ਨਵੀਂ ਦਿੱਲੀ

ਕੇਂਦਰੀ ਬਿਊਰੋ ਆਫ ਇਨਵੈਸਟੀਗੇਸ਼ਨ (ਸੀ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਵਡੋਦਰਾ ਆਧਾਰਿਤ ਡਾਇਮੰਡ ਪਾਵਰ ਇਨਫਰਾਸਟਰੱਕਚਰ (ਡੀ.ਪੀ.ਆਈ.ਐੱਲ.) ਦੇ 2,654 ਕਰੋੜ ਰੁਪਏ ਦੇ ਕਥਿਤ ਲੋਨ ਫਰਾਡ ਮਾਮਲੇ ਵਿਚ ਬੈਂਕ ਆਫ ਇੰਡੀਆ ਦੇ ਦੋ ਸੀਨੀਅਰ ਸੇਵਾਮੁਕਤ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਅਧਿਕਾਰੀਆਂ ‘ਤੇ ਲੋਨ ਫਰਾਡ ਮਾਮਲੇ ਵਿਚ ਸ਼ਾਮਲ ਹੋਣ ਦਾ ਦੋਸ਼ ਲੱਗਾ ਹੈ।
ਗਲਤ ਤਰੀਕੇ ਨਾਲ ਕ੍ਰੈਡਿਟ ਲਿਮਿਟ ਦੇਣ ਦਾ ਦੋਸ਼
ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਆਫ ਇੰਡੀਆ ਦੇ ਰਿਟਾਇਰਡ ਜੀ.ਐਮ. ਵੀ.ਵੀ. ਅਗਨੀਹੋਤਰੀ ਅਤੇ ਡੀ.ਜੀ.ਐਮ. ਪੀ.ਕੇ. ਸ੍ਰੀਵਾਸਤਵ ਉੱਤੇ ਗਲਤ ਤਰੀਕੇ ਨਾਲ ਕੰਪਨੀ ਨੂੰ ਕਰੈਡਿਟ ਲਿਮਿਟ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਹੀ ਸਾਬਕਾ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਸ਼ਨੀਵਾਰ ਨੂੰ ਅਹਿਮਦਾਬਾਦ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਕੰਪਨੀ ਦੇ ਪ੍ਰਮੋਟਰਾਂ ਨੂੰ ਇਸ ਸਾਲ ਅਪ੍ਰੈਲ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
2016-17 ‘ਚ ਐੱਨ.ਪੀ.ਏ. ਘੋਸ਼ਿਤ ਹੋ ਚੁੱਕਾ ਹੈ ਲੋਨ
ਏਜੰਸੀ ਨੇ ਐੱਫ.ਆਈ.ਆਰ. ਵਿਚ ਕਿਹਾ ਸੀ ਕਿ ਬਿਜਲੀ ਕੇਬਲ ਅਤੇ ਹੋਰ ਸਾਜ਼ੋ-ਸਮਾਨ ਬਣਾਉਣ ਵਾਲੀ ਕੰਪਨੀ ਡੀ.ਪੀ.ਆਈ.ਐੱਲ. ਦੇ ਪ੍ਰਮੋਟਰਾਂ ‘ਚ ਸੁਰੇਸ਼ ਨਰਾਇਣ ਭਟਨਾਗਰ ਅਤੇ ਉਸ ਦੇ ਪੁੱਤਰ ਅਮਿਤ ਅਤੇ ਸੁਮਿਤ ਸ਼ਾਮਲ ਹਨ ਜੋ ਕਿ ਕੰਪਨੀ ਵਿਚ ਡਾਇਰੈਕਟਰ ਵੀ ਹਨ। 2016-17 ਵਿਚ ਕੰਪਨੀ ਨਾਲ ਸਬੰਧਤ ਕਰਜ਼ੇ ਨੂੰ ਗੈਰ-ਕਾਰਗੁਜ਼ਾਰੀ ਵਾਲੀ ਪੂੰਜੀ ਐਲਾਨ ਕੀਤਾ ਗਿਆ ਸੀ।
ਏਜੰਸੀ ਨੇ ਕਿਹਾ,’ਦੋਸ਼ ਹੈ ਕਿ ਡੀ.ਪੀ.ਆਈ.ਐੱਲ. ਨੇ ਸਾਲ 2008 ਤੋਂ ਹੀ ਗਲਤ ਤਰੀਕੇ ਨਾਲ 11 ਬੈਂਕਾਂ(ਸਰਕਾਰੀ ਅਤੇ ਨਿੱਜੀ ਦੋਵੇਂ) ਤੋਂ ਕ੍ਰੈਡਿਟ ਲਿਮਿਟ ਲਈ ਹੋਈ ਸੀ। 29 ਜੂਨ , 2016 ਤੱਕ ਉਨ੍ਹਾਂ ‘ਤੇ ਕਰਜ਼ਾ ਵਧ ਕੇ 2,654 ਕਰੋੜ ਤੱਕ ਪਹੁੰਚ ਗਿਆ। ਸਾਲ 2007-08 ਦੇ ਦੌਰਾਨ ਅਗਨੀਹੋਤਰੀ ਵਡੋਦਰਾ ਸਥਿਤ ਬੈਂਕ ਆਫ ਇੰਡੀਆ ਦੇ ਜ਼ੋਨਲ ਦਫਤਰ ਵਿਚ ਏ.ਜੀ.ਐੱਮ. ਸਨ ਅਤੇ ਸ੍ਰੀਵਾਸਤਵ ਡੀ.ਜੀ.ਐੱਮ. ਸਨ।
ਅਪ੍ਰੈਲ ‘ਚ ਜ਼ਬਤ ਕੀਤੀ ਸੀ 1122 ਕਰੋੜ ਰੁਪਏ ਦੀ ਜਾਇਦਾਦ
ਈ.ਡੀ. ਨੇ ਇਸ ਸਾਲ ਅਪ੍ਰੈਲ ਵਿਚ ਪੀ.ਐੱਮ.ਐੱਲ.ਏ. ਦੇ ਤਹਿਤ ਡਾਇਮੰਡ ਪਾਵਰ ਇਨਫਰਾਸਟਰੱਕਚਰ ਦੇ ਪ੍ਰਮੋਟਰਾਂ ਦੀ ਲਗਭਗ 1,122 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਸੀ.ਬੀ.ਆਈ. ਨੇ 18 ਅਪ੍ਰੈਲ ਨੂੰ ਰਾਜਸਥਾਨ ਦੇ ਉਦੈਪੁਰ ਤੋਂ ਤਿੰਨ ਪ੍ਰਮੋਟਰਾਂ ਨੂੰ ਗ੍ਰਿਫਤਾਰ ਕੀਤਾ ਸੀ।
ਇਨ੍ਹਾਂ ਬੈਂਕਾਂ ਕੋਲੋਂ ਲਿਆ ਸੀ ਕਰਜ਼ਾ
ਕਰਜ਼ਾ ਦੇਣ ਵਾਲਿਆਂ ਦੀ ਸੂਚੀ ਵਿਚ ਬੈਂਕ ਆਫ ਇੰਡੀਆ 670.51 ਕਰੋੜ ਰੁਪਏ ਨਾਲ ਪਹਿਲੇ ਸਥਾਨ ‘ਤੇ ਇਸ ਤੋਂ ਬਾਅਦ ਬੈਂਕ ਆਫ ਬੜੌਦਾ (348.99 ਕਰੋੜ ਰੁਪਏ), ਆਈ.ਸੀ.ਆਈ.ਸੀ.ਆਈ. (279.46 ਕਰੋੜ ਰੁਪਏ), ਐਕਸਿਸ ਬੈਂਕ (255.32 ਕਰੋੜ ਰੁਪਏ), ਇਲਾਹਾਬਾਦ ਬੈਂਕ (227.96 ਕਰੋੜ ਰੁਪਏ), ਦੇਨਾ ਬੈਂਕ (177.19 ਕਰੋੜ ਰੁਪਏ), ਕਾਰਪੋਰੇਸ਼ਨ ਬੈਂਕ (109.12 ਕਰੋੜ ਰੁਪਏ), ਐਗਜ਼ਿਮ ਬੈਂਕ ਆਫ ਇੰਡੀਆ (81.92 ਕਰੋੜ), ਆਈ-ਬੀ (71.59 ਕਰੋੜ ਰੁਪਏ) ਅਤੇ ਆਈ.ਐੱਫ.ਸੀ.ਆਈ. (58.53 ਕਰੋੜ ਰੁਪਏ) ਸ਼ਾਮਲ ਹੈ।
ਸਾਜਿਸ਼ ‘ਚ ਸ਼ਾਮਲ ਸੀ ਇਹ ਕੰਪਨੀ
ਸੀ.ਬੀ.ਆਈ. ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਡੀ.ਪੀ.ਆਈ.ਐੱਲ. ਆਪਣੇ ਸੰਸਥਾਪਕਾਂ ਅਤੇ ਨਿਰਦੇਸ਼ਕਾਂ ਦੁਆਰਾ ਵੱਖ-ਵੱਖ ਬੈਂਕਾਂ ਦੇ ਅਣਪਛਾਤੇ ਅਧਿਕਾਰੀਆਂ ਨਾਲ ਸਾਜ਼ਿਸ਼ ਰਚਣ ਵਿਚ ਸ਼ਾਮਲ ਰਹੀ ਹੈ। ਕੰਪਨੀ ਨੇ ਇਨ੍ਹਾਂ ਬੈਂਕਾਂ ‘ਚ ਫਰਜ਼ੀ ਖਾਤਿਆਂ ਅਤੇ ਫਰਜ਼ੀ ਦਸਤਾਵੇਜ਼ਾਂ ਜ਼ਰੀਏ ਜਨਤਾ ਦੇ ਧਨ ਨੂੰ ਗਲਤ ਤਰੀਕੇ ਨਾਲ ਹਾਸਲ ਕਰਕੇ ਧੋਖਾਧੜੀ ਕੀਤੀ ਹੈ।

LEAVE A REPLY

Please enter your comment!
Please enter your name here