ਆਪਣੇ ਨਾਂ ਨਾਲ ਸੰਤ ਲਗਾ ਕੇ ਭਗਵਾ ਚੋਲਾ ਪਾ ਕੇ ਭੋਲੇ ਭਾਲੇ ਲੋਕਾਂ ਨੂੰ ਬੁੱਧੂ ਬਣਾਉਣ ਵਾਲੇ ਕਈ ਢੋਂਗੀ ਬਾਬੇ ਇਸ ਸਾਲ ਕਾਨੂੰਨ ਦੇ ਅੜਿੱਕੇ ਚੜ੍ਹੇ। ਇਨ੍ਹਾਂ ਵਿੱਚੋਂ ਖ਼ਾਸ ਕਰਕੇ 5 ਵੱਡੇ ਬਾਬੇ ਕਾਫ਼ੀ ਚਰਚਾ ਵਿੱਚ ਰਹੇ, ਇਹਨਾਂ ਬਾਬਿਆਂ ਨੇ ਸ਼ਰਧਾਲੂਆਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਅਤੇ ਉਨ੍ਹਾਂ ਦੀ ਹੀ ਮਾਇਆ ‘ਤੇ ਐਸ਼ ਵੀ ਕਰਦੇ ਰਹੇ। ਸ਼ਰਧਾਲੂਆਂ ਨੂੰ ਦੋਵਾਂ ਹੱਥਾਂ ਨਾਲ ਲੁੱਟਣ ਵਾਲੇ ਅਖੌਤੀ ਬਾਬੇ ਸਿਆਸੀ ਛਾਂ ਹੇਠ ਪਲਦੇ ਰਹੇ ਅਤੇ ਬਚਦੇ ਵੀ ਰਹੇ। ਪਰ ਸਾਲ 2017 ਕਈ ਢੋਂਗੀ ਸੰਤਾਂ ਦੇ ਅਸਲੀ ਚਿਹਰੇ ਲੋਕਾਂ ਸਾਹਮਣੇ ਲਿਆਉਣ ‘ਚ ਕਾਮਯਾਬ ਰਿਹਾ। ਯੋਨ-ਸ਼ੋਸ਼ਣ ਦਾ ਸ਼ਿਕਾਰ ਪੀੜਤ ਮਹਿਲਾਵਾਂ ਦੀ ਹਿੰਮਤ, ਪੁਲਸ ਦੀ ਦਲੇਰੀ ਅਤੇ ਮੀਡੀਆ ਦੀ ਚੌਕਸੀ ਦੇ ਕਾਰਨ ਹੀ ਅੱਜ ਕਈ ਦੋਸ਼ੀ ਬਾਬੇ ਜੇਲ ਪਹੁੰਚ ਚੁੱਕੇ ਹਨ। ਆਓ ਜਾਣਦੇ ਹਾਂ ਇਨ੍ਹਾਂ ਦੋਸ਼ੀ ਬਾਬਿਆਂ ਬਾਰੇ।
ਬਾਬਾ ਰਾਮ ਰਹੀਮ ਨੇ ਦੇਸ਼-ਵਿਦੇਸ਼ ਅਨੇਕਾਂ ਡੇਰੇ ਬਣਾਏ ਹੋਏ ਸਨ ਅਤੇ ਆਸਥਾ ਦੇ ਨਾ ਤੇ ਲੋਕਾਂ ਨੂੰ ਲੁੱਟ ਰਿਹਾ ਸੀ। ਪਹਿਲਾਂ ਤਾਂ ਰਾਮ ਰਹੀਮ ਨੇ ਜ਼ਬਰਦਸਤੀ ਭੋਲੇ-ਭਾਲੇ ਇਲਾਕਾ ਵਾਸੀਆਂ ਤੋਂ ਧਰਮ ਦੇ ਨਾਂ ‘ਤੇ ਜ਼ਮੀਨਾਂ ਦਾਨ ਕਰਵਾਈਆਂ। ਉਹ ਜ਼ਮੀਨਾਂ ਟਰੱਸਟ ਦੇ ਨਾਂ ‘ਤੇ ਕਰਵਾ ਕੇ ਬਾਅਦ ‘ਚ ਉਹ ਜ਼ਮੀਨਾਂ ਆਪਣੇ ਨਾਂ ‘ਤੇ ਟਰਾਂਸਫਰ ਕਰਵਾਈਆ। ਜਿਹੜੇ ਲੋਕ ਆਪਣੀਆਂ ਜ਼ਮੀਨਾਂ ਅਸਾਨੀ ਨਾਲ ਦਾਨ ਕਰ ਦਿੰਦੇ ਸਨ ਫਿਰ ਉਨ੍ਹਾਂ ਦੇ ਪੈਸੇ ‘ਤੇ ਨਜ਼ਰ ਰੱਖੀ ਜਾਂਦੀ ਸੀ ਅਤੇ ਜਿਹੜੇ ਜ਼ਮੀਨਾਂ ਦਾਨ ਨਹੀਂ ਕਰਦੇ ਸਨ ਉਨ੍ਹਾਂ ਨੂੰ ਰਾਤੋ-ਰਾਤ ਗਾਇਬ ਕਰ ਦਿੱਤਾ ਜਾਂਦਾ ਸੀ। ਪੈਸੇ ਵਾਲੇ ਸਮਰਥਕਾਂ ਤੋਂ ਜ਼ਬਰਦਸਤੀ ਮਾਇਆ ਦਾਨ ਕਰਵਾਈ ਜਾਂਦੀ ਸੀ। ਰਾਮ ਰਹੀਮ ਨੇ ਡੇਰੇ ਅੰਦਰ ਆਪਣੀ ਕਰੰਸੀ ਚਲਾਈ, ਆਪਣੀਆਂ ਕਲੋਨੀਆਂ ਬਣਾਈਆਂ, ਆਪਣਾ ਸ਼ਹਿਰ ਤੱਕ ਬਣਾਇਆ। ਆਪਣੇ ਡੇਰੇ ‘ਚ ਰਾਮ ਰਹੀਮ ਨੇ ਸਕੂਲ, ਕਾਲਜ, ਡਿਜ਼ਨੀ ਲੈਂਡ, ਐਲਫਿਨ ਟਾਵਰ, ਜਹਾਜ, ਹੋਟਲ, ਰਿਜ਼ਾਰਟ,ਕਾਰਖਾਨੇ, ਫਿਲਮ ਇੰਡਸਟਰੀ, ਹੋਸਟਲ, ਫੈਕਟਰੀਆਂ, ਸਿਨੇਮਾ ਘਰ ਬਣਾਏ ਹੋਏ ਸਨ। ਰਾਮ ਰਹੀਮ ਦੀ ਖੁਦ ਦੀ ਤਿਆਰ ਕੀਤੀ ਸਾਰੀ ਫਿਲਮੀ ਟੀਮ ਕੁਝ ਹੀ ਦਿਨ੍ਹਾਂ ‘ਚ ਫਿਲਮ ਤਿਆਰ ਕਰ ਲੈਂਦੀ ਸੀ। ਆਪਣੇ ਡੇਰੇ ‘ਚ ਰਾਮ ਰਹੀਮ ਨੇ ਗੁਫਾ ਬਣਾਈ ਹੋਈ ਸੀ। ਇਸ ਗੁਫਾ ‘ਚ ਹੀ ਰਾਮ ਰਹੀਮ ਕੁੜੀਆਂ ਨਾਲ ਗੰਦਾ ਕੰਮ ਕਰਦਾ ਸੀ। ਆਪਣੇ ਹੋਟਲ ਨੂੰ ਰਾਮ ਰਹੀਮ ਕਿਰਾਏ ‘ਤੇ ਦਿੰਦਾ ਸੀ ਜਿਸ ਦਾ ਕਿਰਾਇਆ 25 ਲੱਖ ਤੱਕ ਹੁੰਦਾ ਸੀ। ਮਹਿੰਗੀ ਤੋਂ ਮਹਿੰਗੀ ਕਾਰ, ਵਧੀਆ ਤੋਂ ਵਧੀਆ ਕੱਪੜਾ, ਦੇਸ਼-ਵਿਦੇਸ਼ ਦੇ ਕਈ ਸ਼ਹਿਰਾਂ ‘ਚ ਘਰ ਅਤੇ ਫਲੈਟ, ਕਰੋੜਾਂ ਦੀ ਜਾਇਦਾਦ ਦਾ ਰਾਮ ਰਹੀਮ ਹੀ ਮਾਲਕ ਸੀ। ਰਾਮ ਰਹੀਮ ਡੇਰਾ ਪ੍ਰੇਮੀਆਂ ਨੂੰ ਵਿਆਜ ‘ਤੇ ਪੈਸਾ ਦਿੰਦਾ ਸੀ। ਰਾਮ ਰਹੀਮ ਡੇਰੇ ‘ਚ ਨਸ਼ੇ ਵਾਲਾ ਪ੍ਰਸ਼ਾਦ ਵਰਤਾਉਂਦਾ ਸੀ। ਇਸ ਨਸ਼ੇ ‘ਚ ਹੀ ਮਸਤ ਹੋ ਕੇ ਡੇਰਾ ਪ੍ਰੇਮੀ ਰਾਮ ਰਹੀਮ ਦੇ ਸਤਸੰਗ ਸਮੇਂ ਝੂਮਦੇ ਸਨ। ਰਾਮ ਰਹੀਮ ਦੇ ਖਿਲਾਫ ਬੋਲਣ ਵਾਲੇ ਨੂੰ ਮਾਰ ਦਿੱਤਾ ਜਾਂਦਾ ਸੀ। ਰਾਮ ਰਹੀਮ ‘ਤੇ 2 ਕਤਲ ਕੇਸ ਵੀ ਚਲ ਰਹੇ ਹਨ ਜਿਨ੍ਹਾਂ ਦਾ ਫੈਸਲਾ ਆਉਣਾ ਅਜੇ ਬਾਕੀ ਹੈ। ਇਸ ਤੋਂ ਇਲਾਵਾ ਪੰਚਕੂਲਾ ਹਿੰਸਾ ਦਾ ਵੀ ਕੇਸ ਰਾਮ ਰਹੀਮ ‘ਤੇ ਚਲ ਸਕਦਾ ਹੈ। ਸੂਤਰਾਂ ਅਨੁਸਾਰ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਲਾਸ਼ਾਂ ਰਾਮ ਰਹੀਮ ਦੇ ਡੇਰੇ ‘ਚ ਦੱਬੀਆਂ ਹੋਈਆਂ ਹਨ। ਰਾਮ ਰਹੀਮ ਦੇ ਡੇਰੇ ‘ਚ ਗਏ ਕਈ ਲੋਕ ਅਜੇ ਤੱਕ ਆਪਣੇ ਘਰਾਂ ‘ਚ ਵਾਪਸ ਨਹੀਂ ਪਰਤੇ। ਪਰਿਵਾਰ ਵਾਲੇ ਅੱਜ ਵੀ ਭਿੱਜੀਆਂ ਅੱਖਾਂ ਨਾਲ ਉਨ੍ਹਾਂ ਦੇ ਵਾਪਸ ਆਉਣ ਦੀ ਆਸ ਲਗਾਈ ਬੈਠੇ ਹਨ। ਰਾਮ ਰਹੀਮ ਦੇ ਇਨ੍ਹਾਂ ਸਾਰੇ ਦੋਸ਼ਾਂ ‘ਚ ਹਨੀਪ੍ਰੀਤ ਵੀ ਬਰਾਬਰ ਦੀ ਕਸੂਰਵਾਰ ਹੈ।
ਇਸੇ ਤਰਾਂ ਨਵੀਂ ਦਿੱਲੀ ਰੋਹਿਣੀ ਇਲਾਕੇ ਵਿਚ ‘ਆਧਿਆਤਮਕ ਵਿਸ਼ਵ ਵਿਦਿਆਲਿਆ ਜਿਹੜੀ ਸਾਧ ਵੀਰੇਂਦਰ ਦੇਵ ਦਿਕਸ਼ਿਤ ਦੀ ਦੇਖ ਰੇਖ ਹੇਠ ਚੱਲਦੀ ਸੀ ‘ਚ ਪੁਲਸ ਨੇ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਤੀਸਰੇ ਦਿਨ ਦੀ ਛਾਪੇਮਾਰੀ ਤੋਂ ਬਾਅਦ ਪੁਲਸ ਨੇ 100 ਤੋਂ ਵਧ ਬੰਧਕ ਮਹਿਲਾਵਾਂ ਨੂੰ ਆਜ਼ਾਦ ਕਰਵਾਇਆ। ਇਸ ਆਸ਼ਰਮ ‘ਚ ਅਜੇ ਵੀ 100 ਤੋਂ ਵਧ ਮਹਿਲਾਵਾਂ ਹਨ ਜਿਨ੍ਹਾਂ ਨੇ ਬਾਹਰ ਆਉਣ ਤੋਂ ਮਨ੍ਹਾ ਕਰ ਦਿੱਤਾ ਜਦਕਿ ਵੀਰੇਂਦਰ ਦੇਵ ਦਿਕਸ਼ਿਤ ਅਜੇ ਤੱਕ ਫਰਾਰ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਥੇ ਔਰਤਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਹੁੰਦਾ ਹੈ। ਇਥੇ ਛਾਪੇਮਾਰੀ ਦੌਰਾਨ ਕਈ ਇਤਰਾਜ਼ਯੋਗ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ।
ਤੁਹਾਨੂੰ ਸੁਆਮੀ ਨਿਤਿਆਨੰਦ ਯਾਦ ਹੋਵੇਗਾ ਜਿਹੜਾ ਧਿਆਨਦੀਪਮ ਨਾਂ ਦਾ ਆਸ਼ਰਮ ਚਲਾਉਂਦਾ ਹੈ। 2010 ‘ਚ ਨਿਤਿਆਨੰਦ ਦੀ ਸੈਕਸ ਸੀ.ਡੀ. ਵਾਇਰਲ ਹੋਣ ਕਾਰਨ ਵਿਵਾਦ ‘ਚ ਆਇਆ ਸੀ। ਇਸ ਸੀ.ਡੀ. ‘ਚ ਨਿਤਿਆਨੰਦ ਸਵਾਮੀ ਇਕ ਅਦਾਕਾਰਾ ਨਾਲ ਸਰੀਰਕ ਸੰਬੰਧ ਬਣਾਉਂਦਾ ਦਿਖਾਈ ਦੇ ਰਿਹੀ ਸੀ। ਭਾਰਤ ਵਿਚ ਸੀ.ਡੀ. ਦੀ ਜਾਂਚ ਹੋਈ ਤਾਂ ਇਸ ਨੂੰ ਸਹੀ ਦੱਸਿਆ ਅਤੇ ਅਮਰੀਕਾ ‘ਚ ਸੀ.ਡੀ. ਦੀ ਜਾਂਚ ਕਰਵਾਉਣ ‘ਤੇ ਉਸ ਨਾਲ ਛੇੜਛਾੜ ਹੋਣ ਦਾ ਦਾਅਵਾ ਕੀਤਾ ਗਿਆ। ਇਸ ਸਮੇਂ ਨਿਤਿਆਨੰਦ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਹੈ। 
ਫੇਰ ਬਾਬਾ ਰਾਮ ਸ਼ੰਕਰ ਤਿਵਾਰੀ ਉਰਫ ਸਵਾਮੀ ਪਰਮਾਨੰਦ ਨੂੰ ਯੂ.ਪੀ. ਪੁਲਸ ਨੇ ਯੌਨ-ਸ਼ੋਸ਼ਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ‘ਤੇ ਔਲਾਦ ਲੈਣ ਲਈ ਆਈਆਂ ਔਰਤਾਂ ਨਾਲ ਯੌਨ-ਸ਼ੋਸ਼ਣ ਕਰਨ ਦਾ ਦੋਸ਼ ਹੈ। ਸਵਾਮੀ ਪਰਮਾਨੰਦ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ‘ਚ ਉਹ ਇਕ ਮਹਿਲਾ ਨਾਲ ਇਤਰਾਜ਼ਯੋਗ ਹਾਲਤ ‘ਚ ਦਿਖਾਈ ਦੇ ਰਿਹਾ ਸੀ। ਸੂਤਰਾਂ ਅਨੁਸਾਰ ਸਵਾਮੀ ਪਰਮਾਨੰਦ ਦੇ ਕਮਰੇ ‘ਚੋਂ ਅਸ਼ਲੀਲ ਕਿਤਾਬਾਂ ਮਿਲਣ ਦੀ ਗੱਲ ਸਾਹਮਣੇ ਆਈ। ਓਹਦੇ ਕਮਰੇ ‘ਚੋਂ ਤਾਕਤ ਦੀਆਂ ਦਵਾਈਆਂ ਅਤੇ ਕੰਡੋਮ ਮਿਲਣ ਦੀ ਗੱਲ ਵੀ ਸਾਹਮਣੇ ਆਈ ਸੀ। ਇਹਦੇ ਆਸ਼ਰਮ ‘ਚ ਮੌਜੂਦ ਦੁਕਾਨ ‘ਤੇ ਵੀ ਕੰਡੋਮ ਅਤੇ ਪੈਡ ਮਿਲਦੇ ਹਨ।
ਇਸੇ ਤਰਜ਼ ਤੇ ਉੱਤਰ-ਪ੍ਰਦੇਸ਼ ਦੀ ਬਸਤੀ ਦੇ ਸੰਤ ਕੁਟੀਰ ਆਸ਼ਰਮ ਦੇ 4 ਮਹੰਤਾਂ ਸਵਾਮੀ ਸੱਚਦਾਨੰਦ, ਪਰਮ ਚੇਤਨਾਨੰਦ, ਵਿਸ਼ਵਾਸਾਨੰਦ ਅਤੇ ਗਿਆਨ ਵੈਰਾਗਿਆਨੰਦ ਵਲੋਂ 4 ਸਾਧਵੀਆਂ ਨੂੰ ਕਾਬੂ ਕਰਕੇ ਉਨ੍ਹਾਂ ਨਾਲ ਕੁੱਟਮਾਰ ਅਤੇ ਸਮੁਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਹਿਲਾਵਾਂ ਅਨੁਸਾਰ ਵਿਰੋਧ ਕਰਨ ਵਾਲੀਆਂ ਲੜਕੀਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਤਸ਼ੱਦਦਾਂ ਦਿੱਤੀਆਂ ਜਾਂਦੀਆਂ ਸਨ।
ਚਲੋ ਇਹ ਪੰਜ ਤਾਂ ਕੁਝ ਕੁ ਪੀੜਤ ਕੁੜੀਆਂ ਦੀ ਦਲੇਰੀ ਜਾਂ ਕਨੂੰਨ ਦੇ ਸਿਕੰਜੇ ਕਰਕੇ ਸਲਾਖਾਂ ਪਿਛੇ ਚਲੇ ਗਏ ਹਾਲੇ ਹੋਰ ਪਤਾ ਨਹੀਂ ਕਿੰਨੇ ਕੁ ਪਖੰਡੀ ਸਾਧ ਲੋਕਾਂ ਦੀਆਂ ਇੱਜਤਾ ਨਾਲ ਖਿਲਵਾੜ ਕਰ ਰਹੇ ਹਨ। ਸਾਡੇ ਸਿੱਖ ਧਰਮ ਵਿੱਚ ਵੀ ਵੱਖੋ ਵੱਖ ਡੇਰਿਆਂ ਤੇ ਜਾਂ ਕਈ ਧਾਰਮਿਕ ਸਥਾਨਾਂ ਤੇ ਬਹੁਤ ਸਾਰੇ ਸਾਂਨ (ਸਾਧ) ਕਾਬਜ ਨੇ ਜੋ ਇੱਥੇ ਆਪਣੀ ਸਲਤਨਤ ਕਾਇਮ ਕਰਕੇ ਕੁਕਰਮ ਕਰ ਰਹੇ ਹਨ। ਇਕ ਪਟਿਆਲੇ ਵੱਲ ਦੇ ਸਾਧ ਦੇ ਕਿੱਸੇ ਤੁਸੀਂ ਸਾਰੇ ਸੁਣ ਚੁੱਕੇ ਹੋਂ ਇੱਕ ਜਲੰਧਰ ਦੇ ਡਾਕਟਰ ਦੀਆੰ ਅੱਖਾਂ ‘ਚ ਤੇਜ਼ਬ ਪਾਕੇ ਉਹਨੂੰ ਇਹਨੇ ਅੰਨਾ ਕਰ ਦਿੱਤਾ ਸੀ। ਪਰ ਇਹ ਸਾਧ ਠਾਣੇ ਕਚਿਹਰੀਆਂ ਆਪਣੀਆਂ ਜੇਬਾਂ ‘ਚ ਪਾਕੇ ਘੁੰਮਦਾ ਹੈ। ਆਸ ਕਰਦੇ ਹਾਂ ਕਿ ਇੱਕ ਦਿਨ ਲੋਕਾਂ ਦੀ ਜਾਗ ਖੁਲੇਗੀ ਤੇ ਪੰਜਾਬ ਅੰਦਰ ਵੀ ਪਖੰਡੀ ਪਾਪੀ ਸਾਧ ਕਨੂੰਨ ਦੇ ਡੰਡੇ ਥੱਲੇ ਆਉਣਗੇ। ਰੱਬ ਰਾਖਾ

NO COMMENTS

LEAVE A REPLY