ਲਿਖੀਆਂ ਜਾ ਰਹੀਆਂ ਇਨ•ਾਂ ਕੁੱਝ ਸਤਰਾਂ ਨੂੰ ਚਾਹੇ ਕੋਈ ਮਜ਼ਾਕੀਆ ਤੌਰ ‘ਤੇ ਹੀ ਲਵੇ, ਪਰ ਇਤਿਹਾਸਕ ਤੱਥਾਂ ਦੀ ਰੌਸ਼ਨੀ ‘ਚ ਇਨ•ਾਂ ਨੂੰ ‘ਹਲਕੀਆਂ’ ਨਹੀਂ ਸਮਝਿਆ ਜਾ ਸਕਦਾ। ਗੱਲ ਕਰਨ ਜਾ ਰਿਹਾ ਹਾਂ ਅਕਾਲੀਆਂ ਬਾਰੇ ਜਿਨ•ਾਂ ਨੂੰ ਪੰਜਾਬ ਦੇ ਸਿਆਸੀ ਚੌਖਟੇ ਮੁਤਾਬਕ ਬਾਦਲ ਦਲ਼ੀਏ ਕਹਿਣਾ ਵਧੇਰੇ ਉਚਿਤ ਹੋਵੇਗਾ। ਸਿੱਖ ਸਿਆਸਤ ਨੂੰ ਰਤਾ ਗਹੁ ਨਾਲ ਵਾਚਣ ਵਾਲੀਆਂ ਨਜ਼ਰਾਂ ਦੇਖ ਰਹੀਆਂ ਹੋਣਗੀਆਂ ਕਿ ਬਾਦਲ ਦਲ ਦੇ ਕੁੱਝ ਚੋਣਵੇਂ ਆਗੂ ਅਤੇ ਖ਼ਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਬਡੂੰਗਰ ਜੀ, ਮੋਦੀ ਸਰਕਾਰ ਵਿਰੁੱਧ ਕੁੱਝ ਕੁੱਝ ਤਿੱਖੀ ਬਿਆਨ ਬਾਜ਼ੀ ਕਰ ਰਹੇ ਹਨ। ਭਾਵੇਂ ਉਸਨੂੰ ‘ਦੱਬਵੀਂ ਸੁਰ’ ਵਾਲੀ ਬਿਆਨਬਾਜ਼ੀ ਕਿਹਾ ਜਾਵੇ, ਪਰ ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਇਹ ‘ਲਫਾਜ਼ੀ-ਗਰਮੀ’ ਵੀ ਕਿਸੇ ‘ਉਤਲੇ ਥਾਪੜਿਆਂ’ ਤੋਂ ਬਿਨਾਂ ਨਹੀਂ ਆ ਸਕਦੀ ਤੇ ਇਸਦਾ ਕੋਈ ਗੁੱਝਾ ਮੰਤਵ ਹੋਵੇਗਾ।
ਚਲੋ ਖ਼ੈਰ, ਇਹ ਥਾਪੜੇ ਕੌਣ, ਕਿਉਂ ਤੇ ਕਿਸ ਮਕਸਦ ਲਈ ਦੇ ਰਿਹਾ ਹੈ? ਮੈਂ ਇਸ ਪਾਸੇ ਨਹੀਂ ਜਾਣਾ ਸਗੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਜਾਂ ਉਨ•ਾਂ ਦੀ ਸਰਕਾਰ ਵਿਰੁੱਧ ਬਾਦਲ ਦਲ਼ੀਏ ਆਗੂਆਂ ਵੱਲੋਂ ਦਿਖਾਏ ਜਾ ਰਹੇ ‘ਗ਼ੁੱਸੇ’ ਦੀ, ਇੱਕ ਹੋਰ ਜਾਵੀਏ ਤੋਂ ਪਰਖ-ਪੜਚੋਲ ਕਰਨੀ ਹੈ। ਉਹ ਇਹ ਕਿ ਸਾਰੇ ਹੀ ਸਿੱਖ ਆਗੂ ਸਿਆਸੀ ਜਾਂ ਧਾਰਮਿਕ ਸਟੇਜਾਂ ਉੱਤੇ ਗੱਜ ਵੱਜ ਕੇ ਉਨ•ਾਂ ਵਾਅਦਿਆਂ ਦੀ ਦਾਸਤਾਂ ਸੁਣਾਉਂਦੇ ਆ ਰਹੇ ਹਨ, ਜੋ ਕਿ ਜੰਗੇ-ਆਜ਼ਾਦੀ ਦੌਰਾਨ ਸ੍ਰੀ ਗਾਂਧੀ-ਨਹਿਰੂ-ਪਟੇਲ ਆਦਿ ਲੀਡਰਾਂ ਨੇ ਉਸ ਸਮੇਂ ਦੇ ਸਿੱਖ ਆਗੂਆਂ ਨਾਲ ਕੀਤੇ ਸਨ। ਵੱਡੇ ਵੱਡੇ ਇਕੱਠਾਂ ਵਿਚ ਸਿੱਖ ਆਗੂਆਂ ਮੂੰਹੋਂ ਅਜਿਹੇ ਵਾਅਦਿਆਂ ਦੇ ਸਹੀ ਸਹੀ ਬੋਲ, ਸਮੇਂ-ਸਥਾਨ ਅਤੇ ਬੋਲਣ ਵਾਲਿਆਂ ਦੇ ਨਾਵਾਂ ਸਮੇਤ ਅਸੀਂ ਹੁਣ ਤੱਕ ਸੁਣਦੇ ਆ ਰਹੇ ਹਾਂ। ਇਹ ਵਾਅਦੇ ਵਫ਼ਾ ਨਾ ਹੋਣ ਦੀ ਗਾਥਾ ਕਦੇ ਕਰੁਣਾਮਈ, ਕਦੇ ਜੋਸ਼ੀਲੀ ਅਤੇ ਕਦੇ ਗੁਸੈਲ਼ ਭਾਸ਼ਾ ਵਿਚ ਬਿਆਨ ਕੀਤੀ ਜਾਂਦੀ ਆ ਰਹੀ ਹੈ।
ਇਹ ਵੀ ਇਤਿਹਾਸਕ ਹਕੀਕਤ ਹੈ ਕਿ ਜੰਗੇ-ਆਜ਼ਾਦੀ ਦੌਰਾਨ ਕੀਤੇ ਗਏ ਇਹ ਵਾਅਦੇ, ਤਤਕਾਲੀ ਕੇਂਦਰੀ ਆਗੂਆਂ ਨੇ ਸਮਾਗਮਾਂ-ਕਾਨਫਰੰਸਾਂ ਆਦਿ ਵਿਚ ਭਾਸ਼ਣ ਕਰਦਿਆਂ ਕੀਤੇ। ਬਾ-ਐਨ• ਇਸੇ ਤਰ•ਾਂ ਬੀਤੀਆਂ ਲੋਕ ਸਭਾਈ ਚੋਣਾਂ ਮੌਕੇ, ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਵਿਚ ਹੋਏ ਚੋਣ-ਪ੍ਰਚਾਰ ਦੇ ਜਲਸਿਆਂ-ਜਲੂਸਾਂ-ਇਕੱਠਾਂ ਵਿਚ ਹਜ਼ਾਰਾਂ ਲੱਖਾਂ ਲੋਕਾਂ ਸਾਹਮਣੇ ਸ੍ਰੀ ਮੋਦੀ ਦੇ ਹੋਰ ਅਨੇਕਾਂ ਗੁਣਗਾਨ ਕਰਦਿਆਂ, ਪੰਜਾਬੀਆਂ ਨਾਲ ਇਹ ਵਾਅਦਾ ਅਲ-ਐਲਾਨੀਆਂ ਕਰਦੇ ਰਹੇ-”ਪੰਜਾਬ ਵਾਸੀਓ, ‘ਕੇਰਾਂ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ ਦਿਉ, ਬੱਸ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ!…..ਮੈਂ ਦਿੱਲੀ ਜਾ ਕੇ ਇਨ•ਾਂ ਦੇ ਹੱਥ ਫੜਕੇ ਕੰਮ ਕਰਵਾ ਲਿਆਇਆ ਕਰਾਂਗਾ!!”
ਲੋਕ-ਲੁਭਾਊ ਅੰਦਾਜ਼ ਵਿਚ ਮਲਵਈ ਬੋਲੀ ਬੋਲਦਿਆਂ ਉਹ ਬਹੁਤਾਤ ਵਿਚ ਬੈਠੇ ਪੱਗਾਂ ਵਾਲਿਆਂ ਵੱਲ ਬਾਂਹ ਕੱਢ ਕੇ ਇਹ ਵੀ ਕਿਹਾ ਕਰਦੇ ਸਨ- ”…..ਲਿਖ ਲੋ ਬੇਸ਼ੱਕ ਕਲਮ ਨਾਲ, ‘ਥੋਡੇ ਨਾਲ ਮੇਰਾ ਇਹ ਪੱਕਾ ਵਾਅਦਾ ਰਿਹਾ ਜੇ!”
ਨਿਰੋਲ ਪੱਗਾਂ ਵਾਲਿਆਂ ਦੀ ਕੇਂਦਰੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖ਼ੁਸ਼ ਹੁੰਦਿਆਂ ਉਕਤ ਵਾਅਦੇ ਕਰਨ ਵਾਲੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਫ਼ਖਰ-ਏ-ਕੌਮ’ ਦਾ ਸਰਬੋਤਮ ਸਨਮਾਨ ਦਿਵਾ ਦਿੱਤਾ।
ਸੰਨ ਸੰਤਾਲੀ ਤੋਂ ਪਹਿਲਾਂ ਚੱਲਦੇ ਆਜ਼ਾਦੀ ਸੰਗਰਾਮ ਦੌਰਾਨ ਜਿਨ•ਾਂ ਕੇਂਦਰੀ ਆਗੂਆਂ ਨੇ ਸਿੱਖਾਂ ਨਾਲ ‘ਉੱਤਰੀ ਭਾਰਤ ਵਿਚ ਇੱਕ ਆਜ਼ਾਦ ਖ਼ਿੱਤਾ’ ਦੇਣ ਜਿਹੇ ਵਾਅਦੇ ਕੀਤੇ ਸਨ। ਨਾ ਉਹ ਵਾਅਦੇ ਕਰਨ ਵਾਲੇ ਆਗੂ ਜੀਵਤ ਹਨ ਅਤੇ ਨਾ ਹੀ ਉਹ ਜਿਉਂਦੇ ਹਨ, ਜਿਨ•ਾਂ ਨਾਲ ਜਾਂ ਜਿਨ•ਾਂ ਸਾਹਮਣੇ ਉਹ ਕੌਲ-ਕਰਾਰ ਬੋਲੇ ਗਏ ਸਨ। ਫਿਰ ਵੀ ਉਨ•ਾਂ ਵਾਅਦਿਆਂ ਨੂੰ ਸਿੱਖ ਆਗੂ ਹਾਲੇ ਤੱਕ ਚੇਤੇ ਕਰਦੇ-ਕਰਵਾਉਂਦੇ ਆ ਰਹੇ ਹਨ। ਪਰ ਜਿਹੜਾ ਵਾਅਦਾ ਸ੍ਰੀ ਬਾਦਲ ਨੇ ਪੰਜਾਬ ਵਾਸੀਆਂ ਨਾਲ ਕੀਤਾ ਸੀ, ਉਹਦੇ ਨਾਲ ਸਬੰਧਿਤ ਸਾਰੀਆਂ ਧਿਰਾਂ ਸੁੱਖ ਨਾਲ ਜਿਊਂਦੀਆਂ ਜਾਗਦੀਆਂ ਹੀ ਹਨ। ਮਤਲਬ ਕਿ ਸ੍ਰੀ ਬਾਦਲ, ਪ੍ਰਧਾਨ ਮੰਤਰੀ ਸ੍ਰੀ ਮੋਦੀ ਜੀ ਅਤੇ ਪੰਜਾਬ ਦੇ ਲੋਕ ਤਿੰਨੇ ਗਵਾਹ-ਧਿਰਾਂ ਮੌਜੂਦ ਹਨ।
ਪਰ ਹੁਣ ਜਦੋਂ ਪਾਕਿਸਤਾਨ ਗੁਰਧਾਮਾਂ ਵਿਚ ਗੁਰਪੁਰਬ ਮਨਾਉਣ ਜਾ ਰਹੇ ਵੀਜ਼ਾ ਧਾਰੀ ਸਿੱਖਾਂ ਨੂੰ ਮੋਦੀ ਸਰਕਾਰ ਵੱਲੋਂ ਰੋਕ ਦਿੱਤਾ ਗਿਆ। ਜਦੋਂ ਸਾੜੀ ਗਈ ਸਿੱਖ ਰੈਫਰੈਂਸ ਲਾਇਬਰੇਰੀ ਦੇ ਸਮਾਨ ਵਾਪਸੀ ਦਾ ਕੇਂਦਰ ਵੱਲੋਂ ‘ਟਕੇ ਵਰਗਾ’ ਜਵਾਬ ਆ ਗਿਆ, ਜਦੋਂ ਹਰਿਦੁਆਰ ਵਿਚ ਗਿਆਨ ਗੋਦੜੀ ਗੁਰਦੁਆਰਾ ਮੁੜ ਸਥਾਪਤ ਕਰਨ ਲਈ ਸੰਘਰਸ਼ ਕਰਨ ਦੇ ਦਮਗਜੇ ਵੱਜਦੇ ਹਨ, ਜਦੋਂ ਆਕਾਸ਼ਵਾਣੀ ਦਿੱਲੀ ਤੋਂ ਪੰਜਾਬੀ ਖ਼ਬਰਾਂ ਦਾ ਬੁਲਿਟਿਨ ਬੰਦ ਕਰਨ ਵਿਰੁੱਧ ਰੋਸ-ਪੱਤਰ ਲਿਖੇ ਜਾਂਦੇ ਹਨ ਅਤੇ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਉੱਤੇ ਜੀ. ਐੱਸ. ਟੀ. ਠੋਕਣ ਵਰਗੇ ਹੋਰ ਕਈ ਸਿੱਖ ਮਸਲਿਆਂ ਬਾਰੇ ਰੋਸ ਵਜੋਂ, ਸ੍ਰੀ ਬਡੂੰਗਰ ਜਾਂ ਹੋਰ ਬਾਦਲ ਦਲ਼ੀਏ ਆਗੂ, ਮੋਦੀ ਸਰਕਾਰ ਵਿਰੁੱਧ ‘ਬੁੜ ਬੁੜ’ ਕਰਦਿਆਂ ਹਿਰਖ ਪ੍ਰਗਟਾਉਂਦੇ ਹਨ, ਤਾਂ ਉਨ•ਾਂ ਨੂੰ ਫਖ਼ਰੇ-ਕੌਮ ਦਾ ਤਾਜ਼ਾ ਤਾਜ਼ਾ ਕੀਤਾ ਹੋਇਆ ਵਾਅਦਾ ਕਿਉਂ ਨਹੀਂ ਯਾਦ ਆਉਂਦਾ? ਉਪਰੋਕਤ ਵੱਖ ਵੱਖ ਮਸਲਿਆਂ ਪ੍ਰੀਤੀ ਮੋਦੀ ਸਰਕਾਰ ਦਾ ਨਾਂਹ-ਮੁਖੀ ਰਵੱਈਆ ਦੇਖ ਕੇ ਉਸਨੂੰ ‘ਮੰਦਭਾਗਾ’ ਕਹਿਣ ਜਾਂ ਸਿੱਖਾਂ ਨੂੰ ਕਿਸੇ ਸੰਘਰਸ਼ ‘ਚ ਕੁੱਦਣ ਦਾ ਸੱਦਾ ਦੇਣ ਦੀ ਬਜਾਏ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਾਅਦਾ ਯਾਦ ਕਰਵਾਉਂਦਿਆਂ ਕਿਉਂ ਨਹੀਂ ਆਖਿਆ ਜਾਂਦਾ ਕਿ ਮਾਨਯੋਗ ਫ਼ਖਰੇ-ਕੌਮ ਜੀ, ਦਿੱਲੀ ਪਹੁੰਚੋ ਅਤੇ ਪ੍ਰਧਾਨ ਮੰਤਰੀ ਦਾ ਹੱਥ ਫੜ ਕੇ ਸਾਰੇ ਮਸਲੇ ਹੱਲ ਕਰਵਾ ਕੇ ਆਉ।
ਕਬਰਾਂ ‘ਚ ਜਾ ਸੁੱਤਿਆਂ ਦੇ ਵਾਅਦਿਆਂ ‘ਤੇ ਤਲਖ਼ੀ ਵਿਚ ਆਉਣਾ, ਪਰ ਵਾਅਦੇ ਕਰਨ ਵਾਲ਼ੀਆਂ ‘ਆਪਣੀਆਂ ਮਹਾਨ ਹਸਤੀਆਂ’ ਨੂੰ ਫ਼ਰਜ਼-ਸ਼ਨਾਸ਼ੀ ਤੋਂ ਛੋਟ ਦੇਣੀ ਕਿਧਰਲੀ ਦਿਆਨਤਦਾਰੀ ਹੋਈ?
tsdupalpuri0yahoo.com
੦੦੧-੪੦੮-੯੧੫-੧੨੬੮

LEAVE A REPLY

Please enter your comment!
Please enter your name here