ਲੁਧਿਆਣਾ, 5 ਫਰਵਰੀ (ਜਸਵਿੰਦਰ ਸਿੰਘ ਲਾਟੀ ਲੋਕ ਇਨਸਾਫ ਪਾਰਟੀ ਦੇ ਵਾਰਡ ਨੰਬਰ 36 ਦੇ ਕੌਂਸਲਰ ਹਰਵਿੰਦਰ ਸਿੰਘ ਕਲੇਰ ਵਲੋਂ ਨਗਰ ਨਿਗਮ ਲੁਧਿਆਣਾ ਦੇ ਹਾਊਸ ਦੀ ਮੀੰਿਟਗ ਦੌਰਾਨ ਹੰਬੜਾਂ ਰੋਡ ਸਥਿਤ 9800 ਵਰਗ ਗਜ ਜਮੀਨ ਦੇ ਮਾਲਕ ਨੂੰ 3.73 ਕਰੋੜ ਰੁਪਏ ਦੇ ਵਿਆਜ ਮਾਫੀ ਦੇ ਪ੍ਰਸਤਾਵ ਸਬੰਧੀ ਪਾਸ ਕੀਤੇ ਗਏ ਮਤੇ ਦੇ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਖਾਲਸਾ ਅਤੇ ਜਿਲਾ ਪ੍ਰਧਾਨ ਬਲਦੇਵ ਸਿੰਘ ਨੇ ਕਰਦਿਆਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਮੇਅਰ ਵੀ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਰਸਤੇ ਤੇ ਚਲਦਿਆਂ ਆਪਣੇ ਚਹੇਤਿਆਂ ਨੂੰ ਵਿਆਜ ਮਾਫੀ ਦੇ ਰਹੇ ਹਨ, ਜਿਸ ਨਾਲ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਸ਼ਰੇਆਮ ਉਡਾਇਆ ਜਾ ਰਿਹਾ ਹੈ, ਜਿਸ ਸਬੰਧੀ ਲੋਕ ਇਨਸਾਫ ਪਾਰਟੀ ਨੇ ਇਸ ਮਾਮਲੇ ਤੇ ਆਪਣੀ ਟੇਢੀ ਅੱਖ ਰੱਖੀ ਹੋਈ ਹੈ ਅਤੇ ਜੇਕਰ ਲੋੜ ਪਈ ਤਾਂ ਇਸ ਸਬੰਧੀ ਹਾਈਕੋਰਟ ਤੱਕ ਆਪਣੀ ਆਵਾਜ ਬੁਲੰਦ ਕਰੇਗੀ ਅਤੇ ਨਗਰ ਨਿਗਮ ਨੂੰ ਵਿਆਜ ਦੇ ਮਿਲਣ ਵਾਲੇ 3.73 ਕਰੋੜ ਲੈ ਕੇ ਹੀ ਦਮ ਲਵੇਗੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਸਮੇਤ ਸ਼ਹਿਰ ਦੇ ਵਿਧਾਇਕਾਂ ਸਣੇ ਮੌਜੂਦਾ ਕਾਂਗਰਸ ਸਰਕਾਰ ਦੇ ਮੰਤਰੀ ਅਤੇ ਖੁਦ ਮੁੱਖ ਮੰਤਰੀ ਖਾਲੀ ਖਜਾਨਾ ਹੋਣ ਦਾ ਢਿੰਡੋਰਾ ਪਿੱਟ ਰਹੇ ਹਨ ਅਤੇ ਦੂਜੇ ਪਾਸੇ ਆਪਣੇ ਚਹੇਤਿਆਂ ਨੂੰ ਕਰੋੜਾਂ ਰੁਪਏ ਦਾ ਵਿਆਜ ਮਾਫ ਕਰਕੇ ਨਗਰ ਨਿਗਮ ਨੂੰ ਹੋਣ ਵਾਲੀ ਕਮਾਈ ਦਾ ਰਸਤਾ ਬੰਦ ਕਰ ਰਹੇ ਹਨ। ਜਿਸ ਤੋਂ ਸਾਫ ਜਾਹਰ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਇਸੇ ਤਰਾਂ ਵੱਡੇ ਵੱਡੇ ਬਿਲਡਰਾਂ ਲਈ ਵਿਆਜ ਮਾਫ ਕਰ ਦਿੱਤਾ ਜਾਂਦਾ ਸੀ ਤੇ ਕਾਂਗਰਸ ਵੀ ਇਸੇ ਤਰਾਂ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾ ਕੇ ਚੋਰ ਮੋਰੀ ਰਾਹੀਂ ਆਪਣੀਆਂ ਜੇਬਾਂ ਭਰਨ ਤੇ ਲੱਗੀ ਹੋਈ ਹੈ। ਜਿਸ ਨੂੰ ਲੋਕ ਇਨਸਾਫ ਪਾਰਟੀ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਜਲਦੀ ਹੀ ਇਸ ਸਬੰਧੀ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨਾਲ ਗੱਲ ਕੀਤੀ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਹਾਈਕੋਰਟ ਵਿੱਚ ਵੀ ਰਿਟ ਦਾਇਰ ਕੀਤੀ ਜਾਵੇਗੀ।

LEAVE A REPLY

Please enter your comment!
Please enter your name here