿਨ ਤੜਪ ਕੇ ਮੈਨੂੰ ਕਿਹਾ,
‘ਜਾਂ ਤਾਂ ਮਾਰੂਥਲ ਰਹੀਂ ਤੇ ਜਾਂ ਤੂੰ ਸਮੁੰਦਰ ਬਣੀਂ!

ਇਸ਼ਕ ਦੇ ਪੰਨੇ ‘ਤੇ ਖੁਣ ਜਾਂ’ਗੇ ਇਬਾਰਤ ਵਾਂਗਰਾਂ,
ਮੈਂ ਬਣਾਂਗੀ ਅਰਥ ਤੇ ਤੂੰ ਪਿਆਰ ਦਾ ਅੱਖਰ ਬਣੀਂ!

————–00000————-

LEAVE A REPLY

Please enter your comment!
Please enter your name here