ਤੇਰੀ ਮੜ੍ਹੀ ‘ਤੇ ਆਣ ਦਲੀਪ ਸਿੰਘਾ
ਵਰਕੇ ਰੁੱਸੇ ਹੋਏ ਵਕਤ ਦੇ ਫੋਲਦੀ ਹਾਂ ।
ਕੌਣ ਕਹਿੰਦਾ ਹੈ ਬੋਲਦੀ ਨਹੀਂ ਮਿੱਟੀ
ਵੇ ਮੈਂ ਮਿੱਟੀ ਪੰਜਾਬ ਦੀ ਬੋਲਦੀ ਹਾਂ ।

ਮੇਰੀ ਹੋਂਦ ਹੁਣ ਬਚੀ ਹੈ ਕਾਗ਼ਜ਼ਾਂ ‘ਤੇ
ਨਾਂ ਮੈਂ ਜਿੱਤੀ ਨਾਂ ਡਰੀ ਹਾਂ ਹਾਰ ਕੋਲੋਂ ,
ਚਾਰੇ ਪਾਸੇ ਹੀ ਡੋਗਰੇ ਘੁੰਮਦੇ ਨੇ
ਨਾਂ ਹੀ ਆਸ ਹੈ ਕਿਸੇ ਸਰਕਾਰ ਕੋਲੋਂ,
ਮੇਰੀ ਹੱਦ ਸੀ ਕਾਬਲ ਕੰਧਾਰ ਤੀਕਰ
ਹੁਣ ਮੈਂ ਖ਼ੁਦ ਨੂੰ ਪੈਰਾਂ ‘ਚੋਂ ਟੋਲ਼ਦੀ ਹਾਂ,
ਕੌਣ ਕਹਿੰਦਾ ਹੈ ਬੋਲਦੀ ਨਹੀਂ ਮਿੱਟੀ
ਵੇ ਮੈਂ ਮਿੱਟੀ ਪੰਜਾਬ ਦੀ ਬੋਲਦੀ ਹਾਂ ।

ਜਾਂਦੇ ਹੋਣਗੇ ਵੇਖੇ ਤੂੰ ਅੰਨਦਾਤੇ
ਅੰਬਰਸਰੋਂ ਬਾਜ਼ਾਰ ਲਾਹੌਰ ਅੰਦਰ,
ਦੱਬੇ ਕਰਜ਼ ਦੇ ਪੀਣ ਸਲਫ਼ਾਸ ਹੁਣ ਤਾਂ
ਵਿਛਦੇ ਸੱਥਰ ਨੇ ਚਿੱਟੇ ਦੇ ਦੌਰ ਅੰਦਰ,
ਛਾਂ ਕਰਦੇ ਨਈਂ ਸੱਥਾਂ ਦੇ ਰੁੱਖ ਮੈਨੂੰ
ਸੁੱਕੇ ਮਿਲਦੇ ਨੇ ਜਿੰਨੇ ਟਟੋਲਦੀ ਹਾਂ,
ਕੌਣ ਕਹਿੰਦਾ ਹੈ ਬੋਲਦੀ ਨਹੀਂ ਮਿੱਟੀ
ਵੇ ਮੈਂ ਮਿੱਟੀ ਪੰਜਾਬ ਦੀ ਬੋਲਦੀ ਹਾਂ ।

ਦੁੱਖਭੰਜਨੀ ਬੇਰੀ ਦੀਆਂ ਟਾਹਣੀਆਂ ਵੀ
ਹੁਣ ਤਾਂ ਫਿਜ਼ਾ ਬੇਗਾਨੀ ‘ਚ ਹਿੱਲਦੀਆਂ ਨੇ,
ਤੈਨੂੰ ਦੱਸਾਂ ਕੀ ਪੰਥ ਦੇ ਦੋਖੀਆਂ ਨੂੰ
ਅਕਾਲ ਤਖਤ ਤੋਂ ਮੁਆਫੀਆਂ ਮਿਲਦੀਆਂ ਨੇ,
ਮੇਰੇ ਪਿੰਡੇ ‘ਤੇ ਦੁੱਖਾਂ ਦੀ ਰਾਖ ਉੱਡੇ
ਅੱਖਾਂ ਸਹਿਮ ਕੇ ਮਸਾਂ ਹੀ ਖੋਲ੍ਹਦੀ ਹਾਂ,
ਕੌਣ ਕਹਿੰਦਾ ਹੈ ਬੋਲਦੀ ਨਹੀਂ ਮਿੱਟੀ
ਵੇ ਮੈਂ ਮਿੱਟੀ ਪੰਜਾਬ ਦੀ ਬੋਲਦੀ ਹਾਂ ।

‘ਚਿੱਟੀ ਸਿਉਂਕ’ਤੇ ਚਾਲ ਹੈ‘ਭਗਵਿਆਂ’ਦੀ
ਕਿ ਝੰਡੇ ਕੇਸਰੀ ਝੁੱਲਣੋ ਰੋਕਣੇ ਨੇ,
ਤੇ ਕੁਰਸੀ ਵਾਸਤੇ ਪੂਰ ਜਵਾਨੀਆਂ ਦੇ
ਕਿਵੇਂ ‘ਅੱਗ ਨਿਧਰਮੀ’ ‘ਚ ਝੋਕਣੇ ਨੇ,
ਜਦੋਂ ਪੇਸ਼ ਨਾਂ ਜਾਵੇ ਤਾਂ ਕੀ ਦੱਸਾਂ
ਮੋਤੀ ਰੋੜਾਂ ਦੇ ਵੱਟੇ ਹੀ ਤੋਲਦੀ ਹਾਂ,
ਕੌਣ ਕਹਿੰਦਾ ਹੈ ਬੋਲਦੀ ਨਹੀਂ ਮਿੱਟੀ
ਵੇ ਮੈਂ ਮਿੱਟੀ ਪੰਜਾਬ ਦੀ ਬੋਲਦੀ ਹਾਂ ।

ਰੱਖੀ ਆਸ ਹੈ ਅਜੇ ਵੀ ਵਾਰਸਾਂ ‘ਤੇ
ਜੇਹੜੇ ਜ਼ੁਲਮ ਤੋਂ ਕਦੇ ਨਾਂ ਹਾਰਦੇ ਨੇ,
ਆਖਰ ਉਠਦੇ ਨੇ ਜੇਹੜੇ ਅਣਗੌਲਿਆਂ ‘ਚੋਂ
ਰਾਜਧਾਨੀ ਨੂੰ ਓਹੀ ਲਲਕਾਰਦੇ ਨੇ,
ਸੁਖੀ ਵੱਸੇ ‘ਅਜ਼ੀਮ’ ਪੰਜਾਬ ਤਾਂ ਹੀ
ਖ਼ੁਦ ਨੂੰ ਪੰਜਾਂ ਦਰਿਆਵਾਂ ਵਿੱਚ ਘੋਲ਼ਦੀ ਹਾਂ,
ਕੌਣ ਕਹਿੰਦਾ ਹੈ ਬੋਲਦੀ ਨਹੀਂ ਮਿੱਟੀ
ਵੇ ਮੈਂ ਮਿੱਟੀ ਪੰਜਾਬ ਦੀ ਬੋਲਦੀ ਹਾਂ ।

LEAVE A REPLY

Please enter your comment!
Please enter your name here