ਅੰਬਰ ਦੇ ਤਾਰਿਆਂ ਤੋਂ, ਧਰਤੀ ਦਾ ਪਿਆਰ ਮੰਗਾਂ !
ਰਾਤਾਂ ਤੋਂ ਗੂੜੀਆਂ ਮੈਂ, ਨੀਂਦਾਂ ਹੁਧਾਰ ਮੰਗਾਂ !

ਇਕ ਦੂਸਰੇ ਨੂੰ ਤਕਕੇ, ਹੱਸਣ ਜੋ ਉੱਚੀ ਉੱਚੀ,
ਸ਼ੀਸ਼ੇ ਤੋਂ ਰੋਜ਼ ਅਪਣੇ, ਚਿਹਰੇ ਹਜ਼ਾਰ ਮੰਗਾਂ !

ਜਲਦੇ ਚਮਨ ਦੇ ਅੰਦਰ, ਪੌਣਾਂ ‘ਚੋਂ ਮਹਿਕ ਲੱਭਾਂ,
ਕਾਗਜ਼ ਦੀ ਫੁਲਝੜੀ ਤੋਂ, ਰੰਗਲੀ ਬਹਾਰ ਮੰਗਾਂ !

ਤੂੰ ਨਬਜ਼ ਮੇਰੀ ਵੇਖੇਂ, ਆਵੇਂ ਜੇ ਵੈਦ ਬਣਕੇ,
ਰੁਸ ਜਾਏ ਰੱਬ ਭਾਵੇਂ, ਮੈਂ ਨਿੱਤ ਬੁਖ਼ਾਰ ਮੰਗਾਂ !

ਭੁਲ ਜਾਵਾਂ ਹਾਸਿਆਂ ਨੂੰ, ਨੈਣਾਂ ਦੀ ਝੀਲ ਕੋਲੋਂ,
ਪਲਕਾਂ ਤੇ ਹੰਝੂਆਂ ਦੀ, ਲੰਮੀ ਕਤਾਰ ਮੰਗਾਂ !

ਸੂਰਜ ਦਾ ਰੋਜ਼ ਚੜ੍ਹਨਾ, ਅਹਿਸਾਨ ਮੇਰੇ ਉੱਤੇ,
ਸਮਿਆਂ ਤੋਂ ਹੋਰ ਕਿੰਨਾ, ਮੈਂ ਇੰਤਜ਼ਾਰ ਮੰਗਾਂ !

ਤੈਂ ਕਿੰਨੇ ਸੀਸ ਵਾਰੇ, ਮੈਥੋਂ ਨਾ ਇਕ ਵੀ ਸਰਿਆ,
ਮੈਂ ਅਪਣੇ ਘਰ ਨੂੰ ਭੁਲਕੇ, ਤੇਰਾ ਦੁਆਰ ਮੰਗਾਂ !

ਲੱਗੇ ਨਜ਼ਰ ਨਾ ਇਸ ਨੂੰ, ਸੁੱਖ ਮੰਗਾਂ ਏਸ ਦੀ ਨਿੱਤ,
ਅਪਣੇ ਪੰਜਾਬ ਦੀ ਮੈਂ, ਸੱਜਰੀ ਨੁਹਾਰ ਮੰਗਾਂ !

—————-000—————–

LEAVE A REPLY

Please enter your comment!
Please enter your name here