• ਮਨੁੱਖ ਸਮੇ ਅਤੇ ਸਥਾਨ ਦੀ ਕੈਦ ਵਿਚ ਹੈ। ਜਿੰਨੀ ਦੇਰ ਵੀ ਅਸੀਂ ਜੀਂਦੇ ਹਾਂ ।ਇਨ੍ਹਾਂ ਦੋਹਾਂ ਤੋਂ ਆਜ਼ਾਦ ਨਹੀਂ ਹੋ ਸਕਦੇ।ਕੇਵਲ ਅਤੇ ਕੇਵਲ ਅਕਾਲਪੁਰਖ ਨੂੰ ਹੀ ਸਮੇ ਅਤੇ ਸਥਾਨ ਤੋਂ ਆਜ਼ਾਦ ਮੰਨਿਆ ਗਿਆ ਹੈ। ਅਸੀਂ ਆਪਣੀ ਜਿੰਦਗੀ ਦੇ ਮਿਲੇ ਹੋਏ ਸਮੇ ਨੂੰ ਗੁਜਾਰਦਿਆ ਵੱਖ ਵੱਖ ਵਿਅਕਤੀਆਂ ਨਾਲ ਸੰਬੰਧ ਬਣਾਉਂਦੇ ਹਾਂ।ਉਨਾਂ ਤੋਂ ਪ੍ਰਭਾਵਿਤ ਹੁੰਦੇ ਹਾਂ ਅਤੇ ਉਨਾਂ ਨੂੰ ਪ੍ਰਭਾਵਿਤ ਕਰਦੇ ਵੀ ਹਾਂ । ਆਪਣੀਆਂ ਲੋੜਾਂ; ਰੁਚੀਆਂ; ਆਦਤਾਂ; ਆਦਿ ਦੇ ਅਧੀਨ ਬਣੇ ਇਨਾਂ ਸੰਬੰਧਾਂ ਰਾਹੀਂ ਅਸੀਂ ਬਹੁਤ ਕੁਝ ਸਿੱਖਦੇ ਵੀ ਹਾਂ । ਪਿਆਰ ;ਗੁੱਸਾ; ਹਾਸੇ; ਰੋਸੇ; ਵੰਡਦੇ ਹੋਏ ਸਮੇ ਦੇ ਰੱਥ ਤੇ ਸਵਾਰ ਅੱਗੇ ਚਲਦੇ ਰਹਿੰਦੇ ਹਾਂ ।ਆਪਣੀ ਬੁੱਧੀ ਨੂੰ ਵਰਤਦੇ ਵਿਵੇਕਸੀਲਤਾ ਨਾਲ ਬੀਤੇ ਸਮੇਂ ਦਾ ਵਿਸ਼ਲੇਸ਼ਣ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਲਈ ਕਈ ਯੋਜਨਾਵਾਂ ਵੀ ਉਲੀਕਦੇ ਹਾਂ। ਜਿੰਦਗੀ ਵਿਚ ਕਦੇ ਵੀ ਸਭ ਕੁਝ ਸੁਖਾਵਾਂ ਅਤੇ ਇਕਸਾਰ ਨਹੀਂ ਚਲਦਾ।ਖੁਸ਼ੀ ਗਮੀ ਦੁੱਖ ਸੁੱਖ ਉਤਾਰ ਚੜ੍ਹਾਅ ਜਿੰਦਗੀ ਦਾ ਅਟੁੱਟ ਅੰਗ ਹਨ ।ਬੀਤਿਆ 2017 ਵੀ ਇਸੇ ਤਰਾਂ ਕੁਝ ਖੱਟੇ ਮਿੱਠੇ ਅਨੁਭਵ ਅਤੇ ਯਾਦਾਂ ਛੱਡਦਾ ਖਤਮ ਹੋ ਰਿਹਾ ਏ । ਇਸ ਵਰੇ ਵੀ ਬਹੁਤ ਸਾਰੀਆਂ ਨਿਜੀ ; ਸਮਾਜਿਕ ਅਤੇ ਰਾਜਨੀਤਿਕ ਸਮੱਸਿਆਵਾਂ ਵਿਚੋਂ ਗੁਜਰੇ ਹਾਂ । ਪਰ ਕੁਦਰਤ ਦਾ ਅਸੂਲ ਹੀ ਇਹੋ ਏ; ਹਰ ਗੂੜ੍ਹੀ ਤੇ ਕਾਲੀ ਰਾਤ ਨੇ ਇੱਕ ਨਵੀਂ ਸਵੇਰ ਨੂੰ ਜਨਮ ਜਰੂਰ ਦੇਣਾ ਏ ਅਤੇ ਹਰ ਚਮਕਦੇ ਸੂਰਜ ਨੇ ਕਾਲੀ ਰਾਤ ਦੀ ਕੁੱਖ ਵਿੱਚ ਡੁੱਬਣਾ ਵੀ ਜਰੂਰ ਏ । ਜਿੰਦਗੀ ਨੂੰ ਵਧੀਆ ਢੰਗ ਨਾਲ ਜਿਊਣ ਲਈ ਸਾਨੂੰ ਪੁਰਾਣੀਆਂ ਖੱਟੀਆਂ ਯਾਦਾਂ ਭੁਲਾ ਦੇਣੀਆਂ ਚਾਹੀਦੀਆਂ ਹਨ । ਨਵੀ ਸਵੇਰ ਦਾ ਸਵਾਗਤ ਕਰਨਾ ਚਾਹੀਦਾ ਏ ਅਤੇ ਕੁਝ ਨਵਾਂ ਅਤੇ ਚੰਗਾ ਕਰਨ ਦਾ ਸੰਕਲਪ ਵੀ ਲੈਣਾ ਚਾਹੀਦਾ ਏ । 2018 ਦੀ ਇਸ ਨਵੀਂ ਸਵੇਰ ਤੇ ਸਾਰੇ ਪਾਠਕਾਂ ਲਈ ਦੁਆ ਕਰਦੇ ਹਾਂ ਕਿ ਪਰਮਾਤਮਾ ਆਪ ਸਭ ਦੇ ਜੀਵਨ ਵਿਚ ਖੁਸ਼ਹਾਲੀ ਪਿਆਰ ਅਤੇ ਸ਼ਾਂਤੀ ਲਿਆਵੇ ਅਤੇ ਸਾਨੂੰ ਸੱਚ ਲਈ ; ਮਨੁੱਖਤਾ ਲਈ; ਕੁਝ ਕਰ ਗੁਜ਼ਰਨ ਦੀ ਤਾਕਤ ਬਖ਼ਸੇ ।ਅਦਾਰਾ ਪੰਜਾਬੀ ਸਾਂਝ ਆਪ ਸਭ ਦੇ ਸੁਝਾਵਾਂ ਦਾ ਸਵਾਗਤ ਕਰੇਗਾ ਅਤੇ ਅਸੀਂ ਆਸ ਕਰਾਂਗੇ ਕਿ ਇਹ ਮੁਹੱਬਤ ਇਹ ਸਾਂਝ ਹਰ ਨਵੇ ਦਿਨ ਹੋਰ ਪੀਡੀ ਹੋਵੇ ਅਤੇ ਲਿੰਗ; ਧਰਮ; ਜਾਤ; ਨਸਲ; ਦੇਸ਼ ਆਦਿ ਦੀਆਂ ਬੰਦਸ਼ਾਂ ਨੂੰ ਤੋੜ ਕੇ ਸਿਰਫ ਅਤੇ ਸਿਰਫ ਪਿਆਰ ਦੀ ਸਾਂਝ ਬਣੇ। ਮਿੱਠੇ ਸੰਗੀਤ; ਸੁੰਦਰ ਕਾਵਿਕ ਜਜ਼ਬਿਆਂ ਦੀ ਤਾਂਘ ਨਾਲ;–
    ਆਪ ਜੀ ਲਈ ਅਰਦਾਸ ਕਰਦੇ ਹੋਏ—-
    ਸਮੂਹ ਸੰਪਾਦਕੀ ਪਰਿਵਾਰ
    ਪੰਜਾਬੀ ਸਾਂਝ ।

LEAVE A REPLY

Please enter your comment!
Please enter your name here