ਚੰਡੀਗੜ੍ਹ, ਅਪ੍ਰੈਲ 13(ਜਸਵਿੰਦਰ ਸਿੰਘ ਲਾਟੀ)ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਵਲੋਂ ਜਲਿਆਂਵਾਲਾ ਬਾਗ਼ ਸਾਕੇ ਦੀ ਸ਼ਤਾਬਦੀ ਉਚਿਤ ਢੰਗ ਨਾਲ ਨਾ ਮਨਾਏ ਜਾਣ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕੇ ਪੰਜਾਬ ਅਤੇ ਕੇਂਦਰ ਸਰਕਾਰਾਂ ਸ਼ਹੀਦ ਪਰਿਵਾਰਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਅੱਜ ਤਕ ਜਲਿਆਂਵਾਲਾ ਦੇ ਸ਼ਹੀਦਾਂ ਨੂੰ ਸਰਕਾਰੀ ਪੱਧਰ ਉਤੇ ‘ਸ਼ਹੀਦ’ ਦਾ ਦਰਜਾ ਦਿੱਤਾ ਗਿਆ ਹੈ ।
ਖਹਿਰਾ ਨੇ ਕਿਹਾ ਕਿ ਇਸ ਤੋਂ ਜ਼ਿਆਦਾ ਦੁੱਖ ਦੀ ਗੱਲ ਕੀ ਹੋ ਸਕਦੀ ਹੈ ਕਿ ਅੱਜ ਤਕ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਅਤੇ ਰਾਜਗੁਰੂ ਨੂੰ ਵੀ ਸਰਕਾਰੀ ਰਿਕਾਰਡ ਵਿਚ ਸ਼ਹੀਦ ਦਾ ਦਰਜ ਨਹੀਂ ਦਿੱਤਾ ਗਿਆ ਹੈ । ਉਹਨਾਂ ਨੇ ਕਿਹਾ ਕਿ ਜਲਿਆਂਵਾਲਾ ਸਾਕੇ ਦੀ ਸ਼ਤਾਬਦੀ ਮੌਕੇ ਇਹਨਾਂ ਸ਼ਹੀਦਾ ਨੂੰ ‘ਸ਼ਹੀਦ’ ਦਾ ਦਰਜ ਦਿੱਤਾ ਜਾਵੇ ਅਤੇ ਇਹ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਖਹਿਰਾ ਨੇ ਕਿਹਾ ਕਿ ਜਲਿਆਂਵਾਲਾ ਬਾਗ਼ ਦੀ ਯਾਦਗਾਰ ਨੂੰ ਵਿਕਸਤ ਕਰਨ ਉੱਤੇ ਪੰਜਾਬ ਦੀ ਸਰਕਾਰ ਨੇ ਧੇਲਾ ਨਹੀਂ ਖਰਚਿਆ ਅਤੇ ਨਾ ਹੀ ਕੇਂਦਰ ਵਲੋਂ ਕੋਈ ਫੰਡ ਦਿਤੇ ਗਏ ਹਨ ।ਉਹਨਾਂ ਨੇ ਕਿਹਾ ਕਿ ਇਹ ਐਨੀ ਵੱਡੀ ਇਤਿਹਾਸਿਕ ਘਟਨਾ ਸੀ ਜਿਸ ਨੇ ਆਜ਼ਾਦੀ ਦੀ ਨੀਂਹ ਪੱਕੀ ਕੀਤੀ ਅਤੇ ਇਸ ਨੂੰ ਸਾਲ ਭਰ ਲੰਬੇ ਪ੍ਰੋਗਰਾਮ ਕਰਕੇ ਸ਼ਹੀਦਾਂ ਨੂੰ ਢੁਕਵੀਂ ਸ਼ਰਧਾਂਜਲੀ ਦੇਣੀ ਚਾਹੀਦੀ ਸੀ । ਉਹਨਾਂ ਨੇ ਅੱਗੇ ਕਿਹਾ ਕਿ ਜਲਿਆਂਵਾਲੇ ਬਾਗ਼ ਵਿਚ ਸ਼ਹੀਦ ਹੋਏ ਲੋਕਾਂ ਦੇ ਵਾਰਸਾਂ ਦੀ ਪਹਿਚਾਣ ਕੀਤੀ ਜਾਵੇ ਤੇ ਸਨਮਾਨ ਦਿੱਤਾ ਜਾਵੇ ।
ਖਹਿਰਾ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਹੋਣ ਵਾਲੇ ਸਮਾਗਮ ਵਿਚ ਕੇਵਲ 12 ਪਰਿਵਾਰਾਂ ਨੂੰ ਬੁਲਾਇਆ ਗਿਆ ਹੈ ਜਦਕਿ ਸਰਕਾਰੀ ਰਿਕਾਰਡ ਅਨੁਸਾਰ ਵੀ 501 ਲੋਕਾਂ ਨੇ ਸ਼ਹੀਦੀ ਦਿਤੀ ਸੀ । ਉਹਨਾਂ ਕਿਹਾ ਕਿ ਵਿਸਾਖੀ ਵਾਲੇ ਦਿਨ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਵਿਚ ਧਾਰਾ 144 ਲਗਾ ਦਿਤੀ ਗਈ ਹੈ ਤਾਂ ਜੋ ਆਮ ਲੋਕ ਸ਼ਹੀਦੀ ਸਮਾਗਮ ਦੀ ਥਾਂ ਇਕੱਠੇ ਨਾ ਹੋ ਸਕਣ ।
ਖਹਿਰਾ ਨੇ ਕਿਹਾ ਕਿ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੂੰ ਵੀ ਭਾਰਤ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਵੱਡੇ ਵੱਡੇਰੇ ਬ੍ਰਿਟਿਸ਼ ਰਾਜ ਦੀ ਚਾਪਲੂਸੀ ਕਰਦੇ ਰਹੇ ਹਨ। ਉਹਨਾਂ ਦੇ ਪੜਦਾਦੇ ਸੁੰਦਰ ਸਿੰਘ ਮਜੀਠੀਆ ਨੇ ਜਲਿਆਂਵਾਲੇ ਬਾਗ਼ ਦੇ ਸਾਕੇ ਵਾਲੀ ਰਾਤ ਨੂੰ ਜਨਰਲ ਡਾਇਰ ਨੂੰ ਰਾਤ ਦੇ ਖਾਣੇ ਉੱਤੇ ਬੁਲਾ ਕੇ ਸਨਮਾਨਿਤ ਕੀਤਾ ਸੀ ।ਸੁੰਦਰ ਸਿੰਘ ਮਜੀਠੀਆ ਨੇ ਭਗਤ ਸਿੰਘ ਨੂੰ ਵੀ ਗੱਦਾਰ ਕਿਹਾ ਸੀ ਅਤੇ ਇਸ ਘਟਨਾ ਦਾ ਜਿਕਰ ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਨੇ ਆਪਣੀ ਸਵੇ ਜੀਵਨੀ ਵਿਚ ਕੀਤਾ ਸੀ।

LEAVE A REPLY

Please enter your comment!
Please enter your name here