ਬ੍ਰਸੈਲਸ

ਜੀ-7 ਦੇਸ਼ਾਂ ਦੇ ਹੰਗਾਮੇਦਾਰ ਸੰਮੇਲਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵਾਰ ‘ਨਾਟੋ’ ਦੇਸ਼ਾਂ ਦੀ ਬੈਠਕ ‘ਚ ਕੁਝ ਨਵਾਂ ਕਰਨ ਦੀ ਤਿਆਰੀ ‘ਚ ਹਨ। ਨਾਟੋ ਮੈਂਬਰੀ ਦੇਸ਼ਾਂ ਤੋਂ ਉਨ੍ਹਾਂ ਨੇ ਰੱਖਿਆ ਖਰਚ ਵਧਾ ਕੇ ਦੁਗਣਾ ਕਰਨ ਲਈ ਕਿਹਾ ਹੈ। ਜਰਮਨੀ ਨੂੰ ਰੂਸ ਦਾ ਬੰਧਕ ਕਰਾਰ ਦੇਣ ਦੇ ਬਾਵਜੂਦ ਟਰੰਪ ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਨਾਲ ਦੋ-ਪੱਖੀ ਮੁਲਾਕਾਤ ਲਈ ਤਿਆਰ ਹੋ ਗਏ ਹਨ। ਨਾਟੋ ਸੰਮੇਲਨ ਦੀ ਅਗਵਾਈ ਵਾਲੇ 29 ਦੇਸ਼ਾਂ ਦਾ ਫੌਜੀ ਗਠਜੋੜ ਹੈ। ਮਰਕੇਲ ਨਾਲ ਆਹਮਣੇ-ਸਾਹਮਣੇ ਦੀ ਮੁਲਾਕਾਤ ਤੋਂ ਬਾਅਦ ਟਰੰਪ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨਾਲ ਵੀ ਮੁਲਾਕਾਤ ਕਰਨਗੇ। ਟਰੰਪ 2 ਦਿਨ ਦੇ ਨਾਟੋ ਸੰਮੇਲਨ ‘ਚ ਹਿੱਸਾ ਲੈਣ ਲਈ ਬੈਲਜ਼ੀਅਮ ਦੀ ਰਾਜਧਾਨੀ ਬ੍ਰਸੈਲਸ ਪਹੁੰਚੇ ਹਨ। ਜਾਣਕਾਰੀ ਮੁਤਾਬਕ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਮੁਲਾਕਾਤ ਕਰਨ ਦੀ ਇੱਛਾ ਜਤਾਈ ਹੈ। ਇਸ ਮੁਲਾਕਾਤ ‘ਚ ਉਹ ਟਰੂਡੋ ਨਾਲ ਨਾਫਟਾ ਅਤੇ ਮੈਕਸੀਕੋ ਦੇ ਨਵੇਂ ਬਣੇ ਰਾਸ਼ਟਰਪਤੀ ਨਾਲ ਮਜ਼ਬੂਤ ਸੰਬੰਧ ਬਣਾਉਣ ‘ਤੇ ਗੱਲਬਾਤ ਕਰਨਗੇ। ਨਾਟੋ ਦੇ ਜਨਰਲ ਸਕੱਤਰ ਜੇਂਸ ਸਟਾਟੇਨਬਰਗ ਨਾਲ ਨਾਸ਼ਤੇ ਤੋਂ ਬਾਅਦ ਟਰੰਪ ਨੇ ਜਰਮਨੀ ‘ਤੇ ਜਵਾਬੀ ਹਮਲਾ ਕੀਤਾ। ਉਨ੍ਹਾਂ ਕਿਹਾ, ‘ਉਹ ਊਰਜਾ ਲਈ ਰੂਸ ‘ਤੇ ਇਸ ਤਰ੍ਹਾਂ ਨਾਲ ਭਰੋਸੇਮੰਦ ਹੈ ਕਿ ਉਸ ਦਾ ਕੈਦੀ ਬਣ ਗਿਆ ਹੈ। ਉਨ੍ਹਾਂ ਦਾ ਨਿਸ਼ਾਨਾ ਰੂਸ-ਜਰਮਨੀ ਦੀ ਗੈਸ ਪਾਇਪਲਾਈਨ ‘ਤੇ ਸੀ।’
ਉਨ੍ਹਾਂ ਨੇ ਜਰਮਨੀ ਤੋਂ ਆਪਣਾ ਰੱਖਿਆ ਬਜਟ ਤੁਰੰਤ ਵਧਾਉਣ ਦੀ ਮੰਗ ਕੀਤੀ ਜਿਸ ‘ਚ ਨਾਟੋ ‘ਤੇ ਖਰਚ ਦੇ ਮਾਮਲੇ ‘ਚ ਅਮਰੀਕਾ ਨੂੰ ਰਾਹਤ ਮਿਲ ਸਕੇ। ਟਰੰਪ ਨੂੰ ਆਪਣੇ ਸਹਿਯੋਗੀ ਯੂਰਪੀ ਦੇਸ਼ਾਂ ਤੋਂ ਇਹ ਪਰੇਸ਼ਾਨੀ ਰਹੀ ਹੈ ਕਿ ਉਹ ਨਾਟੋ ਦੇ ਜ਼ਰੀਏ ਸੁਰੱਖਿਆ ਦੇ ਗਠਜੋੜ ‘ਤੇ ਕੁਝ ਜ਼ਿਆਦਾ ਖਰਚ ਨਹੀਂ ਕਰਦੇ, ਜਿਸ ਕਰਕੇ ਇਸ ਦਾ ਸਾਰਾ ਖਰਚ ਅਮਰੀਕਾ ਨੂੰ ਚੁੱਕਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਜਰਮਨੀ ਸੁਰੱਖਿਆ ਗਠਜੋੜ ‘ਤੇ ਜੀ. ਡੀ. ਪੀ. ਦਾ 1.24 ਫੀਸਦੀ ਖਰਚਾ ਕਰਦਾ ਹੈ ਜਦਕਿ 2014 ‘ਚ ਫੈਸਲਾ ਜੀ. ਡੀ. ਪੀ. ਦਾ 2 ਫੀਸਦੀ ਖਰਚ ਕਰਨ ‘ਤੇ ਹੋਇਆ ਸੀ। ਅਮਰੀਕਾ ਆਪਣੇ ਜੀ. ਡੀ. ਪੀ. ਦਾ 3.5 ਫੀਸਦੀ ਸੁਰੱਖਿਆ ‘ਤੇ ਖਰਚ ਕਰਦਾ ਹੈ। ਜਵਾਬ ‘ਚ ਮਰਕੇਲ ਨੇ ਕਿਹਾ ਹੈ ਕਿ ਉਹ ਰੂਸ ਦੇ ਪ੍ਰਭਾਵ ‘ਚ ਕੰਮ ਨਹੀਂ ਕਰਦੀ। ਜਰਮਨੀ ਆਜ਼ਾਦ ਰਾਸ਼ਟਰ ਹੈ ਅਤੇ ਉਹ ਆਪਣੇ ਹਿੱਤਾਂ ਮੁਤਾਬਕ ਹੀ ਨੀਤੀਆਂ ਬਣਾਉਂਦਾ ਹੈ।

LEAVE A REPLY

Please enter your comment!
Please enter your name here